Thursday, May 09, 2024  

ਕੌਮੀ

ਦੂਜੇ ਗੇੜ ’ਚ 88 ਸੀਟਾਂ ’ਤੇ 61 ਫੀਸਦੀ ਵੋਟਾਂ ਪਈਆਂ

April 26, 2024

ਰਾਹੁਲ, ਹੇਮਾ ਸਣੇ 1206 ਉਮੀਦਵਾਰਾਂ ਦੀ ਕਿਸਮਤ ਈਵੀਐਮ ’ਚ ਬੰਦ

ਏਜੰਸੀਆਂ
ਨਵੀਂ ਦਿੱਲੀ/ 26 ਅਪ੍ਰੈਲ : 18ਵੀਂ ਲੋਕ ਸਭਾ ਦੀਆਂ ਚੋਣਾਂ ਦੇ ਦੂਜੇ ਪੜਾਅ ’ਚ ਸ਼ੁੱਕਰਵਾਰ ਨੂੰ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ’ਤੇ ਵੋਟਿੰਗ ਹੋਈ। ਖ਼ਬਰ ਲਿਖੇ ਜਾਣ ਤੱਕ ਮਿਲੀ ਜਾਣਕਾਰੀ ਅਨੁਸਾਰ 61ਫੀਸਦੀ ਵੋਟਾਂ ਪਈਆਂ। ਖ਼ਬਰ ਲਿਖੇ ਜਾਣ ਤੱਕ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਪ੍ਰਾਪਤ ਹੋਈ। ਸਭ ਤੋਂ ਵੱਧ ਮਤਦਾਨ ਤ੍ਰਿਪੁਰਾ ’ਚ 78.53% ਰਿਹਾ ਤੇ ਸਭ ਤੋਂ ਘੱਟ ਮਤਦਾਨ ਮਹਾਰਾਸ਼ਟਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 53% ਰਿਹਾ।
2019 ਦੀਆਂ ਆਮ ਚੋਣਾਂ ’ਚ ਇਨ੍ਹਾਂ ਸੀਟਾਂ ’ਤੇ 70.05 ਫੀਸਦੀ ਵੋਟਿੰਗ ਹੋਈ ਸੀ। ਵੋਟਿੰਗ ਦੌਰਾਨ ਮਨੀਪੁਰ ਦੇ ਉਖਰੁਲ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਕੁਝ ਸ਼ੱਕੀ ਵਿਅਕਤੀ ਇੱਕ ਬੂਥ ’ਚ ਦਾਖ਼ਲ ਹੋਏ ਸਨ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਲੋਕਤੰਤਰ ਨੂੰ ਹਾਈਜੈਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ ’ਚ ਇੱਕ ਪੁਲਿਸ ਮੁਲਾਜ਼ਮ ਨੇ ਬੂਥ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਲਈ। ਉਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰੀ ਬਲਾਂ ਨੇ ਬੰਗਾਲ ਦੀਆਂ ਦੋ ਲੋਕ ਸਭਾ ਸੀਟਾਂ ਬਲੂਰਘਾਟ ਅਤੇ ਰਾਏਗੰਜ ’ਚ ਔਰਤਾਂ ਨੂੰ ਵੋਟ ਪਾਉਣ ਤੋਂ ਰੋਕਿਆ। ਬਲੂਰਘਾਟ ’ਚ ਬੰਗਾਲ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਅਤੇ ਤ੍ਰਿਣਮੂਲ ਵਰਕਰਾਂ ਵਿਚਾਲੇ ਝੜਪ ਵੀ ਹੋਈ।
ਦੂਜੇ ਪੜਾਅ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, 5 ਕੇਂਦਰੀ ਮੰਤਰੀ, 2 ਸਾਬਕਾ ਮੁੱਖ ਮੰਤਰੀ ਅਤੇ 3 ਫਿਲਮੀ ਸਿਤਾਰੇ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਰਾਹੁਲ ਗਾਂਧੀ, ਸ਼ਸ਼ੀ ਥਰੂਰ ਅਤੇ ਹੇਮਾ ਮਾਲਿਨੀ ਦੀਆਂ ਸੀਟਾਂ ’ਤੇ ਵੀ ਵੋਟਿੰਗ ਹੋਈ। ਬਾਹਰੀ ਮਣੀਪੁਰ ਦੇ ਕੁਝ ਹਿੱਸਿਆਂ ਵਿੱਚ ਮੁੜ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਸ ਸੀਟ ਲਈ ਦੋ ਪੜਾਵਾਂ ਵਿੱਚ ਚੋਣਾਂ ਦਾ ਐਲਾਨ ਕੀਤਾ ਸੀ।
2019 ਵਿੱਚ, ਭਾਜਪਾ ਨੇ ਦੂਜੇ ਪੜਾਅ ਵਿੱਚ ਸਭ ਤੋਂ ਵੱਧ 50 ਸੀਟਾਂ ਜਿੱਤੀਆਂ ਅਤੇ ਐਨਡੀਏ ਸਹਿਯੋਗੀਆਂ ਨੇ 8 ਸੀਟਾਂ ਜਿੱਤੀਆਂ। ਕਾਂਗਰਸ ਨੇ 21 ਸੀਟਾਂ ਜਿੱਤੀਆਂ ਸਨ। ਬਾਕੀਆਂ ਨੂੰ 9 ਸੀਟਾਂ ਮਿਲੀਆਂ ਸਨ।
ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ’ਚ 1,202 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਵਿੱਚੋਂ 1,098 ਪੁਰਸ਼ ਅਤੇ 102 ਮਹਿਲਾ ਉਮੀਦਵਾਰ ਹਨ। ਦੋ ਉਮੀਦਵਾਰ ਤੀਜੇ ਲਿੰਗ ਦੇ ਹਨ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਪਹਿਲੇ ਪੜਾਅ ’ਚ 102 ਸੀਟਾਂ ’ਤੇ ਵੋਟਿੰਗ ਹੋਈ ਸੀ। ਦੱਸਣਾ ਬਣਦਾ ਹੈ ਕਿ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 7 ਗੇੜਾਂ ’ਚ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਹੈ। ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।
ਸ਼ਾਮ 5 ਵਜੇ ਤੱਕ ਅਸਾਮ ’ਚ 70.66, ਬਿਹਾਰ ’ਚ 53.3, ਛੱਤੀਸਗੜ੍ਹ ’ਚ 72.13, ਜੰਮੂ ਕਸ਼ਮੀਰ ’ਚ 67.22, ਕਰਨਾਟਕ ’ਚ 63.90, ਕੇਰਲ ’ਚ 63.97, ਮੱਧ ਪ੍ਰਦੇਸ਼ ’ਚ 54.42, ਮਹਾਰਾਸ਼ਟਰ ’ਚ 53.51, ਮਣੀਪੁਰ ’ਚ 76.06, ਰਾਜਸਥਾਨ ’ਚ 59.19, ਤ੍ਰਿਪੂਰਾ ’ਚ 76.23, ਉੱਤਰ ਪ੍ਰਦੇਸ਼ ’ਚ 53.64 ਅਤੇ ਪੱਛਮੀ ਬੰਗਾਲ ’ਚ 71.84 ਫੀਸਦੀ ਵੋਟਾਂ ਪਈਆਂ।
ਦੂਜੇ ਗੇੜ ’ਚ ਕੇਰਲ ਦੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ’ਚ 28 ’ਚੋਂ 14, ਰਾਜਸਥਾਨ ਦੀਆਂ 13 ਸੀਟਾਂ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੀਆਂ 8-8 ਸੀਟਾਂ, ਮੱਧ ਪ੍ਰਦੇਸ਼ ਦੀਆਂ 6 ਸੀਟਾਂ, ਆਸਾਮ ਤੇ ਬਿਹਾਰ ਦੀਆਂ 5-5 ਸੀਟਾਂ, ਛੱਤੀਗੜ੍ਹ, ਪੱਛਮੀ ਬੰਗਾਲ ਅਤੇ ਮਨੀਪੁਰ ਦੀਆਂ 3-3 ਸੀਟਾਂ, ਤ੍ਰਿਪੁਰਾ ਤੇ ਜੰਮੂ ਕਸ਼ਮੀਰ ’ਚ 1-1 ਸੀਟ ’ਤੇ ਵੋਟਾਂ ਪਈਆਂ।
ਦੱਸਣਾ ਬਣਦਾ ਹੈ ਕਿ ਦੂਜੇ ਗੇੜ ’ਚ 89 ਸੀਟਾਂ ’ਤੇ ਵੋਟਾਂ ਪੈਣੀਆ ਸਨ, ਪਰ ਮੱਧ ਪ੍ਰਦੇਸ਼ ਦੀ ਬੈਤੂਲ ਸੀਟ ’ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੀ ਮੌਤ ਹੋ ਜਾਣ ਕਾਰਨ ਇਥੇ ਤੀਜੇ ਗੇੜ ’ਚ ਵੋਟਾਂ ਪੈਣਗੀਆਂ। ਇਸ ਤਰ੍ਹਾਂ 88 ਸੀਟਾਂ ’ਤੇ ਵੋਟਾਂ ਪਈਆਂ
ਚੋਣ ਕਮਿਸ਼ਨ ਅਨੁਸਾਰ ਦੂਜੇ ਗੇੜ ਦੀਆਂ ਵੋਟਾਂ ਦੌਰਾਨ 1.67 ਲੱਖ ਮਤਦਾਨ ਕੇਂਦਰਾਂ ’ਤੇ 16 ਲੱਖ ਤੋਂ ਵੱਧ ਚੋਣ ਅਧਿਕਾਰੀ ਤਾਇਨਾਤ ਕੀਤੇ ਗਏ। ਦੂਜੇ ਗੇੜ ’ਚ 15.88 ਕਰੋੜ ਤੋਂ ਜ਼ਿਆਦਾ ਵੋਟਰ ਹਨ, ਜਿਨ੍ਹਾਂ ’ਚ 8.8 ਕਰੋੜ ਪੁਰਸ਼, 7.8 ਕਰੋੜ ਔਰਤਾਂ ਤੇ 5929 ਤੀਜੇ Çਲੰਗ ਦੇ ਵੋਟਰ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ