Friday, May 10, 2024  

ਕੌਮੀ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

April 27, 2024

ਏਜੰਸੀਆਂ
ਨਵੀਂ ਦਿੱਲੀ/ 27 ਅਪ੍ਰੈਲ : ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਵਕਫ਼ ਬੋਰਡ ਮਨੀ ਲਾਂਡਰਿੰਗ ਮਾਮਲੇ ’ਚ ਸ਼ਨੀਵਾਰ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ 15,000 ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਾ ਹੋਣ ’ਤੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਿਲਸਿਲੇ ’ਚ ਰਾਉਜ ਐਵੇਨਿਊ ਅਦਾਲਤ ਵੱਲੋਂ ਜਾਰੀ ਸੰਮਨ ’ਤੇ ਉਨ੍ਹਾਂ ਦੀ ਪੇਸ਼ੀ ਹੋਈ। ਈਡੀ ਨੇ ਹਾਲ ਹੀ ਵਿੱਚ ਦਿੱਲੀ ਵਕਫ਼ ਬੋਰਡ ਵਿੱਚ ਨਿਯੁਕਤੀਆਂ ਵਿੱਚ ਕਥਿਤ ਬੇਨਿਯਮੀਆਂ ਅਤੇ ਇਸ ਦੀਆਂ ਜਾਇਦਾਦਾਂ ਨੂੰ ਲੀਜ਼ ’ਤੇ ਦੇਣ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਪੇਸ਼ ਨਾ ਹੋਣ ਅਤੇ ਜਾਂਚ ਵਿੱਚ ਸ਼ਾਮਲ ਨਾ ਹੋਣ ਲਈ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਈਡੀ ਨੇ ਇਸ ਮਾਮਲੇ ’ਚ ਪੁੱਛਗਿੱਛ ਲਈ ਅਮਾਨਤੁੱਲਾ ਖਾਨ ਨੂੰ 6 ਸੰਮਨ ਭੇਜੇ ਸਨ, ਪਰ ਸੰਮਨ ਮਿਲਣ ਤੋਂ ਬਾਅਦ ਵੀ ਉਹ ਪੇਸ਼ ਨਹੀਂ ਹੋਏ ਸੀ। ਉਸ ਨੇ ਸੁਪਰੀਮ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ 15 ਅਪ੍ਰੈਲ ਦੇ ਆਪਣੇ ਆਦੇਸ਼ ਵਿੱਚ ਖਾਨ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਵਿਧਾਇਕ ਵੱਲੋਂ ਈਡੀ ਦੇ ਸੰਮਨਾਂ ਵਿੱਚ ਹਾਜ਼ਰ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਓਖਲਾ ਦੇ ਵਿਧਾਇਕ ਅਮਾਨਤੁੱਲਾ ਖਾਨ ਏਜੰਸੀ ਦੇ ਸਾਹਮਣੇ ਪੇਸ਼ ਹੋਏ ਸਨ।
ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 18 ਅਪ੍ਰੈਲ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਨਿਰਦੇਸ਼ ਦਿੱਤਾ ਸੀ। 18 ਅਪ੍ਰੈਲ ਨੂੰ ਅਮਾਨਤੁੱਲਾ ਖਾਨ ਈਡੀ ਦੇ ਸਾਹਮਣੇ ਪੇਸ਼ ਹੋਏ, ਜਿੱਥੇ ਉਨ੍ਹਾਂ ਤੋਂ 13 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।
ਦੱਸਣਾ ਬਣਦਾ ਹੈ ਕਿ ਈਡੀ ਨੇ ਦਾਅਵਾ ਕੀਤਾ ਹੈ ਕਿ ਖਾਨ ਨੇ ਦਿੱਲੀ ਵਕਫ਼ ਬੋਰਡ ’ਚ ਗੈਰ-ਕਾਨੂੰਨੀ ਤੌਰ ’ਤੇ ਕਰਮਚਾਰੀਆਂ ਦੀ ਭਰਤੀ ਕਰਕੇ ਵੱਡੀ ਰਕਮ ਨਕਦੀ ’ਚ ਕਮਾਏ ਅਤੇ ਉਸ ਰਕਮ ਨੂੰ ਆਪਣੇ ਸਾਥੀਆਂ ਦੇ ਨਾਂ ’ਤੇ ਅਚੱਲ ਜਾਇਦਾਦ ਖਰੀਦਣ ਲਈ ਨਿਵੇਸ਼ ਕੀਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ