Friday, May 17, 2024  

ਲੇਖ

ਡਰੀ ਹੋਈ ਭਾਜਪਾ, ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਤੇ ਕਠਪੁਤਲੀ ਚੋਣ ਕਮਿਸ਼ਨ

April 29, 2024

ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ 2024 ਦੀਆਂ ਲੋਕ ਸਭਾ ਚੋਣਾਂ ਦੇ ਸੰਧਰਭ ਵਿੱਚ ਘਬਰਾਏ ਹੋਏ ਅਤੇ ਡਰੇ ਹੋਏ ਹੋਣ ਦਾ ਵਰਨਣ ਤਾਂ ਅਸੀਂ ਉਸੇ ਦਿਨ ਤੋਂ ਕਰਦੇ ਆ ਰਹੇ ਹਾਂ ਜਿਸ ਦਿਨ ਤੋਂ ਬੀ.ਜੇ.ਪੀ. ਵਿਰੋਧੀ ਕੌਮੀ ਅਤੇ ਸੂਬਾਈ ਪਾਰਟੀਆਂ ਨੇ ‘‘ਇੰਡੀਆ’’ ਦੇ ਬੈਨਰ ਹੇਠ ਚੋਣ ਗਠਜੋੜ ਕਾਇਮ ਕਰ ਲਿਆ ਸੀ। ਪਰ 19 ਅਪਰੈਲ ਵਾਲੇ ਦਿਨ ਇਨ੍ਹਾਂ ਚੋਣਾਂ ਦੇ ਪਹਿਲੇ ਪੜਾਅ ਦੀਆਂ 102 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਵਿੱਚੋਂ ਪ੍ਰਗਟ ਹੋਏ ਹਾਲਾਤ ਨੇ ਤਾਂ ਬੀ.ਜੇ.ਪੀ. ਅਤੇ ਪ੍ਰਧਾਨ ਮੰਤਰੀ ਨੂੰ ਇਤਨਾ ਡਰਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਇਕ ਭਿਆਨਕ ਕਿਸਮ ਦੀ ਬੁਖਲਾਹਟ ਵਿੱਚ ਆ ਗਏ ਹਨ। ਹੋਇਆ ਇਹ ਕਿ ਪਹਿਲੇ ਪੜਾਅ ਦੌਰਾਨ ਵੋਟਾਂ ਪਾਉਣ ਵਾਲੇ ਵੋਟਰਾਂ ਦੀ ਗਿਣਤੀ 2019 ਦੇ ਮੁਕਾਬਲਤਨ ਲੱਗ ਪੱਗ ਸੱਤ ਫੀਸਦੀ ਤੱਕ ਘਟ ਗਈ। ਸਿਆਸੀ ਵਿਸਲੇਸ਼ਕਾਂ ਅਨੁਸਾਰ ਇਸ ਦਾ ਇੱਕ ਵੱਡਾ ਕਾਰਨ ਤਾਂ ਇਹ ਬਣਿਆ ਕਿ ਮੋਦੀ ਦਾ ਕਰੇਜ਼ ਅਤੇ ਬੀ.ਜੇ.ਪੀ. ਦਾ ਗਰਾਫ ਦੇਸ਼ ਦੇ ਲੋਕਾਂ ਵਿੱਚ ਬਹੁਤ ਹੇਠਾਂ ਡਿਗ ਗਿਆ ਹੈ। ਦੂਜਾ ਵੱਡਾ ਕਾਰਨ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਇਹ ਹੈ ਕਿ ਬੀ.ਜੇ.ਪੀ. ਦੀ ਮਾਂ ਜਥੇਬੰਦੀ ਰਾਸ਼ਟਰੀਆ ਸਵੈਮਸੇਵਕ ਸੰਘ (ਆਰ.ਐਸ.ਐਸ.) ਪਿਛਲੇ ਲੰਬੇ ਸਮੇਂ ਤੋਂ ਬੀ.ਜੇ.ਪੀ. ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਖਾਸਾ ਨਾਰਾਜ਼ ਚਲ ਰਿਹਾ ਹੈ। ਰਾਮ ਮੰਦਰ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਆਰ.ਐਸ.ਐਸ. ਅਤੇ ਇਸ ਦੇ ਵੱਖ ਵੱਖ ਸੰਗਠਨਾਂ ਨੂੰ ਪਿਛੇ ਧੱਕ ਕੇ ਨਰਿੰਦਰ ਮੋਦੀ ਨੂੰ ਹਰ ਪੱਖ ਤੋਂ ਸਰਵੇ ਸਰਵਾ ਦੇ ਤੌਰ ’ਤੇ ਪੇਸ਼ ਕਰਨਾ, ਮੋਦੀ-ਅਮਿਤਸ਼ਾਹ ਜੋੜੀ ਵੱਲੋਂ ਸੰਘ ਦੇ ਪੁਰਾਣੇ ਸਵੈਮਸੇਵਕਾਂ ਖਾਸ ਕਰਕੇ ਆਪਣੇ ਹੱਥ ਠੋਕੇ ਨਵੇਂ ਆਗੂਆਂ ਨੂੰ ਮੁੱਖ ਮੰਤਰੀ ਅਤੇ ਮੰਤਰੀ ਦੇ ਅਹੁਦਿਆਂ ਨਾਲ ਨਿਵਾਜਣਾ ਅਤੇ ਸਭ ਤੋਂ ਵੱਧ ਵਰਤਮਾਨ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਸਮੇਂ ਸਵਾ ਸੌ ਤੋਂ ਵੱਧ ਪੁਰਾਣੇ ਸਵੈਮਸੇਵਕਾਂ ਦੀਆਂ ਟਿਕਟਾਂ ਕੱਟ ਕੇ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਚੋਂ ਦਲ ਬਦਲੀਆਂ ਕਰਵਾ ਕੇ ਲਿਆਂਦੇ ਵਿਅਕਤੀਆਂ ਨੂੰ ਉਮੀਦਵਾਰ ਬਣਾ ਦੇਣਾ ਅਤੇ ਅਜਿਹੇ ਹੀ ਹੋਰ ਅਨੇਕ ਕਾਰਨਾਂ ਕਰਕੇ ਸੰਘ ਦੇ ਸਵੈਮਸੇਵਕ ਬੀ.ਜੇ.ਪੀ. ਦੀ ਚੋਣ ਮੁਹਿੰਮ ਵਿੱਚ ਸ਼ਾਮਲ ਅਤੇ ਸਰਗਰਮ ਹੀ ਨਾ ਹੋਏ । ਅਤੇ ਇਹ ਵੀ ਸਪਸ਼ਟ ਹੈ ਕਿ ਅਜਿਹਾ ਇਸ ਸੰਗਠਨ ਦੇ ਉਪਰੋਂ ਆਏ ਆਦੇਸ਼ਾਂ ਅਨੁਸਾਰ ਹੀ ਹੋਇਆ ਹੈ।
ਉਪਰਕੋਤ ਪ੍ਰਸਥਿਤੀਆਂ ਕਾਰਨ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਚੋਣਾਂ ਵਿੱਚ ਆਪਣੀ ਹਾਰ ਹੁੰਦੀ ਸਪਸ਼ਟ ਨਜ਼ਰ ਆਉਣ ਲੱਗ ਪਈ ਜਿਸ ਕਾਰਨ ਉਹ ਭੜਕ ਕੇ ਇਤਨੀ ਬੁਖਲਾਹਟ ਵਿੱਚ ਆ ਗਏ ਕਿ ਉਨ੍ਹਾਂ ਨੇ ਆਪਣੀਆਂ ਸਾਰੀਆਂ ਸੀਮਾਵਾਂ, ਮਰਿਆਦਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਦੇਸ਼ ਵਿੱਚ ਫਿਰਕੂ ਦੰਗੇੇ ਭੜਕਾਉਣ ਵਾਲੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਮੁਸਲਿਮ ਲੀਗ ਦੇ ਮੈਨੀਫੈਸਟੋ ਵਰਗਾ ਤਾਂ ਉਹ ਪਹਿਲਾਂ ਹੀ ਕਰਾਰ ਦੇ ਚੁੱਕੇ ਹਨ। ਆਪਣੇ ਭਾਸ਼ਣਾਂ ਵਿੱਚ ਮੋਦੀ ਇਹ ਝੂਠਾ ਪ੍ਰਚਾਰ ਕਰ ਰਹੇ ਸਨ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਲਿਖਿਆ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਲੋਕਾਂ ਦੀਆਂ ਵਾਧੂ ਜਾਇਦਾਦਾਂ ਨੂੰ ਘੁਸਪੈਠੀਆਂ ਅਰਥਾਤ ਮੁਸਲਮਾਨਾਂ ਨੂੰ ਵੰਡ ਦਿੱਤਾ ਜਾਏਗਾ। 21 ਅਪਰੈਲ ਐਤਵਾਰ ਵਾਲੇ ਦਿਨ ਰਾਜਸਥਾਨ ਦੇ ਬਾਂਸਵਾੜਾ ਤੋਂ ਸ਼ੁਰੂ ਹੋ ਕੇ ਸੋਮਵਾਰ ਨੂੰ ਯੂ.ਪੀ. ਦੇ ਅਲੀਗੜ੍ਹ, ਮੰਗਲਵਾਰ ਨੂੰ ਰਾਜਸਥਾਨ ਦੇ ਟੌਂਕ ਵਿੱਚ ਅਤੇ ਉਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਇੱਕੋ ਹੀ ਭਾਸ਼ਨ ਦੇਈ ਜਾ ਰਹੇ ਹਨ ਅਤੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇਕਰ ਕਾਂਗਰਸ ਅਤੇ ‘‘ਇੰਡੀਆ’’ ਗਠਜੋੜ ਵਾਲਿਆਂ ਦੀ ਸਰਕਾਰ ਬਣ ਗਈ ਤਾਂ ਇਹ ਤੁਹਾਡੀਆਂ ਜ਼ਮੀਨਾਂ, ਜਾਇਦਾਦਾਂ, ਘਰ, ਧਨ ਦੌਲਤ, ਸੋਨਾ ਆਦਿ ਸਭ ਕੁੱਝ ਖੋਹ ਲੈਣਗੇ ਅਤੇ ਇਹ ਸਭ ਕੁੱਝ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ, ਘੁਸਪੈਠੀਆਂ ਅਤੇ ਮੁਸਲਮਾਨਾਂ ਵਿੱਚ ਵੰਡ ਦੇਣਗੇ। ਹਿੰਦੂ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਡਰਾਉਣ ਅਤੇ ਜਜ਼ਬਾਤੀ ਤੌਰ ’ਤੇ ਭੜਕਾਉਣ ਲਈ ਮੋਦੀ ਜੀ ਕਹਿ ਰਹੇ ਹਨ ਕਿ ਬੀਬੀਓ, ਭੈਣੋ ! ਇਨ੍ਹਾਂ ਕਾਂਗਰਸੀਆਂ ਅਤੇ ‘‘ਇੰਡੀਆ’’ ਗਠਜੋੜ ਵਾਲਿਆਂ ਦੀ ਨਜ਼ਰ ਤੁਹਾਡੇ ਮੰਗਲ ਸੂਤਰਾਂ ’ਤੇ ਵੀ ਹੈ ਅਤੇ ਜੇਕਰ ਇਨ੍ਹਾਂ ਦੀ ਸਰਕਾਰ ਬਣ ਗਈ ਤਾਂ ਇਨ੍ਹਾਂ ਨੇ ਤੁਹਾਡੇ ਮੰਗਲ ਸੂਤਰ ਵੀ ਖੋਹ ਲੈਣੇ ਹਨ ਅਤੇ ਮੁਸਲਮਾਨਾਂ ਨੂੰ ਦੇ ਦੇਣੇੇ ਹਨ। ਇਹ ਤੁਹਾਡੀਆਂ ਅਲਮਾਰੀਆਂ, ਪੇਟੀਆਂ ਆਦਿ ਸਭ ਕੁੱਝ ਫਰੋਲਣਗੇ ਅਤੇ ਤੁਹਾਡੇ ਗਹਿਣੇ ਪੈਸੇ ਆਦਿ ਸਭ ਕੁੱਝ ਲੈ ਜਾਣਗੇ।
ਅਗਲੇ ਦਿਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਕਹਿਕੇ ਵੀ ਡਰਾਉਣਾ ਸ਼ੁਰੂ ਕਰ ਲਿਆ ਕਿ ਇੰਡੀਆ ਗਠਜੋੜ ਵਾਲੇ ਤੁਹਾਡਾ ਰਾਖਵਾਂਕਰਨ (ਰੀਜ਼ਰਵੇਸ਼ਨ) ਵੀ ਖੋਹ ਲੈਣਗੇ ਅਤੇ ਇਹ ਵੀ ਮੁਸਲਮਾਨਾਂ ਨੂੰ ਦੇ ਦੇਣਗੇ। ਮੋਦੀ ਦੇ ਅਜਿਹੇ ਭੜਕਾਊ ਅਤੇ ਅੱਗ ਲਾਊ ਭਾਸ਼ਣਾਂ ਦੀ ਰੀਸੇ ਅਮਿਤਸ਼ਾਹ, ਨੱਢਾ ਅਤੇ ਹੋਰ ਸਾਰੇ ਵੱਡੇ ਛੋਟੇ ਬੀ.ਜੇ.ਪੀ. ਆਗੂ ਮੋਦੀ ਨਾਲੋਂ ਵੀ ਵਧ ਖਤਰਨਾਕ ਬਿਆਨਬਾਜੀ ਦੇ ਰਾਹ ’ਤੇ ਤੁਰ ਪਏ। ਅਮਿਤਸ਼ਾਹ ਤਾਂ ਇਥੋਂ ਤੱਕ ਪੁੱਜ ਗਿਆ ਕਿ ਹਿੰਦੂ ਮੰਦਰਾਂ ਵਿੱਚ ਕਈ ਅਰਬਾਂ ਖਰਬਾਂ ਦੀ ਦੌਲਤ ਵੀ ਇਨ੍ਹਾਂ ਤੋਂ ਸੁਰੱਖਿਅਤ ਨਹੀਂ ਹੈ। ਇਨ੍ਹਾਂ ਸਾਰੀਆਂ ਬੇ ਸਿਰਪੈਰ ਬਿਆਨਬਾਜੀਆਂ ਦਾ ਉਦੇਸ਼ ਇਹ ਹੈ ਕਿ ਹਿੰਦੂ ਵਿਚਾਰਧਾਰਾ ਵਾਲੀ ਵਸੋਂ ਵਿੱਚ ਮੁਸਲਮਾਨ ਵਸੋਂ ਪ੍ਰਤੀ ਗੁੱਸਾ ਅਤੇ ਨਫਰਤ ਹੋਰ ਵੀ ਤਿੱਖੀ ਹੋ ਜਾਵੇ, ਭਾਵੇਂ ਫਿਰਕੂ ਫਸਾਦ ਵੀ ਹੋ ਜਾਣ ਪਰ ਅਜਿਹੀਆਂ ਪ੍ਰਸਥਿਤੀਆਂ ਵਿੱਚ ਭੜਕਾਹਟ ਵਿੱਚ ਆ ਕੇ ਹਿੰਦੂ ਬੀ.ਜੇ.ਪੀ. ਨੂੰ ਵੋਟਾਂ ਵਧ ਚੜ੍ਹ ਕੇ ਪਾ ਦੇਣਗੇ। ਕਿਤਨੇ ਡਰਾਉਣ ਵਾਲੇ ਅਤੇ ਖਤਰਨਾਕ ਇਰਾਦੇ ਹਨ ਇਸ ਪ੍ਰਧਾਨ ਮੰਤਰੀ ਦੇ ! ਸਿਰਫ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਹੀ ਇੱਕ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ਦੀ 20 ਕਰੋੜ ਵਸੋਂ ਦੇ ਖਿਲਾਫ ਦੇਸ਼ ਦੀ ਸਾਰੀ ਵਸੋਂ ਨੂੰ ਝੂਠ ਬੋਲਕੇ ਗਲ ਪੈਣ ਲਈ ਉਕਸਾ ਰਿਹਾ ਹੈ। ਇਸ ਨਾਲੋਂ ਮਾੜੀ, ਘਟੀਆ ਅਤੇ ਕਮੀਨੀ ਗੱਲ ਹੋਰ ਕੀ ਹੋ ਸਕਦੀ ਹੈ। ਲਗਦਾ ਹੈ ਕਿ ਮੋਦੀ ਨੇ ਆਪਣੇ ਲੰਗੋਟੀਏ ਯਾਰ ਡੋਨਾਲਡ ਟਰੰਪ ਦਾ ‘‘ਜੂਠਾ ਖਾ ਲਿਆ ਹੈ’’ ਜਿਸ ਨੇ 17 ਮਾਰਚ 2024 ਵਾਲੇ ਦਿਨ ਅਮਰੀਕਾ ਦੀ ਰਾਸ਼ਟਰਪਤੀ ਚੋਣ ਦੇ ਸਬੰਧ ਵਿੱਚ ਕਿਹਾ ਹੈ ਕਿ ‘‘ਜੇਕਰ ਮੈਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਨਾਂ ਜਿੱਤਿਆ ਤਾਂ ਅਮਰੀਕਾ ਵਿੱਚ ਲੋਕਤੰਤਰ ਖਤਮ ਹੋ ਜਾਵੇਗਾ ਅਤੇ ਦੇਸ਼ ਵਿੱਚ ਖੂਨ ਖਰਾਬਾ ਹੋਵੇਗਾ।’’ ਮੋਦੀ ਦਾ ਇਕ ਸਿਪਾਹ ਸਲਾਰ ਗਿਰੀਰਾਜ ਸਿੰਘ 23 ਅਪਰੈਲ ਨੂੰ ਬਿਆਨ ਦਿੰਦਾ ਹੈ ਕਿ ‘‘ਮੈਂ ਪਾਕਿਸਤਾਨ ਦੇ ਹਿਮਾਇਤੀ ਕੌਮ ਵਿਰੋਧੀਆਂ ਤੋਂ ਵੋਟਾਂ ਨਹੀਂ ਮੰਗਾਂਗਾ’’। ਮੋਦੀ ਦਾ ਇਕ ਹੋਰ ਦਲ ਬਦਲੂ ‘‘ਯੋਧਾ’’ ਨਾਰਾਇਣ ਰਾਣੇ ਧਮਕੀ ਦਿੰਦਾ ਹੈ ਕਿ ‘‘ਜਿਹੜਾ ਵਿਅਕਤੀ ਮੋਦੀ ਦੇ ਖਿਲਾਫ ਗਲਤ ਬੋਲੀ ਬੋਲੇਗਾ ਉਸ ਨੂੰ ਘਰ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ’’।
ਉਪਰੋਕਤ ਕਿਸਮ ਦੀ ਫਿਰਕੂ ਧਰੁਵੀਕਰਨ ਕਰਨ ਵਾਲੀ ਅੱਗ ਲਾਊ ਬਿਆਨਬਾਜੀ ਕਰਕੇ ਮੋਦੀ ਅਤੇ ਉਸਦੇ ਚੱਟੇ ਵੱਟੇ ੇ ਆਪਣੇ ਚਿੱਤੋਂ ਤਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਤਾਂ ਪੂਰੇ ਜੋਸ਼ ਉਤਸ਼ਾਹ ਅਤੇ ਹੌਸਲੇ ਵਿੱਚ ਹਾਂ, ਪਰ ਲੋਕਾਂ ਤੇ ਇਹ ਪ੍ਰਭਾਵ ਨਹੀਂ ਪੈ ਰਿਹਾ ਹੈ। ਪਰ ਅੱਜ ਕੱਲ ਬੋਲਦੇ ਹੋਏ ਮੋਦੀ ਦੀ ਸਰੀਰਕ ਭਾਸ਼ਾ (ਬੌਡੀ ਲੈਂਗੁਏਜ਼) ਇਹ ਦਸ ਰਹੀ ਹੈ ਕਿ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਹਤਾਸ਼, ਨਿਰਾਸ਼ ਅਤੇ ਭੈਅਭੀਤ ਹੋ ਚੁੱਕੇ ਹਨ, ਥੱਕੇ ਹੋਏ ਹਨ ਅਤੇ ਇਕ ਹਾਰੇ ਹੋਏ ਵਿਅਕਤੀ ਦੀ ਤਰ੍ਹਾਂ ਵਰਤਾਓ ਕਰ ਰਹੇ ਹਨ।
ਸਾਡੇ ਦੇਸ਼ ਦਾ ਸਮੁੱਚਾ ਗੋਦੀ ਮੀਡੀਆ ਤਾਂ ਮੋਦੀ ਦੇ ਉਪਰੋਕਤ ਨਫਰਤੀ ਅਤੇ ਡਰਾੳਬੁਣ ਧਮਕਾਉਣ ਵਾਲੇ ਭਾਸ਼ਣਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਚਮਕਾ ਰਿਹਾ ਹੈ ਪਰ ਸੰਸਾਰ ਭਰ ਦਾ ਮੀਡੀਆ ਇਨ੍ਹਾਂ ਭਾਸ਼ਣਾਂ ਦੀ ਪੋਲ ਖੋਲ ਰਿਹਾ ਹੈ। ਅੰਤਰਰਾਸ਼ਟਰੀ ਪਧਰ ਦੇ ਪੇਪਰ ਅਤੇ ਚੈਨਲ ਜਿਵੇਂ ਕਿ ‘ਅਲ ਜਜ਼ੀਰਾ’, ‘ਦੀ ਟਾਈਮਜ਼’, ‘ਦੀ ਗਾਰਡੀਅਨ’, ‘ਵਾਲ ਸਟਰੀਟ ਜਰਨਲ’, ‘ਵਾਸ਼ਿੰਗਟਨ ਪੋਸਟ’, ‘ਨਿਊਯਾਰਕ ਟਾਈਮਜ਼’, ‘ਦੀ ਹਿੰਦੂ’, ਅਤੇ ਅਨੇਕਾਂ ਹੋਰ ਅਖਬਾਰਾਂ ਅਤੇ ਚੈਨਲ ਮੋਦੀ ਦੇ ਭਾਸ਼ਣਾਂ ਨੂੰ ਭਾਰਤ ਅੰਦਰ ਫਿਰਕੂ ਭਾਵਨਾਵਾਂ ਭੜਕਾਉਣ ਵਾਲੇ ਕਰਾਰ ਦੇ ਕੇ ਛਾਪ ਰਹੇ ਹਨ।
ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਵੱਖ ਵੱਖ ਸਿਵਲ ਸੰਸਥਾਵਾਂ ਨਾਲ ਜੁੜੇ ਹੋਏ ਹਜ਼ਾਰਾਂ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਕੋਲ ਦਰਜਨਾਂ ਦੀ ਗਿਣਤੀ ਵਿੱਚ ਮੋਦੀ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਫਤਾ ਭਰ ਤਾਂ ਚੋਣ ਕਮਿਸ਼ਨ ਨੇ ਸਾਜ਼ਿਸੀ ਚੁੱਪ ਧਾਰੀ ਰੱਖੀ। ਬਹੁਤ ਜ਼ਿਆਦਾ ਰੌਲਾ ਪੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਖੜਗੇ ਅਤੇ ਬੀ.ਜੇ.ਪੀ. ਪ੍ਰਧਾਨ ਨੱਢਾ ਨੂੰ ਨੋਟਿਸ ਭੇਜ ਕੇ ਜਵਾਬ ਦੇਣ ਲਈ ਕਿਹਾ ਹੈ ਅਤੇ ਗੱਲ ਨੂੰ ਟਾਲ ਦਿੱਤਾ ਹੈ ਅਤੇ ਇਸ ਤਰ੍ਹਾਂ ਸਮਾਂ ਲੰਘ ਜਾਏਗਾ। ਅਜਿਹਾ ਕਰਕੇ ਚੋਣ ਕਮਿਸ਼ਨ ਵੀ ਬਾਕੀ ਸੰਵਿਧਾਨਕ ਸੰਸਥਾਵਾਂ ਵਾਂਗ ਹੀ ਮੋਦੀ ਸਰਕਾਰ ਦੀ ਕੱਠਪੁਤਲੀ ਹੋਣਾ ਸਾਬਤ ਕਰ ਰਿਹਾ ਹੈ। ਅੱਜ ਜਿਸ ਵੇਲੇ ਅਸੀਂ ਇਸ ਲਿਖਤ ਦੀਆਂ ਆਖਰੀ ਲਾਈਨਾਂ ਲਿਖ ਰਹੇ ਹਾਂ ਉਸ ਵੇਲੇ ਵੀ ਪ੍ਰਧਾਨ ਮੰਤਰੀ ਦੀ ਅੱਗ ਲਾਊ ਬਿਆਨਬਾਜ਼ੀ ਜਾਰੀ ਹੈ ਅਤੇ ਹੋਰ ਵੀ ਤਿੱਖੀ ਹੋ ਰਹੀ ਹੈ। ਰੱਬ ਖੈਰ ਕਰੇ!
-ਲਹਿੰਬਰ ਸਿੰਘ ਤੱਗੜ
-ਮੋਬਾ: 94635-42023

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ