Friday, May 17, 2024  

ਲੇਖ

ਕੌਮਾਂਤਰੀ ਮਜ਼ਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ

April 30, 2024

ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜ਼ਦੂਰ ਜਮਾਤ ਵੱਲੋਂ ਮੁੱਖ ਤੌਰ ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ ਤਿੰਨ ਤੇ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖ਼ੂਨੀ ਹੋਲੀ ਵਿਚ ਸੱਤ ਮਜ਼ਦੂਰ ਸ਼ਹੀਦ ਹੋਏ ਅਤੇ ਗਿ੍ਰਫ਼ਤਾਰ ਕੀਤੇ ਗਏ, ਚਾਰ ਮਜਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ ’ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ। ਹੋਰਨਾਂ ਅਨੇਕ ਆਗੂਆਂ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ। ਉਸ ਸਮੇਂ ਮਜ਼ਦੂਰ ਲਹਿਰ ਦੀ ਅਗਵਾਈ ਕਰਨ ਵਾਲੀ ਜਥੇਬੰਦੀ ‘ਅਮਰੀਕੀ ਫੈਡਰੇਸ਼ਨ ਆਫ ਲੇਬਰ’ ਵੱਲੋਂ 1 ਮਈ 1890 ਨੂੰ ਕੌਮਾਂਤਰੀ ਮੁਜਾਹਰੇ ਦੇ ਦਿਨ ਵਜੋਂ ਮਨਾਉਣ ਦੇ ਫੈਸਲੇ ਤੋਂ ਬਾਅਦ ‘ਪਹਿਲੀ ਮਈ ਦਾ ਦਿਹਾੜਾ’ ‘ਕੌਮਾਂਤਰੀ ਮਜ਼ਦੂਰ ਦਿਹਾੜੇ’ ਵਜੋਂ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਤੇ ਦੱਬੇ-ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ।
ਉਨ੍ਹੀਵੀਂ ਸਦੀ ਦੇ ਮਜ਼ਦੂਰ ਸੰਘਰਸ਼ ’ਚ ਵੀ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਇਸ ਲੰਬੀ ਲੜਾਈ ਦੀ ਇਕ ਕੜੀ ਵਜੋਂ ਹੀ ਦੇਖਿਆ ਜਾਂਦਾ ਸੀ। ‘ਅਮਰੀਕੀ ਨੈਸ਼ਨਲ ਫੈਡਰੇਸ਼ਨ ਆਫ ਲੇਬਰ’ ਵੱਲੋਂ ਵੀ ਇਸ ਨੂੰ ਇਉਂ ਬਿਆਨਿਆ ਗਿਆ ਸੀ, ‘ਇਸ ਦੇਸ਼ ਦੇ ਮਜ਼ਦੂਰਾਂ ਨੂੰ ਪੂੰਜੀਵਾਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਅੱਜ ਵੀ ਪਹਿਲੀ ਤੇ ਜ਼ਰੂਰੀ ਗੱਲ ਇਹ ਹੈ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਅਮਰੀਕਾ ਦੇ ਹਰ ਸੂਬੇ ਵਿਚ ਆਮ ਤੌਰ ’ਤੇ 8 ਘੰਟੇ ਦਾ ਕੰਮ ਲਿਆ ਜਾਵੇ।‘ਮਜਦੂਰ ਜਮਾਤ ਦੇ ਮਹਾਨ ਰਹਿਬਰ ਕਾਰਲ ਮਾਰਕਸ ਦੀ ਅਗਵਾਈ ਹੇਠ ਜਥੇਬੰਦ ਹੋਈ ਕੌਮਾਂਤਰੀ ਜਥੇਬੰਦੀ ‘ਪਹਿਲੀ ਕੌਮਾਂਤਰੀ’ ਨੇ ਵੀ ਇਸ ਮੰਗ ਦੀ ਵਿਆਖਿਆ ਇਸੇ ਸੰਦਰਭ ’ਚ ਹੀ ਕੀਤੀ ਸੀ ਕਿ ‘ਜਦੋਂ ਤੱਕ ਕੰਮ ਕਰਨ ਦੇ ਘੰਟਿਆਂ ਦੀ ਕਾਨੂੰਨੀ ਤੌਰ ’ਤੇ ਹੱਦ ਨਹੀਂ ਮਿਥੀ ਜਾਂਦੀ ਉਦੋਂ ਤੱਕ ਮਜ਼ਦੂਰ ਜਮਾਤ ਦੀ ਬਿਹਤਰੀ ਤੇ ਮੁਕਤੀ ਲਈ ਹੋਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਅਧੂਰੀਆਂ ਰਹਿ ਜਾਣਗੀਆਂ।’ ਫਾਂਸੀ ਦੇ ਤਖਤੇ ਤੋਂ ਸ਼ਹੀਦਾਂ ਦੀ ਵੰਗਾਰ ਸੂਲੀ ਤੇ ਲਟਕ ਜਾਣ ਤੋ ਪਹਿਲਾਂ ਚਲਾਏ ਗਏ ਮੁੱਕਦਮੇ ਦੌਰਾਨ, ਮਜ਼ਦੂਰ ਲਹਿਰ ਦੇ ਸੂਰਬੀਰ ਯੋਧੇ ਸ਼ਹੀਦ ‘ਸਪਾਈਸ’ ਵਲੋ ਅਦਾਲਤ ਅੰਦਰ ਬੋਲੇ ਗਰਜਵੇਂ ਬੋਲ ਕਿ ‘ਮੈਂ ਇਥੇ ਦੂਜੀਆਂ ਜਮਾਤਾਂ ਦੇ ਨੁਮਾਇੰਦਿਆਂ ਸਾਹਮਣੇ ਇਕ ਜਮਾਤ ਦੇ ਨੁਮਾਇੰਦੇ ਦੀ ਹੈਸੀਅਤ ’ਚ ਬੋਲ ਰਿਹਾ ਹਾਂ। ਜੇ ਤੁਸੀਂ ਸਮਝਦੇ ਹੋ ਕਿ ਸਾਨੂੰ ਫਾਹੇ ਲਾ ਕੇ ਮਜ਼ਦੂਰ ਲਹਿਰ ਦਾ ਗਲਾ ਘੁੱਟ ਸਕਦੇ ਹੋ ਤਾਂ ਲਾ ਦਿਓ ਫਾਹੇ, ਫਿਰ ਦੇਖਣਾ, ਤੁਸੀਂ ਚੰਗਿਆੜਿਆਂ ਉਪਰ ਚੱਲ ਰਹੇ ਹੋਵੋਗੇ, ਚੰਗਿਆੜੇ ਜਿਹੜੇ ਇਥੇ ਉਥੇ, ਤੁਹਾਡੇ ਅੱਗੇ-ਪਿਛੇ , ਹਰ ਥਾਂ ਭਾਂਬੜ ਬਣ ਕੇ ਮੱਚਣਗੇ। ਇਹ ਜਵਾਲਾ ਹੈ, ਜਵਾਲਾ ਜਿਸਨੂੰ ਤੁਸੀਂ ਬੁਝਾ ਨਹੀਂ ਸਕਦੇ ............।’ ਵੀ ਇਸੇ ਸੱਚ ਨੂੰ ਉਜਾਗਰ ਕਰਦੇ ਹਨ। ‘ਮਈ ਦਿਵਸ’ ਦੇ ਦੂਜੇ ਅਮਰ ਸ਼ਹੀਦ ‘ਪਾਰਸਨਜ਼’ ਵੱਲੋਂ ਫਾਂਸੀ ਦੇ ਤਖਤੇ ’ਤੇ ਝੂਲ ਜਾਣ ਤੋਂ ਪਹਿਲਾਂ ਆਪਣੀ ਪਤਨੀ ਲੂਸੀ ਦੇ ਨਾਂ ਲਿਖੇ ਆਪਣੇ ਖਤ ’ਚ ਲਿਖੇ ਇਹ ਸ਼ਬਦ ‘ਕਾਸ਼ ! ਮੇਰਾ ਵੱਸ ਚਲਦਾ ਤਾਂ ਮੈਂ ਛਲ-ਕਪਟ ਤੇ ਜਬਰ-ਜ਼ੁਲਮ ਤੇ ਉਸਰੇ ਸੁਰੱਖਿਅਤ ਕਿਲ੍ਹਆਂ ਨੂੰ ਢਹਿ-ਢੇਰੀ ਕਰ ਦਿੰਦਾ ਤੇ ਉਨ੍ਹਾਂ ਖੰਡਰਾਂ ਉੱਪਰ ਮਨੁੱਖਤਾ ਦਾ ਝੰਡਾ ਗੱਡ ਦਿੰਦਾ ........ਮੈਂ ਇਕ ਸਮਾਜਵਾਦੀ ਹਾਂ.........ਸਮਾਜਵਾਦ, ਚੰਦ ਸ਼ਬਦਾਂ ’ਚ ਪੈਦਾਵਾਰ ਦੇ ਸਾਧਨਾਂ ਉਪਰ ਮਿਹਨਤਕਸ਼ ਲੋਕਾਂ ਦਾ ਆਜ਼ਾਦ ਹੱਕ ਹੈ, ਪੈਦਾਵਾਰ ਕਰਨ ਵਾਲਿਆਂ ਦਾ ਹੱਕ ਹੈ ........।’ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਵੇਂ 8 ਘੰਟੇ ਦੀ ਕੰਮ ਦਿਹਾੜੀ ਮੁੱਖ ਮੰਗ ਸੀ, ਪਰ ਮਜ਼ਦੂਰ ਜਮਾਤ ਦੀ ਲਹਿਰ ਦਾ ਚੇਤੰਨ ਉਦੇਸ਼ ਸਰਮਾਏਦਾਰੀ ਪ੍ਰਬੰਧ ਨੂੰ ਫਨਾਹ ਕਰਕੇ ਇਸ ਦੇ ਖੰਡਰਾਂ ਤੇ ਝੰਡਾ ਗੱਡ ਕੇ ਲੁੱਟ ਤੇ ਜਬਰ ਤੋਂ ਮੁਕਤ ਸਮਾਜ ਦੀ ਸਿਰਜਣਾ ਸੀ।
ਮਿੱਥੇ ਏਜੰਡੇ ਤਹਿਤ ਹੀ ਉਹ ਗਰੀਬ ਮਜਦੂਰਾਂ, ਕਿਸ਼ਾਨਾ, ਦਲਿਤਾਂ, ਆਦਿ-ਵਾਸੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਕੰਗਾਲ ਕਰਨ ਤੇ ਉਜਾੜਨ ਵਾਲੇ, ਰੁਜ਼ਗਾਰ ਦੇ ਵਸੀਲਿਆਂ ਨੂੰ ਖੋਹਣ ਵਾਲੇ, ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ, ਆਊਟਸੋਰਸਿੰਗ ਪ੍ਰਣਾਲੀ ਵਾਲੇ, ਪੈਨਸ਼ਨ ਵਰਗੀਆਂ ਹਰ ਕਿਸਮ ਦੀਆਂ ਪਹਿਲਾਂ ਮਿਲੀਆਂ ਆਰਥਿਕ ਤੇ ਸਮਾਜਿਕ ਸਹੂਲਤਾਂ ’ਤੇ ਕੈਂਚੀ ਫੇਰਨ ਵਾਲੇ, ਸਰਕਾਰੀ ਤੇ ਪਬਲਿਕ ਸੈਕਟਰ ਦੇ ਸਮੂਹ ਅਦਾਰਿਆਂ ਦਾ ਭੋਗ ਪਾ ਕੇ, ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਵਾਲੇ ਜੀ.ਡੀ.ਪੀ. ਮਾਰਕਾ “ਆਰਥਿਕ ਵਿਕਾਸ ਮਾਡਲ” ਨੂੰ ਇਕ ਦੂਜੇ ਨਾਲੋਂ ਅੱਗੇ ਵੱਧ ਕੇ ਜ਼ੋਰ-ਸ਼ੋਰ ਨਾਲ ਲਾਗੂ ਕਰਨ ਲਈ ਤਹੂ ਹਨ। ਮੋਦੀ ਦੇ ‘ਮੇਕਇਨ ਇੰਡੀਆ’, ‘ਸਮਾਰਟ ਇੰਡੀਆ’, ‘ਡਿਜੀਟਲ ਇੰਡੀਆ’, ‘ਕੈਸ਼ਲੈਸ ਇੰਡੀਆ’, ‘ਨੋਟਬੰਦੀ’ ਆਦਿ ਅਤੇ 2047 ਦੇ 10 ਖ਼ਰਬ ਡਾਲਰ ਜੀਡੀਪੀ ਵਾਲੇ ‘ਵਿਕਸਤ ਭਾਰਤ’ ਦੇ ਸ਼ਬਦੀ ਮਾਇਆ ਜਾਲ ਰਾਹੀਂ ਪ੍ਰਚਾਰੇ ਜਾ ਰਹੇ ਪ੍ਰਾਜੈਕਟ ਵੀ ਇਸੇ ਕਾਰਪੋਰੇਟ ਵਿਕਾਸ ਮਾਡਲ ਦਾ ਹੀ ਹਿੱਸਾ ਹਨ।
ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਪੱਖੀ ਨਵ-ਉਦਾਰਵਾਦੀ ਏਜੰਡੇ ਨੂੰ, ਕੋਰੋਨਾ ਮਹਾਂ-ਮਾਰੀ ਸੰਕਟ ਦੀ ਆੜ ‘ਚ ਹੋਰ ਅੱਗੇ ਵਧਾਇਆ ਗਿਆ।ਸਰਕਾਰਾਂ ਵੱਲੋਂ ਅਰਬਾਂ-ਖਰਬਾਂ ਰੁਪਏ ਦੀਆਂ ਛੋਟਾਂ, ਰਿਆਇਤਾਂ ਦਾ ਆਨੰਦ ਮਾਣਦੇ ਅਤੇ ਭਾਰੀ ਮੁਨਾਫ਼ੇ ਬਟੋਰਦੇ ਸਨਅਤੀ-ਕਾਰਪੋਰੇਟ ਘਰਾਣਿਆਂ ਉੱਪਰ ਕੋਰੋਨਾ ਸੰਕਟ ਦਾ ਭਾਰ ਪਾਉਣ ਦੀ ਬਜਾਇ,ਪਹਿਲਾਂ ਹੀ ਤਨਖ਼ਾਹ, ਭੱਤਿਆਂ, ਪੈਨਸ਼ਨ ਕਟੌਤੀ ਦੀ ਮਾਰ ਝੱਲ ਰਹੇ ਤੇ ਠੇਕਾ ਭਰਤੀ ਦਾ ਸ਼ਿਕਾਰ ਹੋਏ,ਮੁਲਾਜ਼ਮ-ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਤਾਂ ‘ਕਰੋਨਾ ਲਾਕਡਾਊਨ’ ਦੇ ਸਹਾਰੇ ਸਵਾ ਕਰੋੜ ਦੇ ਲਗਭਗ ਕੇਂਦਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮਿਲਣ ਵਾਲੀਆਂ ਤਿੰਨ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ‘ਲਾਕ’ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਕਾਰਪੋਰੇਟ ਏਜੰਡੇ ਤਹਿਤ ਹੀ,ਕਿਰਤ ਕਾਨੂੰਨਾਂ ਦੀ ਸੋਧ ਵੱਜੋਂ,ਮਈ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਰਾਹੀਂ ਹਾਸਿਲ ਕੀਤੀ 8 ਘੰਟੇ ਦੀ ਕੰਮ ਦਿਹਾੜੀ ਵਧਾ ਕੇ 12 ਘੰਟੇ ਕਰਨ ਅਤੇ ‘ਇੰਡਸਟਰੀਅਲ ਡਿਸਪਿਊਟ ਐਕਟ’ ਤਹਿਤ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦੇ ਮਿਲੇ ਅਧਿਕਾਰ ਉੱਪਰ ਸਾਲ-ਦੋ ਸਾਲ ਲਈ ਪਾਬੰਦੀ ਲਾਉਣ ਦੀਆਂ ਯੋਜਨਾ ਘੜੀ ਗਈ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਗਿਣੀ-ਮਿਥੀ ਸਾਜਿਸ਼ ਰਾਹੀਂ ਮੁਲਕ ਭਰ ਅੰਦਰ ਕੋਰੋਨਾ ਫੈਲਾਉਣ ਦਾ ਭਾਂਡਾ ਘੱਟ ਗਿਣਤੀ ਮੁਸਲਮਾਨ ਫਿਰਕੇ ਸਿਰ ਭੰਨ੍ਹ ਕੇ, ਫਿਰਕੂ-ਪਾਲਾਬੰਦੀ ਕਰਨ ਦੀ ਆਪਣੀ ਨੀਤੀ ਨੂੰ ਹੋਰ ਪੱਕੇ ਪੈਰੀਂ ਕਰ ਕੀਤਾ ਗਿਆ। ਤੇ ਨਾਲ ਦੀ ਨਾਲ ਹੀ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਦੇ ਹੱਕ ’ਚ ਆਵਾਜ਼ ਉਠਾਉਣ ਵਾਲੇ ਅਤੇ ਸਰਕਾਰ ਦੀਆਂ ਨੀਤੀਆਂ ਉੱਪਰ ਕਿੰਤੂ ਕਰਨ ਵਾਲੇ ਲੇਖਕਾਂ, ਪੱਤਰਕਾਰਾਂ, ਬੁੱਧੀ-ਜੀਵੀਆਂ ਅਤੇ ‘ਨਾਗਰਿਕਤਾ ਸੋਧ ਕਨੂੰਨ’ ਅੰਦੋਲਨ ਦੀ ਅਗਵਾਈ ਕਰਨ ਵਾਲੇ ਨੌਜੁਆਨਾਂ-Çਵਿਦਆਰਥੀਆਂ ਨੂੰ “ਸ਼ਹਿਰੀ ਨਕਸਲੀ”,“ਜਿਹਾਦੀ”, “ਦੇਸ਼ ਧ੍ਰੋਹੀ” ਆਦਿ ਗਰਦਾਨ ਕੇ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ’ਚ ਫਸਾ ਕੇ ਜੇਲ੍ਹਾਂ’ ’ਚ ਸੁੱਟਿਆ ਗਿਆ। ਇਸੇ ਕਾਰਪੋਰੇਟ- ਫਿਰਕੂ-ਫਾਸ਼ੀਵਾਦ ਦੇ ਜੜੁੱਤ ਏਜੰਡੇ ਨੂੰ ਮੋਦੀ ਸਰਕਾਰ ਵੱਲੋਂ ਮੁਲਕ ਦੀਆਂ ਸਮੂਹ ਸੰਵਿਧਾਨਿਕ ਸੰਸਥਾਵਾਂ ਦੇ ਮੁਕੰਮਲ ਕੇਂਦਰੀਕਰਨ ਰਾਹੀਂ, ਰਾਜਾਂ ਦੇ ਸੰਵਿਧਾਨਿਕ-ਕਨੂੰਨੀ ਅਧਿਕਾਰਾਂ ਨੂੰ ਉਲੰਘ ਕੇ ਹੋਰ ਅੱਗੇ ਵਧਾਇਆ ਜਾ ਰਿਹਾ ਹੈ। ਮਜ਼ਦੂਰ ਵਿਰੋਧੀ 4 ‘ਲੇਬਰ ਕੋਡ’, ਕਿਸਾਨ ਵਿਰੋਧੀ ‘ਤਿੰਨ ਖੇਤੀ ਕਾਨੂੰਨਾਂ’ ਦੀ ਵਾਪਸੀ ਦਾ ਕੌੜਾ ਅੱਕ ਚੱਬਣ ਤੋਂ ਬਾਅਦ,‘ਐਮ.ਐਸ.ਪੀ’ ਦੀ ਕਾਨੂੰਨੀ ਗਰੰਟੀ ਤੇ ਹੋਰ ਲਟਕਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋਣਾ, ਸਿੱਖਿਆ ਦੇ ਕਾਰਪੋਰੇਟੀਕਰਨ, ਕੇਂਦਰੀਕਰਨ ਤੇ ਫਿਰਕੂਕਰਨ ਵਾਲੀ ‘ਕੌਮੀ ਸਿੱਖਿਆ ਨੀਤੀ-2020’ ਨੂੰ ਸਮੁੱਚੇ ਮੁਲਕ ਉੱਪਰ ਮੜ੍ਹਨਾ, ‘ਬਿਜਲੀ ਸੋਧ ਬਿੱਲ’, ‘ਜੰਗਲ ਸੋਧ ਬਿੱਲ’, ‘ਨਾਗਰਿਕਤਾ ਸੋਧ ਬਿੱਲ’, ‘ਇੱਕਸਾਰ ਸਿਵਲ ਕੋਡ’, ‘ਕੌਮੀ ਜਲ ਨੀਤੀ’ ਆਦਿ ਲਾਗੂ ਕੀਤੇ ਜਾ ਰਹੇ ਕਾਨੂੰਨ ਉਸੇ ਕਾਰਪੋਰੇਟ- ਫਿਰਕੂ-ਫਾਸ਼ੀ ਏਜੰਡੇ ਦੀ ਪੂਰਤੀ ਦੇ ਸਾਧਨ ਹੀ ਹਨ।
ਸਾਮਰਾਜ ਵਿਰੋਧੀ ਜਮਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਰੱਖੋ ਅੱਜ ਦਾ ਮਈ ਦਿਹਾੜਾ ਜਿਥੇ ਕੌਮੀ ਪੱਧਰ ਤੇ ਸਾਮਰਾਜੀ ਨੀਤੀਆਂ ਕਾਰਨ ਪੈਦਾ ਹੋਈਆਂ ਉਕਤ ਗੰਭੀਰ ਚੁਣੌਤੀਆਂ ਸੰਗ ਭਿੜਨ ਦਾ ਤਹੱਈਆ ਕਰਨ ਦਾ ਦਿਹਾੜਾ ਹੈ ਉਥੇ ਕੌਮਾਂਤਰੀ ਪੱਧਰ ਤੇ ਵੀ ਅਮਰੀਕਾ ਦੀ ਅਗਵਾਈ ਹੇਠ ਸਾਮਰਾਜੀ ਸ਼ਕਤੀਆਂ ਵੱਲੋਂ ਵੱਖ-ਵੱਖ ਮੁਲਕਾਂ ਦੀ ਖੁਦ-ਮੁਖਤਿਆਰੀ ਤੇ ਪ੍ਰਭੂਸਤਾ ਭੰਗ ਕਰਨ, ਉਨ੍ਹਾਂ ਅੰਦਰ ਸਿੱਧੀ ਫੌਜੀ ਦਖਲ ਅੰਦਾਜੀ ਰਾਹੀਂ (ਅਫਗਾਨਿਸਤਾਨ,ਇਰਾਕਲਿਬੀਆ, ਸੀਰੀਆ ਤੋਂ ਬਾਅਦ ਹੁਣ ਫ਼ਲਸਤੀਨ ) ਅਤੇ ਅਸਿੱਧੇ ਨਵਉਦਾਰਵਾਦੀ ਏਜੰਡੇ ਰਾਹੀਂ ਸੱਤਾ ਪਲਟਣ ਜਾਂ ਨੀਤੀਆਂ ਨੂੰ ਸਾਮਰਾਜ ਪੱਖੀ ਮੋੜਾ ਦਿਵਾਉਣ ਦੇ ਕੀਤੇ ਜਾ ਰਹੇ ਕੁਕਰਮਾਂ ਵਿਰੁੱਧ ਵੀ ਆਵਾਜ ਬੁਲੰਦ ਕਰਨ ਦੀ ਮੰਗ ਕਰਦਾ ਹੈ।
ਅੱਜ ਮਈ ਦਿਹਾੜਾ ਜੋਕਿ ਹੁਕਮਰਾਨ ਪਾਰਟੀਆਂ ਵੱਲੋਂ, ਚੱਲ ਰਹੀ ਪਾਰਲੀਮੈਂਟ ਚੋਣ ਅੰਦਰ ਕੀਤੀ ਜਾ ਰਹੀ ਚੋਣ ਸਰਗਰਮੀ ਦੌਰਾਨ ਮਨਾਇਆ ਜਾਣਾ ਹੈ, ਇਸ ਲਈ ਇਨ੍ਹਾਂ ਹੁਕਮਰਾਨ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਚੋਣ ਭਰਮ ਤੋਂ ਮੁਕਤ ਹੋ ਕੇ, ਸਮੂਹ ਪੀੜਤ ਵਰਗਾਂ ਦੀਆਂ ਸਾਂਝੀਆਂ ਮੰਗਾਂ, ਮਸਲਿਆਂ ਨੂੰ ਬੁਨਿਆਦੀ ਨੀਤੀਆਂ ਨਾਲ ਜੋੜਦਿਆਂ, ਲੁੱਟ-ਖਸੁੱਟ ਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜ ਦੀ ਸਿਰਜਣਾ ਦੇ ਸੰਦਰਭ ’ਚ ਰੱਖ ਕੇ, ਸਾਂਝੇ ਜਮਾਤੀ ਸੰਘਰਸ਼ਾਂ ਨੂੰ ਵਿੱਢਣ ਤੇ ਜਾਰੀ ਰੱਖਣ ਦਾ ਪ੍ਰਣ ਲੈਣ ਦਾ ਦਿਹਾੜਾ ਹੈ।
ਯਸ਼ਪਾਲ ਵਰਗ ਚੇਤਨਾ
-ਮੋਬਾ: 98145-35005

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ