Saturday, May 18, 2024  

ਲੇਖ

ਹਸਤੀਆਂ ਦਾ ਮੋਹ ਬਨਾਮ ਆਮ ਵੋਟਰ

May 04, 2024

ਦੇਸ਼ ਦੀਆਂ 18ਵੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਕਿਸੇ ਵੀ ਲੋਕਤੰਤਰੀ ਦੇਸ਼ ਦੇ ਸੰਵਿਧਾਨ ਅਨੁਸਾਰ ਚੋਣਾਂ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਚੁਣੀ ਜਾਂਦੀ ਹੈ। ਹਰ ਸਿਆਸੀ ਪਾਰਟੀ ਨੇ ਆਪਣੀ ਜਿੱਤ ਦੇ ਸਮੀਕਰਣ ਬਣਾਉਣ ਲਈ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਰਾਜ ਨੇਤਾ ਵੀ ਹਰ ਵਾਰ ਦੀ ਤਰ੍ਹਾਂ ਆਪਣਾ ਚੰਗਾ ਭਵਿੱਖ ਦੇਖਦੇ ਹੋਏ ਇਕ ਪਾਰਟੀ ਵਿੱਚੋਂ ਦੂਜੀ ਪਾਰਟੀ ਵਿੱਚ ਛਾਲ ਮਾਰ ਰਹੇ ਹਨ। ਆਮ ਲੋਕਾਂ ਨੂੰ ਨਵੀਂ ਬਣਨ ਵਾਲੀ ਸਰਕਾਰ ਅਤੇ ਆਪਣੇ ਚੁਣੇ ਨੇਤਾਵਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਕਿ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਹੋਰ ਬਿਹਤਰ ਢੰਗ ਨਾਲ ਮਿਲ ਸਕਣ। ਲੋਕ ਚਾਹੁੰਦੇ ਹਨ ਕਿ ਆਉਣ ਵਾਲੀ ਸਰਕਾਰ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਹੋਰ ਵਧੀਆ ਬਣਾਵੇ।
ਇਸ ਸਮੇਂ ਦੇਸ਼ ਦੀ ਹਰ ਵੱਡੀ-ਛੋਟੀ, ਕੌਮੀ ਤੇ ਖੇਤਰੀ ਰਾਜਨੀਤਕ ਪਾਰਟੀ ਇਕੱਲੀ ਇਕੱਲੀ ਸੀਟ ਦੀ ਸਮੀਖਿਆ ’ਤੇ ਲੱਗੀ ਹੋਈ ਹੈ। ਕਿਸ ਹਲਕੇ ਵਿੱਚ ਕਿਹੜੇ ਉਮੀਦਵਾਰ ਨੂੰ ਉਤਾਰਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਬਹੁਮਤ ਨਾਲ ਸਰਕਾਰ ਬਣਾਈ ਜਾ ਸਕੇ। ਹਰ ਪਾਰਟੀ ਕੋਲ ਅਕਸਰ ਕਈ ਨੇਤਾ ਤਾਂ ਪੱਕੇ ਹੁੰਦੇ ਹਨ, ਉਹਨਾਂ ਦਾ ਤੈਅ ਹੁੰਦਾ ਹੈ ਕਿ ਇਸ ਉਮੀਦਵਾਰ ਨੂੰ ਇਸ ਹਲਕੇ ਤੋਂ ਚੋਣ ਲੜਾਉਣੀ ਹੈ ਪਰ ਕੁਝ ਹਲਕੇ ਜਿੱਥੇ ਕਿਸੇ ਪਾਰਟੀ ਕੋਲ ਕੋਈ ਯੋਗ ਉਮੀਦਵਾਰ ਨਾ ਹੋਵੇ ਜਾਂ ਉਸ ਹਲਕੇ ਵਿੱਚ ਪਕੜ ਘੱਟ ਹੋਵੇ ਪਰ ਪਾਰਟੀ ਨੇ ਉਸ ਸੀਟ ’ਤੇ ਜਿੱਤ ਵੀ ਪੱਕੀ ਕਰਨੀ ਹੋਵੇ ਤਾਂ ਪਾਰਟੀ ਅਕਸਰ ਉਥੇ ਕਿਸੇ ਅਜਿਹੇ ਸੈਲੀਬ੍ਰਿਟੀ ਖਾਸ ਕਰਕੇ ਫਿਲਮੀ ਅਦਾਕਾਰ, ਪ੍ਰਸਿੱਧ ਸਿੰਗਰ ਜਾਂ ਪ੍ਰਸਿੱਧ ਖਿਡਾਰੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੰਦੀ ਹੈ, ਇੱਥੇ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਹ ਸੈਲੀਬ੍ਰਿਟੀ ਉਸ ਹਲਕੇ ਦਾ ਬਾਸ਼ਿੰਦਾ ਹੈ ਜਾਂ ਨਹੀਂ ਜਾਂ ਉਸ ਦਾ ਪਿਛੋਕੜ ਸਿਆਸੀ ਵੀ ਹੈ ਜਾਂ ਨਹੀ, ਬੱਸ ਆਮ ਲੋਕਾਂ ਵਿੱਚ ਹਰਮਨ ਪਿਆਰਾ ਹੋਵੇ। ਅਜਿਹੀ ਸੀਟ ਉੱਤੇ ਸੈਲੀਬ੍ਰਿਟੀ ਅਕਸਰ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਵੀ ਰਹਿੰਦੇ ਹਨ।
ਰਾਜਨੀਤਕ ਪਾਰਟੀਆਂ ਇਹ ਗੱਲ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਆਮ ਲੋਕ ਸੈਲੀਬ੍ਰਿਟੀ ਨੂੰ ਪਿਆਰ ਕਰਦੇ ਹਨ। ਉਹਨਾਂ ਦੀ ਹਰ ਗੱਲ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਪਿੱਛੇ ਲੱਗਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦੀਆਂ ਭਾਵਨਾਵਾਂ ਦਾ ਨਾਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਫਿਲਮੀ ਹੀਰੋ ਜਿਵੇਂ ਫਿਲਮਾਂ ਵਿੱਚ ਲੋਕਾਂ ਲਈ ਲੜਦਾ ਹੈ। ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ। ਭ੍ਰਿਸ਼ਟ ਨੇਤਾਵਾਂ ਵਿਰੁੱਧ ਭਾਸ਼ਣ ਦਿੰਦਾ ਹੈ। ਸਿਸਟਮ ਨੂੰ ਬਦਲਣਾ ਚਾਹੁੰਦਾ ਹੈ ਅਤੇ ਚੰਗੇ ਨੇਤਾ ਹੋਣ ਦੀਆਂ ਉਦਾਹਰਣਾ ਸੈਟ ਕਰਦਾ ਹੈ ਤਾਂ ਆਮ ਲੋਕਾਂ ਨੂੰ ਲੱਗਦਾ ਹੈ ਕਿ ਇਹ ਫਿਲਮੀ ਹਸਤੀ ਅਸਲ ਜ਼ਿੰਦਗੀ ਵਿੱਚ ਵੀ ਸਾਡੇ ਲਈ ਮਸੀਹਾ ਬਣ ਕੇ ਆਵੇਗੀ । ਸੋ ਉਹ ਇਕ ਅਭਿਨੇਤਾ ਨੂੰ ਜਿਤਾ ਕੇ ਆਪਣਾ ਨੇਤਾ ਬਣਾ ਲੈਂਦੇ ਹਨ।
ਅਫਸੋਸ ਇਹ ਦੇਖਿਆ ਜਾਂਦਾ ਹੈ ਕਿ ਉਹ ਅਭਿਨੇਤਾ ਨੇਤਾ ਬਣਨ ਤੋਂ ਪਹਿਲਾਂ ਵੀ ਅਭਿਨੈ ਕਰਦਾ ਹੈ ਅਤੇ ਬਾਅਦ ਵਿੱਚ ਵੀ, ‘ਐਕਟਿੰਗ’ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ। ਇਹ ਅਭਿਨੇਤਾ ਜਾਂ ਅਭਿਨੇਤਰੀ ਚੋਣਾਂ ਮੌਕੇ ਜੋਸ਼ ਨਾਲ 20-25 ਦਿਨ ਆਮ ਲੋਕਾਂ ਵਿੱਚ ‘ਐਕਟਿੰਗ’ ਕਰਦੇ ਅਜਿਹੇ ਲੱਛੇਦਾਰ ਭਾਸ਼ਣ ਦਿੰਦੇ ਹਨ ਕਿ ਭਾਵੁਕ ਹੋਏ ਆਮ ਲੋਕ ਆਪਣਾ ਹੋਸ਼ ਗਵਾ, ਜੋਸ਼ ਵਿੱਚ ਆ, ਇਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਦਿੰਦੇ ਹਨ।
ਚੋਣ ਜਿੱਤਣ ਤੋਂ ਬਾਅਦ ਸਭ ਸਰਗਰਮੀਆਂ ਠੰਢੀਆਂ ਪੈ ਜਾਂਦੀਆਂ ਹਨ। ਲੋਕਾਂ ਨਾਲ ਕੀਤੇ ਵਾਅਦੇ ਠੁੱਸ ਹੋ ਜਾਂਦੇ ਹਨ। ਸੈਲੀਬ੍ਰਿਟੀ ਸੰਸਦ ਵਿੱਚ ਜਾ ਕੇ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣਾ ਤਾਂ ਦੂਰ ਦੀ ਗੱਲ, ਆਪਣੀ ਹਾਜ਼ਰੀ ਵੀ ਪੂਰੀ ਨਹੀਂ ਕਰਦੇ। ਜਿੱਤੇ ਹੋਏ ਹਲਕੇ ਵਿੱਚ ਨਾਮਾਤਰ ਗੇੜਾ ਮਾਰਦੇ ਹਨ ਬਹੁਤ ਹਲਕਿਆਂ ਵਿੱਚ ਤਾਂ ਦੇਖਿਆ ਗਿਆ ਕਿ ਅਭਿਨੇਤਾ ਤੋਂ ਨੇਤਾ ਬਣੀ ਹਸਤੀ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਲੱਗ ਜਾਂਦੇ ਹਨ। ਲੋਕ ਫਿਰ ਅਗਲੇ ਪੰਜ ਸਾਲ ਆਪਣੇ ਛੋਟੇ ਮੋਟੇ ਕੰਮਾਂ ਲਈ ਵੀ ਉਹਨਾਂ ਨੂੰ ਉਡੀਕਦੇ ਰਹਿੰਦੇ ਹਨ। ਜੋ ਅਭਿਨੇਤਾ ਵੋਟਾਂ ਤੋਂ ਪਹਿਲਾਂ ਆਮ ਲੋਕਾਂ ਦੇ ਘਰ-ਘਰ ਜਾ ਕੇ, ਜੱਫੀ ਪਾ ਕੇ, ਆਪਣੇ ਆਪ ਨੂੰ ਉਹਨਾਂ ਵਰਗਾ ਹੀ ਦੱਸਦਾ ਹੈ ਤੇ ਸੇਵਾ ਦਾ ਮੌਕਾ ਮੰਗਦਾ ਹੈ, ਉਹ ਜਿੱਤਣ ਤੋਂ ਬਾਅਦ ਆਪਣੀ ਸ਼ਕਲ ਵੀ ਨਹੀਂ ਦਿਖਾਉਂਦਾ ਤਾਂ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਇਸੇ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਅਕਸਰ ਨਾਮਵਰ ਗਾਇਕ ਵੀ ਵੋਟਾਂ ਵਿੱਚ ਉਤਾਰੇ ਜਾਂਦੇ ਹਨ। ਜੋ ਗਾਣਿਆਂ ਵਿੱਚ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ, ਜਾਲਮ ਨੂੰ ਵੰਗਾਰਦੇ ਨਜ਼ਰ ਆਉਂਦੇ ਤੇ ਸਮਾਜ ਦੇ ਪਹਿਰੇਦਾਰ ਬਣਦੇ ਹਨ ਪਰ ਉਹ ਵੀ ਬੱਸ ਜਿੱਤਣ ਤੋਂ ਬਾਅਦ ਆਪਣੇ ਕੀਤੇ ਸਭ ਵਾਅਦੇ ਭੁੱਲ ਕੇ ਰਾਜਨੀਤੀ ਦੇ ਰੰਗ ਵਿੱਚ ਰੰਗੇ ਉਹੀ ਸਰਕਾਰਾਂ ਵਾਲੇ ਰਾਗ ਅਲਾਪਣ ਲੱਗਦੇ।
ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜ਼ਰੂਰੀ ਨਹੀਂ, ਇਕ ਵਧੀਆ ਅਭਿਨੇਤਾ, ਗਾਇਕ ਜਾਂ ਖਿਡਾਰੀ ਵਧੀਆ ਨੇਤਾ ਵੀ ਹੋਵੇ। ਉਹਨਾਂ ਦੀ ਪ੍ਰਸਿੱਧੀ ਕਰਕੇ ਉਹਨਾਂ ਨੂੰ ਵੋਟ ਪਾ ਕੇ ਜਿਤਾ ਦੇਣਾ ਬੇਵਕੂਫੀ ਹੈ। ਆਪਣਾ ਨੇਤਾ ਚੁਣਨ ਲਈ ਸਾਰੇ ਪੱਖ ਦੇਖਣੇ ਚਾਹੀਦੇ ਹਨ। ਇਨ੍ਹਾਂ ਪ੍ਰਸਿੱਧ ਹਸਤੀਆਂ ਕੋਲ਼ ਆਪਣੇ ਹੀ ਰੁਝੇਵੇਂ ਏਨੇ ਜ਼ਿਆਦਾ ਹੁੰਦੇ ਹਨ ਕਿ ਇਨ੍ਹਾਂ ਕੋਲ਼ ਲੋਕ ਸੇਵਾ ਜਾਂ ਸਮਾਜ ਲਈ ਸਮਾਂ ਹੀ ਨਹੀਂ ਹੁੰਦਾ। ਇਨ੍ਹਾਂ ਰਾਜਨੀਤਕ ਪਾਰਟੀਆਂ ਵੱਲੋਂ ਲੋਕਾਂ ਦੀ ਇਸ ‘ਅਡਿਕਸ਼ਨ’ ਦਾ ਇੰਨਾ ਜਿਆਦਾ ਫ਼ਾਇਦਾ ਲਿਆ ਜਾਂਦਾ ਹੈ ਕਿ ਪੰਜ ਸਾਲ ਬੇਵਕੂਫ਼ ਬਣਾਉਣ ਤੋਂ ਬਾਅਦ ਵੀ ਅਗਲੀਆਂ ਚੋਣਾ ਵਿੱਚ ਕੋਈ ਨਵਾਂ ਸੈਲੀਬ੍ਰਿਟੀ ਉਸ ਹਲਕੇ ਵਿੱਚ ਉਤਾਰਿਆ ਜਾਂਦਾ ਹੈ ਜੋ ਪਹਿਲੇ ਵਾਲੇ ਨਾਲੋਂ ਜਿਆਦਾ ਵਧੀਆ ਐਕਟਿੰਗ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਹੋਰ ਵਾਅਦੇ ਕਰਕੇ ਜਿੱਤ ਸਕੇ।
ਹੁਣ ਤਾਂ ਹੋਰ ਵੀ ਨਵਾਂ ਰਿਵਾਜ਼ ਆ ਗਿਆ ਹੈ ਇਹ ਪ੍ਰਸਿੱਧ ਹਸਤੀਆਂ ਜਦ ਆਪਣੇ ‘ਕੈਰੀਅਰ’ ਦੀ ਢਲਾਣ ਵੱਲ ਹੁੰਦੀਆਂ ਹਨ ਤਾਂ ਹੋਰਾਂ ਨਾਲ ਮਿਲਕੇ ਆਪਣੀ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੰਦੇ ਹਨ ਅਤੇ ਲੋਕ ਭਲਾਈ ਲਈ ਰੌਲ਼ਾ ਪਾਉਂਦੀਆਂ ਹਨ।
ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਇਸੇ ਤਰ੍ਹਾਂ ਇਨ੍ਹਾਂ ਪ੍ਰਸਿੱਧ ਹਸਤੀਆਂ ਵਿੱਚੋਂ ਕਈ ਅਜਿਹੀਆਂ ਹਸਤੀਆਂ ਵੀ ਹੋਣਗੀਆਂ ਜਿਨ੍ਹਾਂ ਦੀ ਰਾਜਨੀਤੀ ਵਿੱਚ ਆਉਣ ਦੀ ਕੋਈ ਦਿਲਚਸਪੀ ਨਾ ਹੋਵੇ ਪਰ ਭਾਰਤ ਵਿੱਚ ਜਿਸ ਤਰ੍ਹਾਂ ਦੀ ਗੰਧਲੀ ਰਾਜਨੀਤੀ ਚੱਲ ਰਹੀ ਹੈ, ਇਹ ਸੈਲੀਬ੍ਰਿਟੀ ਆਪਣੀ ਕਿਸੇ ਨਿੱਜੀ ਜਾਂ ‘ਪ੍ਰੋਫੈਸ਼ਨਲ’ ਮਜਬੂਰੀ ਕਾਰਨ ਵੋਟਾਂ ’ਚ ਖੜ੍ਹੇ ਹੁੰਦੇ ਹਨ ਜਾਂ ਖੜ੍ਹਾਏ ਜਾਂਦੇ ਹਨ। ਜੇਕਰ ਇਹ ਪ੍ਰਸਿੱਧ ਹਸਤੀਆਂ ਸੱਚੇ ਦਿਲੋਂ ਅਤੇ ਸੇਵਾ ਭਾਵ ਨਾਲ ਰਾਜਨੀਤੀ ਵਿੱਚ ਆਉਣ ਤਾਂ ਬਹੁਤ ਕੁਝ ਬਦਲ ਸਕਦਾ ਹੈ ਕਿਉਂਕਿ ਇਹਨਾਂ ਦੀ ਲੋਕਪ੍ਰਿਅਤਾ ਕਰਕੇ ਲੋਕ ਇਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਸੋਚੋ ਜੇ ਇਹ ਆਪ ਚੰਗਾ ਕੰਮ ਕਰਨਗੇ, ਲੋਕਾਂ ਨੂੰ ਸਹੀ ਰਾਹ ਪਾਉਣਗੇ, ਤਾਂ ਲੋਕ ਵੀ ਇਨ੍ਹਾਂ ਅਨੁਸਾਰ ਕਿੰਨੀਆਂ ਹੀ ਤਬਦੀਲੀਆਂ ਲਈ ਆਰਾਮ ਨਾਲ ਤਿਆਰ ਵੀ ਹੋਣਗੇ ਅਤੇ ਆਪ ਵੀ ਅੱਗੇ ਹੋ ਕੇ ਕੰਮ ਕਰਨਗੇ। ਉਦਾਹਰਣ ਦੇ ਤੌਰ ਤੇ ਨਸ਼ੇ ਦੀ ਪਾਬੰਦੀ, ਸਵੱਛਤਾ ਤੇ ਸਾਖ਼ਰਤਾ ਮਿਸ਼ਨ ਵਰਗੇ ਕਿੰਨੇ ਹੀ ਅਜਿਹੇ ਕਾਰਜ ਹਨ ਜਿਨ੍ਹਾਂ ਨੂੰ ਆਮ ਲੋਕ ਇਨ੍ਹਾਂ ਸੈਲੀਬ੍ਰਿਟੀ ਦੇ ਕਹੇ ਅਨੁਸਾਰ ਦਿਲਚਸਪੀ ਨਾਲ ਕਰਨਗੇ।
ਗ਼ਲਤੀ ਬੇਵਕੂਫ ਬਣਾਉਣ ਵਾਲੇ ਦੀ ਨਹੀਂ ਹੁੰਦੀ, ਸਗੋਂ ਵਾਰ ਵਾਰ ਬੇਵਕੂਫ ਬਣਨ ਵਾਲੇ ਦੀ ਹੁੰਦੀ ਹੈ। ਭਾਵ ਇਨ੍ਹਾਂ ਰਾਜਨੀਤਕ ਪਾਰਟੀਆਂ ਨੇ ਲੋਕਾਂ ’ਤੇ ਰਾਜ ਕਰਨ ਲਈ ਵੱਖ ਵੱਖ ਹੱਥਕੰਡੇ ਅਪਣਾ ਆਪਣੀ ਜਿੱਤ ਪੱਕੀ ਕਰਨੀ ਹੁੰਦੀ ਹੈ। ਹੁਣ ਲੋਕਾਂ ਨੂੰ ਆਪਣਾ ਬੁਰਾ ਭਲਾ ਆਪ ਸੋਚਣਾ ਪਵੇਗਾ, ਭਾਵ ‘ਰੀਲ ਹੀਰੋ ਅਤੇ ਰੀਅਲ ਹੀਰੋ’ ਦੇ ਵੱਡੇ ਫਰਕ ਨੂੰ ਸਮਝਣਾ ਪਵੇਗਾ।
ਅਮਨਦੀਪ ਸਮਰਾਲਾ
-ਮੋਬਾ: 98144-99811

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ