Sunday, May 19, 2024  

ਲੇਖ

ਰਉਂ-ਰੁਖ਼ ਦੇ ਹਿਸਾਬ ਚੱਲਣਾ

May 06, 2024

ਅਜੋਕਾ ਦੌਰ ਪ੍ਰਤੀਰੋਧ ਜਾਂ ਵਿਪਰੀਤ ਦਿਸ਼ਾ ਵਿੱਚ ਤਣ ਕੇ ਖੜ੍ਹੇ ਰਹਿਣ ਦਾ ਨਹੀਂ ਰਿਹਾ। ਜ਼ਮਾਨੇ ਦੀ ਰੌਂਅ ਜਿਸ ਦਿਸ਼ਾ ਵੱਲ ਚੱਲ ਰਹੀ ਹੁੰਦੀ ਹੈ। ਬਹੁਤੇ ਲੋਕ ਉਹੀ ਦਿਸ਼ਾ ਅਖ਼ਤਿਆਰ ਕਰ ਲੈਂਦੇ ਹਨ। ਸਿੱਟੇ ਵਜੋਂ ਸੌਖੇ ਰਹਿੰਦੇ ਹਨ। ਕਾਮਯਾਬੀ ਵੀ ਮਿਲ ਜਾਂਦੀ ਹੈ। ਇਸ ਪੱਖੋਂ ਰਾਜਨੀਤਿਕ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਸਭ ਤੋਂ ਅੱਗੇ ਚੱਲ ਰਹੇ ਹਨ। ਇਹ ਲੋਕ ਆਪਣੇ ਰਾਜਨੀਤਿਕ ਕੈਰੀਅਰ ਵਿੱਚ ਕਈ-ਕਈ ਵਾਰ ਪਾਰਟੀਆਂ ਬਦਲ ਲੈਂਦੇ ਹਨ। ਪਾਰਟੀਆਂ ਬਦਲਣ ਨਾਲ ਵੀ ਉਨ੍ਹਾਂ ਦੇ ਕੈਰੀਅਰ ਨੂੰ ਕੋਈ ਫ਼ਰਕ ਨਹੀਂ ਪੈਂਦਾ, ਬਲਕਿ ਉਹ ਹਰ ਵਾਰ ਕਾਮਯਾਬ ਰਹਿੰਦੇ ਹਨ। ਇੰਝ ਲੱਗਦਾ ਹੈ ਕਿ ਵੋਟਰ ਲੋਕ ਵੀ ਨਿਰੰਤਰ ਭੰਬਲਭੂਸੇ ਵਿੱਚ ਪਏ ਰਹਿੰਦੇ ਹਨ। ਉਨ੍ਹਾਂ ਦੀ ਆਪਣੀ ਕੋਈ ਸਿਧਾਂਤਕ ਵਚਨਬੱਧਤਾ ਨਹੀਂ ਹੁੰਦੀ। ਹਰ ਕੋਈ ਆਪਣਾ-ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਭਾਈ ਵੀਰ ਸਿੰਘ ਦੀ ਇਕ ਬੜੀ ਪ੍ਰਸਿੱਧ ਕਵਿਤਾ ਹੁੰਦੀ ਸੀ: ਰਉਂ ਰੁਖ਼। ਹਾਲਾਂਕਿ ਭਾਈ ਸਾਹਿਬ ਨੂੰ ਸਿੱਖ-ਫਲਸਫ਼ੇ ਦਾ ਸ਼ਿਰੋਮਣੀ ਕਵੀ ਮੰਨਿਆ ਜਾਂਦਾ ਹੈ ਪਰ ਇਹ ਕਵਿਤਾ (ਰੁਬਾਈ) ਸਿੱਖ ਵਿਚਾਰਧਾਰ ਦੇ ਇਨਕਲਾਬੀ ਚਰਿੱਤਰ ਨਾਲ ਮੇਲ ਨਹੀਂ ਖਾਂਦੀ। ਇਸ ਕਵਿਤਾ ਵਿੱਚ ਭਾਈ ਸਾਹਿਬ ਆਪਣੇ ਪਾਠਕਾਂ ਨੂੰ ਜ਼ਮਾਨੇ ਦੀ ਹਵਾ ਦੇ ਅਨੁਸਾਰੀ ਹੋ ਕੇ ਚੱਲਣ ਦਾ ਪੈਗਾਮ ਦਿੰਦੇ ਹਨ। ਇਹ ਕਵਿਤਾ ਪ੍ਰਸ਼ਨ-ਉੱਤਰ ਸ਼ੈਲੀ ਵਿੱਚ ਲਿਖੀ ਗਈ ਹੈ। (ਦੇਖੋ : ਸਾਗਰ ਪੁੱਛਦਾ, ‘‘ਨਦੀਏ! ਸਾਰੇ ਬੂਟੇ-ਬੂਟੀਆਂ ਲਿਆਵੇ। ਪਰ ਨਾ ਕਦੇ ਬੈਂਤ ਦਾ ਬੂਟਾ ਮੇਰੇ ਤੱਕ ਪੁਚਾਵੇ।’’ ‘‘ਨਦੀ ਆਖਦੀ ਆਕੜ ਵਾਲੇ ਸਾਰੇ ਬੂਟੇ-ਬੂਟੀਆਂ ਪੱਟ ਲਿਆਵਾਂ, ਪਰ ਜੋ ਝੁਕੇ, ਵਰੇ ਰਉਂ-ਰੁਖ਼ ਨੂੰ ਪੇਸ਼ ਨਾ ਉਸ ’ਤੇ ਜਾਵੇ।’’) ਇਸ ਪ੍ਰਕਾਰ ਨਦੀ, ਰਉਂ-ਰੁਖ਼ ਦੇ ਅਨੁਸਾਰ ਹੋ ਕੇ ਚੱਲਣ ਵਾਲੇ ਪ੍ਰਾਣੀਆਂ ਦੀ ਸਿਫ਼ਤ ਸ਼ਲਾਘਾ ਕਰਦੀ ਹੈ।
ਭਾਈ ਵੀਰ ਸਿੰਘ ‘ਸਿੰਘ ਸਭਾ ਲਹਿਰ’ ਦੇ ਸੰਚਾਲਕਾਂ ਵਿੱਚੋਂ ਇੱਕ ਸਨ। ਉਨ੍ਹਾਂ ਦਿਨਾਂ ਵਿੱਚ ਸਿੱਖ ਰਾਜ ਦਾ ਸੂਰਜ ਅਜੇ ਥੋੜ੍ਹੇ ਪਹਿਲਾਂ ਹੀ ਅਸਤ ਹੋਇਆ ਸੀ। ਸਿੱਟੇ ਵਜੋਂ ਸਿੱਖ ਧਰਮ ਨਿਰਾਸ਼ਤਾ ਦੇ ਯੁੱਗ ਵਿੱਚੋਂ ਗੁਜ਼ਰ ਰਿਹਾ ਸੀ। ਸਿੱਖ ਜਾਗੀਰਦਾਰ ਅਤੇ ਹੋਰ ਧਨਾਢ ਵਰਗ ਆਪਣੀ-ਆਪਣੀ ਗ਼ਰਜ਼ ਦੇ ਬੱਧੇ ਹੋਏ ਅੰਗਰੇਜ਼ਾਂ ਦੇ ਚਾਪਲੂਸ ਬਣ ਕੇ ਦਿਨ ਕਟੀ ਕਰ ਰਹੇ ਸਨ। ਭਾਈ ਸਾਹਿਬ ਦੇ ਅਚੇਤ ਮਨ ਵਿੱਚ ਵੀ ਸਮਝੌਤਾਵਾਦੀ ਰੁਚੀਆਂ ਚੱਲ ਰਹੀਆਂ ਹੋਣਗੀਆਂ। ਉਸ ਦੀਆਂ ਕਈ ਕਵਿਤਾਵਾਂ ਵਿੱਚ ਇਹੀ ਅਚੇਤ ਮਨ ਕ੍ਰਿਆਸ਼ੀਲ ਦਿਖਾਈ ਦਿੰਦਾ ਹੈ; ਹਾਲਾਂਕਿ ਆਪ ਸਿੱਖ ਧਰਮ ਦੇ ਜੁਝਾਰੂ ਅਤੇ ਇਨਕਲਾਬੀ ਵਿਰਸੇ ਤੋਂ ਅਣਭਿੱਗ ਨਹੀਂ ਸਨ।
ਅਠਾਰਵੀਂ-ਉਨੀਵੀਂ ਸਦੀ ਦੇ ਯੂਰਪ ਵਿੱਚ ਜਦੋਂ ਸਨੱਅਤੀ ਕ੍ਰਾਂਤੀ ਦਾ ਆਗਮਨ ਹੋਇਆ ਤਾਂ ਯੂਰਪ ਵਿੱਚ ਇਕ ਨਵੀਂ ਧਨਾਢ ਸ਼੍ਰੇਣੀ ਦਾ ਜਨਮ ਹੋਇਆ। ਇਹ ਸ਼੍ਰੇਣੀ ਜਾਗੀਰਦਾਰੀ ਜਾਂ ਅਰਿਸਟੋਕੈ੍ਰਟਿਕ ਵਰਗ ਵਿੱਚੋਂ ਨਹੀਂ ਸੀ ਬਲਕਿ ਕਲ-ਕਾਰਖਾਨਿਆਂ ਦੀ ਮਦਦ ਨਾਲ ਆਪਣੇ ਹੀ ਬਲਬੂਤੇ ਅਮੀਰ ਹੋਈ ਸੀ। ਇਸੇ ਸ਼੍ਰੇਣੀ ਦੀ ਮਾਅਰਫ਼ਤ ਪੂੰਜੀਵਾਦੀ ਵਿਵਸਥਾ ਦਾ ਜਨਮ ਹੋਇਆ ਸੀ। ਇਕ-ਅੱਧੀ ਸਦੀ ਵਿੱਚ ਹੀ ਇਹ ਨਵ-ਧਨਾਢ ਐਨਾ ਉੱਪਰ ਨਿਕਲ ਗਿਆ ਕਿ ਨਿਮਨ ਮੱਧ ਵਰਗੀ ਸਮਾਜ ਬਹੁਤ ਪਿੱਛੇ ਰਹਿ ਗਿਆ। ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਨੂੰ ਜਾਨ ਦੇ ਲਾਲੇ ਪੈ ਗਏ ਸਨ। ਕਾਰਲ ਮਾਰਕਸ ਨੇ ਇਸ ਨਵੇਂ ਉਠੇ ਪੂੰਜੀਵਾਦ ਦੀ ਰੌਸ਼ਨੀ ਵਿੱਚ ਆਪਣੇ ਸਮੇਂ ਦੀ ਅਰਥ-ਵਿਵਸਥਾ ਦਾ ਅਧਿਐਨ ਕੀਤਾ ਅਤੇ ਹੇਠਲੇ ਵਰਗਾਂ ਨੂੰ ਸੰਗਠਿਤ ਕਰ ਕੇ ਸੰਘਰਸ਼ ਦੇ ਰਾਹ ਤੋਰਿਆ। ਪ੍ਰਤਿਰੋਧ ਕਰੋ, ਸੰਗਠਿਤ ਹੋਵੋ ਅਤੇ ਲੜੋ! ਉਸ ਦੁਆਰਾ ਦਿੱਤੇ ਪ੍ਰਮੁੱਖ ਨਾਅਰੇ ਸਨ। ਉਸ ਨੇ ਸਮਾਜ ਨੂੰ ਯਥਾਸਥਿਤੀ ਵਾਦ ਨਾਲੋਂ ਤੋੜਿਆ ਅਤੇ ਅਸਹਿਮਤ ਹੋਣ ਦਾ ਮੰਤਰ ਦਿੱਤਾ। ਵੀਹਵੀਂ ਸਦੀ ਤਕ ਪੂਰੇ ਵਿਸ਼ਵ ਵਿੱਚ ਮਾਰਕਸ ਦੀ ਵਿਚਾਰਧਾਰਾ ਛਾਈ ਰਹੇ ਅਤੇ ਇਸ ਨੇ ਪੂੰਜੀਵਾਦੀ ਵਿਵਸਥਾ ਨੂੰ ਕਾਫ਼ੀ ਹੱਦ ਤੱਕ ਨਿਯੰਤ੍ਰਿਤ ਕਰੀ ਰੱਖਿਆ ਪਰ ਇੱਕੀਵੀਂ ਸਦੀ ਤੱਕ ਪਹੁੰਚਦਿਆਂ-ਪਹੁੰਚਦਿਆਂ ਪੂੰਜੀਵਾਦ ਫਿਰ ਤੋਂ ਬੇਮੁਹਾਰਾ ਹੋ ਤੁਰਿਆ ਅਤੇ ਸਭ ਤਰਫ਼ ਸਹਿਮਤੀ, ਯਥਾਸਥਿਤੀ ਅਤੇ ਸਮਝੌਤਾਵਾਦ ਵਾਲਾ ਵਾਤਾਵਰਣ ਬਣ ਗਿਆ।
ਪੂੰਜੀਵਾਦ ਨੇ ਬੰਦੇ ਦਾ ਚਰਿੱਤਰ ਬਦਲ ਦਿੱਤਾ ਹੈ। ਪੂੰਜੀਵਾਦੀ ਯੁੱਗ ਵਿੱਚ ਕੋਈ ਵੀ ਸ਼ਖਸ ਸੰਜਮੀ, ਆਦਰਸ਼ਵਾਦੀ ਜਾਂ ਪ੍ਰਤਿਰੋਧੀ ਨਹੀਂ ਰਹਿ ਗਿਆ। ਸਭ ਲੋਕ ਸਮਝੌਤਾਵਾਦੀ ਅਤੇ ਮੌਕਾਪ੍ਰਸਤ ਬਣਦੇ ਜਾ ਰਹੇ ਹਨ। ਵਿਅਕਤੀ ਦਾ ਸੁਗਠਿਤ ਵਜੂਦ ਖੰਡਿਤ ਅਤੇ ਵਿਗਠਿਤ ਹੋ ਕੇ ਰਹਿ ਗਿਆ ਹੈ। ਬਾਜ਼ਾਰ ਨੇ ਹਰ ਬੁੱਧੀਜੀਵੀ, ਇਨਕਲਾਬੀ ਅਤੇ ਅਸਹਿਮਤ ਧਿਰ ਨੂੰ ਆਪਣੇ ਵੱਲ ਖਿੱਚ ਲਿਆ ਹੈ। ਬਾਜ਼ਾਰ ਦੇ ਚੁੰਧਿਆਏ ਲੋਕ ਕੋਈ ਵੀ ਇਨਕਲਾਬੀ ਜਾਂ ਅਵਾਮਪੱਖੀ ਕਦਮ ਉਠਾਉਣ ਤੋਂ ਅਸਮਰਥ ਹੋ ਗਏ ਹਨ। ਸੰਸਾਰ ਦੇ ਕਿਸੇ ਵੀ ਕੋਨੇ ਤੋਂ ਪ੍ਰਤੀਰੋਧ ਜਾਂ ਇਨਕਲਾਬ ਦੀ ਸੱਚੀ ਆਵਾਜ਼ ਸੁਣਾਈ ਨਹੀਂ ਦਿੰਦੀ। ਸਿੱਟੇ ਵਜੋਂ ਗਰੀਬ ਅਤੇ ਵਿਪੰਨ ਲੋਕ ਅਨਿਆਇ ਦੇ ਦਮਨ-ਚੱਕਰ ਵਿੱਚ ਨਪੀੜੇ ਜਾ ਰਹੇ ਹਨ।
ਉਧਰ ਯੂਰਪ ਦੇ ਕਈ ਦੇਸ਼ਾਂ ਵਿੱਚ ਪ੍ਰਗਤੀਸ਼ੀਲ ਅਤੇ ਇਨਕਲਾਬੀ ਲੋਕਾਂ ਦੀਆਂ ਕੁਝ ਧਿਰਾਂ ਜੀਵਿਤ ਸਨ ਅਤੇ ਆਪਣੇ-ਆਪਣੇ ਦੇਸ਼ਾਂ ਦੀਆਂ ਸਰਕਾਰਾਂ ’ਤੇ ਉਨ੍ਹਾਂ ਦਾ ਕਾਫ਼ੀ ਦਬਦਬਾ ਵੀ ਸੀ ਪਰ ਹੁਣ ਦਬਦਬਾ ਘੱਟ ਗਿਆ ਹੈ। ਇੰਗਲੈਂਡ, ਅਮਰੀਕਾ, ਕੈਨੇਡਾ, ਫਰਾਂਸ ਅਤੇ ਇਨ੍ਹਾਂ ਵਰਗੇ ਹੋਰ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਉਪਰ ਸੱਜੇਪੱਖੀ-ਪ੍ਰਤੀਗਾਮੀ ਧਿਰਾਂ ਦਾ ਕਬਜ਼ਾ ਹੋ ਚੁੱਕਾ ਹੈ। ਭਾਰਤ ਦੀ ਕੇਂਦਰੀ ਸਰਕਾਰ ਉਪਰ ਵੀ ਸੱਜੇਪੱਖੀ ਪਾਰਟੀਆਂ ਦਾ ਗਠਜੋੜ ਕਾਬਜ਼ ਹੈ। ਅਸਹਿਮਤੀ ਦੇ ਤੇਵਰ ਨੂੰ ‘ਦੇਸ਼ ਨਾਲ ਗ਼ਦਾਰੀ’ ਕਰਨਾ ਮੰਨਿਆ ਜਾ ਰਿਹਾ ਹੈ। ਬੁੱਧੀਜੀਵੀ, ਲੇਖਕ ਅਤੇ ਅਸਹਿਮਤ ਧਿਰਾਂ ਖ਼ਾਮੋਸ਼ ਹਨ।
ਪਰ ਕੋਈ ਧਿਰ ਪਰਿਵਰਤਨ ਜਾਂ ਇਨਕਲਾਬ ਦੀ ਆਵਾਜ਼ ਉਠਾਏ, ਚਾਹੇ ਨਾ, ਤਬਦੀਲੀ ਤਾਂ ਕੁਦਰਤ ਦਾ ਅਟੱਲ ਨਿਯਮ ਹੈ। ਇਹ ਤਾਂ ਆ ਕੇ ਹੀ ਰਹੇਗੀ। ਸੱਜੇਪੱਖੀ ਪਾਰਟੀਆਂ ਦੇ ਆਪਣੇ ਅੰਦਰਲੇ ਵਿਰੋਧ ਹੀ ਉਨ੍ਹਾਂ ਦੇ ਖ਼ਾਤਮੇ ਲਈ ਕਾਫ਼ੀ ਹੋ ਜਾਣਗੇ। ਬਾਹਰੀ ਆਰਥਿਕ ਨਿਯਮ ਪੂੰਜੀਵਾਦੀ ਵਿਵਸਥਾ ਦੇ ਖ਼ਾਤਮੇ ਲਈ ਇੰਤਜ਼ਾਮ ਕਰਨ ਲੱਗਣਗੇ। ਨਵਾਂ ਯੁੱਗ ਅਤੇ ਨਵੀ ਵਿਵਸਥਾ ਦਾ ਆਗਮਨ ਜ਼ਰੂਰੀ ਹੈ। ਇਸ ਸੂਰਤ ਵਿੱਚ ਅਜੋਕਾ ਇਨਸਾਨ ਕਿਤੇ ਪਿੱਛੇ ਹੀ ਨਾ ਰਹਿ ਜਾਵੇ। ਉਸ ਨੂੰ ਮੂਹਰਲੀਆਂ ਸਫ਼ਾਂ ਵਿੱਚ ਆ ਕੇ ਯੁੱਧ ਕਰਨਾ ਹੀ ਹੋਵੇਗਾ ਵਰਨਾ ਅਸੀਂ ਆਪਣੀ ਕਾਇਨਾਤ ਨੂੰ ਕੀ ਮੂੰਹ ਵਿਖਾਵਾਂਗੇ?
-ਬ੍ਰਹਮ ਜਗਦੀਸ਼ ਸਿੰਘ
-ਮੋਬਾ ਨੰ : 98760-52136

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ