Sunday, May 19, 2024  

ਲੇਖ

ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ

May 06, 2024

4 ਮਈ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਮਾਂ ਚੰਦ ਕੌਰ ਦੀ ਕੁੱਖੋਂ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸਦਾ ਨਾਂ ਦਲੀਪ ਕੌਰ ਰੱਖਿਆ ਜਾਂਦਾ ਹੈ। ਦਲੀਪ ਕੌਰ ਨੇ ਆਪਣਾ ਬਚਪਨ ਪਟਿਆਲੇ ਭੂਆ ਗੁਲਾਬ ਕੌਰ ਤੇ ਫੁੱਫੜ ਤਾਰਾ ਸਿੰਘ ਦੇ ਘਰ ਹੀ ਮਾਣਿਆ। ਬੇਔਲਾਦ ਹੋਣ ਕਾਰਨ ਭੂਆ ਅਤੇ ਫੁੱਫੜ ਨੇ ਦਲੀਪ ਕੌਰ ਨੂੰ ਪਟਿਆਲੇ ਹੀ ਪੜ੍ਹਾਇਆ-ਲਿਖਾਇਆ,ਜਿੱਥੇ ਟਿਵਾਣਾ ਨੇ ਮੁੱਢਲੀ ਵਿੱਦਿਆ ਸਿੰਘ ਸਭਾ ਸਕੂਲ ਤੋਂ, ਮੈਟਿ੍ਰਕ ਵਿਕਟੋਰੀਆ ਗਰਲਜ਼ ਸਕੂਲ ਤੋਂ, ਬੀ.ਏ. ਮਹਿੰਦਰਾ ਕਾਲਜ ਪਟਿਆਲਾ(1954) ਤੋਂ ਅਤੇ ਫਿਰ ਇੱਥੋਂ ਹੀ ਪਹਿਲੇ ਦਰਜੇ ਵਿੱਚ ਐੱਮ.ਏ. ਪੰਜਾਬੀ ਕੀਤੀ।
1966 ਵਿੱਚ ਸਭ ਤੋਂ ਛੋਟੀ ਉਮਰ ਦੀ ਲੜਕੀ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ’ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ’ ਵਿਸ਼ੇ ’ਤੇ ਪੀ.ਐੱਚ.ਡੀ. ਕਰਨ ਦਾ ਮਾਣ ਦਲੀਪ ਕੌਰ ਟਿਵਾਣਾ ਦੇ ਹਿੱਸੇ ਹੀ ਆਇਆ। ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐੱਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ।
ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੁਝ ਚਿਰ ਕੰਮ ਕਰਨ ਤੋਂ ਬਾਅਦ ਟਿਵਾਣਾ ਨੇ ਲੰਬਾਂ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਕੀਤੀ। ਇੱਥੇ ਉਨ੍ਹਾਂ ਨੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ, ਰੀਡਰ 1971 ਤੋਂ 1981 ਤੱਕ, ਪ੍ਰੋਫੈਸਰ 1981 ਤੋਂ 1983 ਤੱਕ ਅਤੇ ਮੁਖੀ ਪੰਜਾਬੀ ਵਿਭਾਗ 1983 ਤੋਂ 1986 ਤੱਕ ਅਪਣੀ ਸੇਵਾ ਨਿਭਾਈ।
ਉਸ ਤੋਂ ਬਾਅਦ ਫਿਰ ਟਿਵਾਣਾ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਉਰਦੂ,ਪਰਸ਼ੀਅਨ ਐਂਡ ਅਰੈਬਿਕ ਮਲੇਰਕੋਟਲਾ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1987 ਤੋਂ 1989 ਤੱਕ ਇਹ ਜ਼ੁੰਮੇਵਾਰੀ ਨਿਭਾਈ। ਫਿਰ ਯੂਜੀਸੀ ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ਤੇ 1989 ਤੋਂ 1990 ਤੱਕ ਕੰਮ ਕੀਤਾ। 1992 ਤੋਂ 1994 ਤੱਕ ਉਨ੍ਹਾਂ ਨੇ ਪੁਨਰ ਨਿਯੁਕਤੀ ’ਤੇ ਸੇਵਾ ਕੀਤੀ। 1994 ਤੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
ਵਿੱਦਿਅਕ ਖੇਤਰ ਵਿੱਚ ਉਪਰੋਕਤ ਪ੍ਰਾਪਤੀਆਂ ਨਾਲ਼-ਨਾਲ਼ ਡਾ. ਦਲੀਪ ਕੌਰ ਟਿਵਾਣਾ ਨੇ ਪੰਜਾਬੀ ਸਾਹਿਤ ਦੀ ਝੋਲੀ ਜੋ ਨਾਵਲ ਦੇ ਰੂਪ ਵਿੱਚ ਅਨਮੋਲ ਖ਼ਜ਼ਾਨਾ ਪਾਇਆ, ਉਹ ਇਸ ਪ੍ਰਕਾਰ ਹੈ :-ਅਗਨੀ ਪ੍ਰੀਖਿਆ-1967, ਏਹੁ ਹਮਾਰਾ ਜੀਵਣਾ-1968,ਵਾਟ ਹਮਾਰੀ-1970, ਤੀਲੀ ਦਾ ਨਿਸ਼ਾਨ-1970, ਸੂਰਜ ਤੇ ਸਮੁੰਦਰ-1971,ਵਿਦ ਇਨ ਵਿਦਆਊਟ-1975,ਦੂਸਰੀ ਸੀਤਾ-1975, ਸਰਕੰਡਿਆਂ ਦੇ ਦੇਸ਼-1976, ਧੁੱਪ ਛਾਂ ਤੇ ਰੁੱਖ-1976, ਸਭੁ ਦੇਸੁ ਪਰਾਇਆ-1976,ਹੇ ਰਾਮ-1977,ਲੰਮੀ ਉਡਾਰੀ-1978, ਪੀਲੇ ਪੱਤਿਆਂ ਦੀ ਦਾਸਤਾਨ-1980, ਹਸਤਾਖਰ-1982,ਪੈੜਚਾਲ-1984, ਰਿਣ ਪਿੱਤਰਾਂ ਦਾ-1985, ਐਰ ਵੈਰ ਮਿਲਦਿਆਂ-1986, ਲੰਘ ਗਏ ਦਰਿਆ-1990,ਜ਼ਿਮੀਂ ਪੁੱਛੈ ਆਸਮਾਨ ਨੂੰ-1991, ਕਥਾ ਕੁਕਨੁਸ ਦੀ-1993,ਦੁਨੀ ਸੁਹਾਵਾ ਬਾਗੁ-1995,ਕਥਾ ਕਹੋ ਉਰਵਸੀ (ਇਸ ਰਚਨਾ ਨੂੰ ਪੰਜ ਭਾਗਾਂ- ਕਥਾ ਕਾਲੇ ਕੋਹਾਂ ਦੀ, ਕਥਾ ਕਲਯੁਗ ਦੀ, ਕਥਾ ਅਣਕਹੀ, ਕਥਾ ਇਕ ਹਉਕੇ ਦੀ ਅਤੇ ਕਥਾ ਕਾਲ-ਅਕਾਲ ਦੀ ਵਿੱਚ ਵੰਡਿਆ ਗਿਆ) -1999, ਭਉਜਲ-2001,ਉਹ ਤਾਂ ਪਰੀ ਸੀ-2002,ਮੋਹ ਮਾਇਆ-2003, ਜਨਮ ਜੂਏ ਹਾਰਿਆ-2005,ਖੜਾ ਪੁਕਾਰੇ ਪਾਤਣੀ-2006,ਪੌਣਾਂ ਦੀ ਜਿੰਦ ਮੇਰੀ-2006, ਖਿਤਿਜ ਤੋਂ ਪਾਰ-2007,ਤੀਨ ਲੋਕ ਸੇ ਨਿਆਰੀ-2008, ਤੁਮਰੀ ਕਥਾ ਕਹੀ ਨਾ ਜਾਏ-2008, ਵਿਛੜੇ ਸਭੋ ਵਾਰੋ ਵਾਰੀ-2011, ਤਖ਼ਤ ਹਜ਼ਾਰਾ ਦੂਰ ਕੁੜੇ-2011, ਜੇ ਕਿਧਰੇ ਰੱਬ ਟੱਕਰਜੇ-2018, ਗਫੂਰ ਸੀ ਉਸ ਦਾ ਨਾਓ-2019 ਦੇ ਨਾਂ ਵਰਣਨਯੋਗ ਹਨ।
ਨਾਵਲ ਤੋਂ ਇਲਾਵਾ ਰੇਖਾ ਚਿੱਤਰ-ਜਿਊਣ ਜੋਗੇ ਤੇ ਸਵੈ-ਜੀਵਨੀ ਸਾਹਿਤ ਵਿੱਚ ਪੂਛਤੇ ਹੋ ਤੋ ਸੁਨੋ (ਸਾਹਿਤਕ ਸਵੈ-ਜੀਵਨੀ), ਨੰਗੇ ਪੈਰਾਂ ਦਾ ਸਫ਼ਰ, ਤੇ ਤੁਰਦਿਆਂ ਤੁਰਦਿਆਂ’ ਦਾ ਨਾਂ ਵਿਸ਼ੇਸ਼ ਵਰਣਨਯੋਗ ਹੈ।
ਪੰਜਾਬੀ ਸਾਹਿਤ ਵਿੱਚ ਦਲੀਪ ਕੌਰ ਟਿਵਾਣਾ ਦੀ ਵੱਡੀ ਪਹਿਚਾਣ ਬੇਸ਼ੱਕ ਨਾਵਲਕਾਰ ਦੇ ਤੌਰ ’ਤੇ ਬਣੀ ਪਰ ਸਾਹਿਤਕ ਸਫ਼ਰ ਦੀ ਸ਼ੁਰੂਆਤ ਡਾ.ਟਿਵਾਣਾ ਨੇ ਇੱਕ ਕਹਾਣੀ ਤੋਂ ਹੀ ਕੀਤੀ ਸੀ। ਡਾ.ਟਿਵਾਣਾ ਆਪਣੀ ਸਾਹਿਤਕ ਸਵੈਜੀਵਨੀ ਵਿੱਚ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਦੱਸਦੀ ਹੈ ਕਿ "ਮੈਨੂੰ ਕਹਾਣੀਕਾਰ ਦੇ ਤੌਰ ’ਤੇ ਟੈਗੋਰ, ਸ਼ਰਤ ਚੰਦਰ,ਅਗੇਯ,ਵਿਸ਼ਨੂੰ ਪ੍ਰਭਾਕਰ,ਹੈਮਿੰਗਵੇ,ਹੈਨਰੀ ਜੇਮਜ਼,ਥਾਮਸ ਮਾਨ,ਕਾਮੂ,ਪਾਰਲਾਗਰ ਟਵਿਸਟ, ਕੁਰਤਲੇ ਹੈਦਰ ਤੇ ਕੁਲਵੰਤ ਸਿੰਘ ਵਿਰਕ ਚੰਗੇ ਲੱਗਦੇ ਹਨ ਪਰ ਸਭ ਤੋਂ ਵੱਧ ਚੰਗਾ ਲੱਗਦਾ ਹੈ ਰੂਸੀ ਲੇਖਕ ਚੈਖਵ।"
ਪ੍ਰਬਲ ਵਹਿਣ, ਤਰਾਟਾਂ, ਵੈਰਾਗੇ ਨੈਣ, ਵੇਦਨਾ, ਤੂੰ ਭਰੀ ਹੁੰਗਾਰਾ, ਪੀੜਾਂ (ਸੰਪਾਦਕ ਕੁਲਵੰਤ ਸਿੰਘ ਵਿਰਕ), ‘ਸਾਧਨਾ, ਯਾਤਰਾ, ਕਿਸੇ ਦੀ ਧੀ(ਸੰਪਾਦਕ ਕੁਲਵੰਤ ਸਿੰਘ ਵਿਰਕ),ਸਾਧਨਾ, ਇਕ ਕੁੜੀ, ਤੇਰਾ ਮੇਰਾ ਕਮਰਾ, ਮਾਲਣ, ਮੇਰੀਆਂ ਸਾਰੀਆਂ ਕਹਾਣੀਆਂ,ਮੇਰੀ ਪ੍ਰਤੀਨਿਧ ਰਚਨਾ ਪੁਸਤਕਾਂ ਡਾ. ਟਿਵਾਣਾ ਦੀ ਕਹਾਣੀਕਾਰ ਦੇ ਤੌਰ ’ਤੇ ਵਿਸ਼ੇਸ਼ ਪਹਿਚਾਣ ਹਨ।
ਇਸ ਤੋਂ ਇਲਾਵਾ ਬਾਲ ਸਾਹਿਤ ਵਿੱਚ ‘ਫੁੱਲਾਂ ਦੀਆਂ ਕਹਾਣੀਆਂ-1994, ਪੰਜਾਂ ਵਿਚ ਪਰਮੇਸ਼ਰ-1994,ਮੈਨੂੰ ਫੁੱਲ ਬਣਾ ਦਿਉ ਤੇ ਪੰਛੀਆਂ ਦੀਆਂ ਕਹਾਣੀਆਂ-2011 ਬਾਲ ਕਹਾਣੀ ਸੰਗ੍ਰਹਿ ਆਪ ਜੀ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ।
‘ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀ, ਪੰਜ ਪ੍ਰਮੁੱਖ ਕਹਾਣੀਕਾਰ, ਕਹਾਣੀ ਕਲਾ ਅਤੇ ਮੇਰਾ ਅਨੁਭਵ’ ਡਾ.ਟਿਵਾਣਾ ਦਾ ਆਲੋਚਨਾਤਮਕ ਕਾਰਜ ਹੈ।
ਬਾਬਾਣੀਆਂ ਕਹਾਣੀਆਂ, ਪੁਤ ਸਪੁਤ ਕਰੇਨਿ, ਪੈੜਾਂ, ਕਾਲੇ ਲਿਖ ਨਾ ਲੇਖ, ਅੱਠੇ ਪਹਿਰ, ਡਾ. ਮੋਹਨ ਸਿੰਘ ਦੀਵਾਨਾ: ਸਾਰੀਆਂ ਕਹਾਣੀਆਂ ਦੇ ਸੰਪਾਦਨ ਦਾ ਕਾਰਜ ਡਾ.ਟਿਵਾਣਾ ਨੇ ਬਾਖੂਬ ਕੀਤਾ। ਉਪਰੋਕਤ ਸਾਰੇ ਸਾਹਿਤਕ ਕਾਰਜ ਦੇ ਨਾਲ਼ ਆਪ ਨੇ ਅਨੁਵਾਦ ਦਾ ਵੀ ਮਹੱਤਵਪੂਰਨ ਕੰਮ ਕੀਤਾ।
ਆਪ ਦੀਆਂ ਰਚਨਾਵਾਂ ਵਿੱਚੋਂ ‘ਏਹੁ ਹਮਾਰਾ ਜੀਵਣਾ’, ਪੀਲੇ ਪੱਤਿਆਂ ਦੀ ਦਾਸਤਾਨ, ਵਾਟ ਹਮਾਰੀ, ਰਿਣ ਪਿੱਤਰਾਂ ਦਾ, ਸੱਚੋ ਸੱਚ ਦੱਸ ਵੇ ਜੋਗੀ ਅਤੇ ਬੀਬੀ ਬੰਸੋ’ ਕਹਾਣੀ ਅਤੇ ਜੀਵਨ ਬਾਰੇ ਟੈਲੀ ਫਿਲਮਾਂ,ਡਾਕੂਮੈਂਟਰੀ ਫ਼ਿਲਮਾਂ ਅਤੇ ਸੀਰੀਅਲ ਵੀ ਬਣੇ ਹੋਏ ਹਨ।
ਪੰਜਾਬੀ ਮਾਂ-ਬੋਲੀ ਹਿੱਸੇ ਰੂਹਦਾਰੀ ਤੋਂ ਆਪਣੀ ਕਲਮ ਦੀ ਕਮਾਈ ਪਾਉਣ ਵਾਲ਼ੀ ਮਹਾਨ ਲੇਖਕਾ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਰਚਨਾਵਾਂ ਬਦਲੇ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲ਼ੇ।
ਜਿੰਨ੍ਹਾਂ ਵਿੱਚ ਸਾਲ 1971 ਵਿੱਚ ’ਏਹੁ ਹਮਾਰਾ ਜੀਵਣਾ’ ਨਾਵਲ ਲਈ ਸਾਹਿਤ ਅਦਾਕਮੀ ਐਵਾਰਡ ਮਿਲ਼ਿਆ।
1987 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ,1994 ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਹਾਕੇ (1980-90) ਦੀ ਸਭ ਤੋਂ ਵਧੀਆ ਨਾਵਲਕਾਰ ਦਾ ਸਨਮਾਨ ਮਿਲ਼ਿਆ।
2004 ਵਿੱਚ ਪਦਮਸ਼੍ਰੀ ਸਨਮਾਨ (ਜੋ ਕਿ ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਸਨਮਾਨ ਹੈ)ਮਿਲ਼ਿਆ।
(ਅਕਤੂਬਰ 2015 ਵਿੱਚ ਮੌਕੇ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਦੇ "ਦਾਦਰੀ ਕਤਲਕਾਂਡ" ਨੂੰ ਇੱਕ ’ਛੋਟੀ ਜਿਹੀ ਘਟਨਾ’ ਕਹਿਣ ’ਤੇ ਆਪਣੇ ਮਨ ਦੇ ਰੋਸ ਨੂੰ ਪ੍ਰਗਟ ਕਰਦਿਆਂ ਦਲੀਪ ਕੌਰ ਟਿਵਾਣਾ ਨੇ ਆਪਣਾ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ।)
ਪਦਮਸ੍ਰੀ ਵਾਪਸੀ ਸਮੇਂ ਦਲੀਪ ਕੌਰ ਟਿਵਾਣਾ ਨੇ ਕਿਹਾ ਸੀ ਕਿ "ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਜ ਲਈ ਸ਼ਰਮਨਾਕ ਹਨ।"
2005 ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਪੰਜ ਪਾਣੀ ਐਵਾਰਡ, 2008 ਵਿੱਚ ਪੰਜਾਬ ਸਰਕਾਰ ਦਾ ਪੰਜਾਬੀ ਸਾਹਿਤ ਰਤਨ ਐਵਾਰਡ, 2011 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡੀ.ਲਿਟ ਦੀ ਉਪਾਧੀ ਦਿੱਤੀ ਗਈ।
ਪੰਜਾਬੀ ਸਾਹਿਤ ਜਗਤ ਵਿੱਚ ਉਹ ਪਹਿਲੀ ਔਰਤ ਸਨ ਜਿੰਨ੍ਹਾਂ ਦੀ ਰਚਨਾ ਕਥਾ ਕਹੋ ਉਰਵਸ਼ੀ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਦਿੱਤਾ ਗਿਆ। ਟਿਵਾਣਾ ਦੀ ਸ੍ਵੈਜੀਵਨੀ ਨੰਗੇ ਪੈਰਾਂ ਦਾ ਸਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਗੁਰਮੁਖ ਸਿੰਘ ਮੁਸਾਫਿਰ ਅਵਾਰਡ ਪ੍ਰਾਪਤ ਹੋਇਆ। ਡਾ.ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪਹਿਲੀ ਔਰਤ ਪ੍ਰਧਾਨ ਬਣੇ। ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਰ ਬਣ ਕੇ ਆਉਣ ਵਾਲੀ ਉਹ ਪਹਿਲੀ ਔਰਤ ਸਨ।
ਦਲੀਪ ਕੌਰ ਟਿਵਾਣਾ ਨੇ ਜੋ ਵੀ ਸਵੈ-ਪਹਿਚਾਣ ਬਣਾਈ ਉਹ ਉਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਕਾਇਮ ਕੀਤੀ। ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਲਾਤਾਂ ਅੱਗੇ ਨਹੀਂ ਝੁਕੀ ਸਗੋਂ ਉਸਨੇ ਹਮੇਸ਼ਾਂ ਆਪਣੀ ਅੰਦਰਲੀ ਔਰਤ ਦੀ ਸ਼ਕਤੀ ਨੂੰ ਪਹਿਚਾਣ ਕੇ ਸਮਾਜ ਵਿੱਚ ਵਿਚਰਦਿਆਂ ਚੁਣੌਤੀਆਂ ਨੂੰ ਵੰਗਾਰਦਿਆਂ ਸਾਹਿਤ ਨਾਲ਼ ਸਾਂਝ ਬਣਾਈ ਰੱਖੀ। ਪ੍ਰੋ: ਪ੍ਰੀਤਮ ਸਿੰਘ ਦਲੀਪ ਕੌਰ ਟਿਵਾਣਾ ਬਾਰੇ ਗੱਲ ਕਰਦਿਆਂ ਕਹਿੰਦੇ ਸਨ ਨੇ ਕਿ “ਜੇ ਕਿਸੇ ਨੇ ਇੱਕ-ਇੱਕ ਇੱਟ ਆਪਣੀ ਚਿਣਾਈ ਵਿੱਚ ਆਪ ਲਾਈ ਹੈ ਤਾਂ ਉਹ ਦਲੀਪ ਕੌਰ ਟਿਵਾਣਾ ਹੀ ਹੈ।"
ਅਖੀਰ ਸੰਖੇਪ ਬਿਮਾਰੀ ਨਾਲ਼ ਜੂਝਦਿਆਂ 31 ਜਨਵਰੀ 2020 ਨੂੰ ਮੈਕਸ ਸੁਪਰ ਸਪੈਸਲਿਟੀ ਹਸਪਤਾਲ, ਮੋਹਾਲੀ, ਚੰਡੀਗੜ੍ਹ ਵਿੱਚ ਦਲੀਪ ਕੌਰ ਟਿਵਾਣਾ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਪੰਜਾਬੀ ਸਾਹਿਤ ਜਗਤ ਦੇ ਪਾਠਕਾਂ ਦੇ ਦਿਲਾਂ ਵਿੱਚ ਦਲੀਪ ਕੌਰ ਟਿਵਾਣਾ ਆਪਣੀਆਂ ਰਚਨਾਵਾਂ ਸਦਕਾ ਹਮੇਸ਼ਾਂ ਜਿਉਂਦੇ ਰਹਿਣਗੇ।
-ਸੁਖਚੈਨ ਸਿੰਘ ਕੁਰੜ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ