ਸ੍ਰੀ ਫ਼ਤਹਿਗੜ੍ਹ ਸਾਹਿਬ/ 24 ਮਈ :
(ਰਵਿੰਦਰ ਸਿੰਘ ਢੀਂਡਸਾ)
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਰਾਸ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ 'ਸਕੂਲ ਆਫ ਹੈਪੀਨੈਸ ' ਵਜੋਂ ਵਿਕਸਤ ਕਰਨ ਲਈ 44 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਉਹਨਾਂ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਦੱਸਿਆ ਕਿ ਜਿੱਥੇ ਇਸ ਰਾਸ਼ੀ ਨਾਲ ਸਕੂਲ ਆਫ ਹੈਪੀਨੈਸ ਦੀ ਸ਼ਾਨਦਾਰ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ ਉੱਥੇ ਨਾਲ ਹੀ ਅਕਾਦਮਿਕ ਸੁਵਿਧਾਵਾਂ ਵਿੱਚ ਵੀ ਵੱਡਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਟੀਚਾ ਮਿਥਿਆ ਹੋਇਆ ਹੈ ਤਾਂ ਕਿ ਵਿਦਿਆਰਥੀ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਹਾਸਲ ਕਰਕੇ ਸਮੇਂ ਦੇ ਹਾਣੀ ਬਣ ਸਕਣ।ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਉਸਾਰੂ ਵਿਦਿਅਕ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਸਾਡੇ ਵਿਦਿਆਰਥੀ ਨਾ ਕੇਵਲ ਪੜ੍ਹਾਈ ਬਲਕਿ ਸੱਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿੱਚ ਵੀ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕਰ ਰਹੇ ਹਨ । ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਰਕਾਰੀ ਸਕੂਲ ਹਰ ਪੱਖੋਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ ਜਿਸ ਕਰਕੇ ਦਾਖਲਾ ਸੈਸ਼ਨ ਦੌਰਾਨ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵੱਡਾ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਜੀਤ ਕੌਰ, ਸਰਪੰਚ ਇੰਦਰਜੀਤ ਸਿੰਘ, ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਹਰਬੰਸ ਸਿੰਘ, ਸੀਐਚਟੀ ਗੁਰਮੀਤ ਸਿੰਘ, ਹੈਡ ਟੀਚਰ ਸੰਦੀਪ ਕੌਰ, ਗੁਰਨਾਮ ਸਿੰਘ, ਸ਼ਿੰਗਾਰਾ ਸਿੰਘ, ਬਿੱਕਰ ਸਿੰਘ, ਪੁਨੀਤ ਕਪੂਰ, ਗੁਰਮੀਤ ਸਿੰਘ ਪੰਚ, ਤੇਜਪਾਲ ਸਿੰਘ, ਹਰਮੇਸ਼ ਸਿੰਘ ਪੂਨੀਆ, ਜਗਜੀਤ ਸਿੰਘ ਚੋਲਟੀ ਖੇੜੀ, ਕੁਲਵਿੰਦਰ ਸਿੰਘ ਬੀਬੀਪੁਰ, ਵਰਿੰਦਰ ਸਿੰਘ ਭੰਗੂ, ਮੇਜਰ ਸਿੰਘ ਝਾਂਮਪੁਰ, ਸ਼ੁਕਰਦੀਨ, ਪ੍ਰਹਿਲਾਦ ਸਿੰਘ, ਹੈਪੀ ਭੈਣੀ, ਸਤਨਾਮ ਸਿੰਘ ਭੈਣੀ ਅਤੇ ਪੀਏ ਸਤੀਸ਼ ਲਟੌਰ ਸਮੇਤ ਹੋਰ ਆਗੂ ਅਤੇ ਪਿੰਡ ਵਾਸੀ ਹਾਜ਼ਰ ਸਨ।