ਸ੍ਰੀ ਫ਼ਤਹਿਗੜ੍ਹ ਸਾਹਿਬ/24 ਮਈ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ, ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ " ਕਾਉਂਸਲ ਦਾ ਕੌਂਸਲਰਸ" ਵਿਸ਼ੇ ਉੱਤੇ ਇੱਕ ਦਿਨਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਜ਼ਿਲ੍ਹੇ ਦੇ ਸਕੂਲੀ ਕੌਂਸਲਰਾਂ ਲਈ ਵਿਸ਼ੇਸ਼ ਤੌਰ 'ਤੇ "ਸਕੂਲਾਂ ਵਿੱਚ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨਾ" ਵਿਸੇ਼ ਹੇਠ ਕਰਵਾਈ ਗਈ।ਵਰਕਸ਼ਾਪ ਦਾ ਉਦੇਸ਼ ਸਕੂਲ ਕੌਂਸਲਰਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਗਰੂਕ ਕਰਨ ਅਤੇ ਵਿਦਿਆਰਥੀਆਂ ਲਈ ਸਹਾਇਕ ਵਾਤਾਵਰਣ ਬਣਾਉਣ ਲਈ ਉਨ੍ਹਾਂ ਦੀ ਸਮਰਥਾ ਵਿੱਚ ਵਾਧਾ ਕਰਨਾ ਸੀ।ਵਰਕਸ਼ਾਪ ਦੀ ਸ਼ੁਰੂਆਤ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕੀਤੀ ਗਈ। ਮੁੱਖ ਵਿਆਖਿਆਨ ਡਾ. ਦਮਨਜੀਤ ਸੰਧੂ, ਡੀਨ, ਡਾਇਰੈਕਟਰੇਟ ਆਫ ਇੰਟਰਨੈਸ਼ਨਲ ਅਫੇਅਰਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਬੱਚਿਆਂ, ਵਿੱਚ ਵਧ ਰਹੀਆਂ ਮਾਨਸਿਕ ਸਮੱਸਿਆਵਾਂ, ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਅਤੇ ਸਕੂਲਾਂ ਵਿੱਚ ਸੁਰੱਖਿਅਤ ਅਤੇ ਸਮਰਥਕ ਮਾਹੌਲ ਬਣਾਉਣ ਵਿੱਚ ਕੌਂਸਲਰਾਂ ਦੀ ਭੂਮਿਕਾ ਉੱਤੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ, ਨੌਜਵਾਨ ਇਤਿਹਾਸਕਾਰ ਸਿਮਰ ਸਿੰਘ ਨੇ ਇਤਿਹਾਸਕ ਘਟਨਾਵਾਂ ਰਾਹੀਂ ਪ੍ਰੇਰਣਾ ਅਤੇ ਕੌਂਸਲਿੰਗ 'ਤੇ ਆਪਣਾ ਵਿਚਾਰ ਰੱਖਿਆ। ਉਨ੍ਹਾਂ ਨੇ ਇਤਿਹਾਸਕ ਕਹਾਣੀਆਂ ਰਾਹੀਂ ਵਿਦਿਆਰਥੀਆਂ ਵਿੱਚ ਹੌਸਲਾ ਅਤੇ ਸੰਘਰਸ਼ ਕਰਨ ਦੀ ਸਮਰਥਾ ਵਧਾਉਣ 'ਤੇ ਜ਼ੋਰ ਦਿੱਤਾ।ਰੋਜ਼ਗਾਰ ਵਿਭਾਗ ਤੋਂ ਹਰਮਨਜੀਤ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੌਕਰੀਯੋਗ ਬਣਾਉਣ ਲਈ ਲਾਗੂ ਕੀਤੀਆਂ ਸਕੀਮਾਂ ਅਤੇ ਸਰੋਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਮਾਰਗਦਰਸ਼ਨ ਕੌਂਸਲਰ ਦੀਪਕ ਕੁਮਾਰ ਨੇ ਵੀ ਕਾਲਜ ਦੇ ਆਯੋਜਕਾਂ ਨਾਲ ਰਿਸ਼ਤਾ ਸਥਾਪਤ ਕੀਤਾ। ਕਾਲਜ ਟਰੱਸਟ ਦੇ ਮੈਂਬਰ ਜਗਦੀਪ ਸਿੰਘ ਚੀਮਾ ਅਤੇ ਅਵਤਾਰ ਸਿੰਘ ਰੀਆ ਵੀ ਇਸ ਮੌਕੇ ਮੌਜੂਦ ਸਨ। ਟਰੱਸਟ ਦੇ ਸਕੱਤਰ ਜਸਵਿੰਦਰ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਸਟਾਫ ਦੀ ਕੋਸ਼ਿਸ਼ ਦੀ ਸਰਾਹਨਾ ਕੀਤੀ।
ਵਰਕਸ਼ਾਪ ਦਾ ਸਮਾਪਨ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਹੋਇਆ। ਉਨ੍ਹਾਂ ਨੇ ਸਾਰੇ ਸਪੀਕਰਾਂ ਅਤੇ ਭਾਗੀਦਾਰਾਂ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਇਸ ਤਰਾਂ ਦੇ ਸਾਂਝੇ ਮੰਚਾਂ ਦੀ ਲੋੜ ਅਤੇ ਇਨ੍ਹਾ ਦੀ ਮਹੱਤਤਾ ਬਾਰੇ ਗੱਲ ਕੀਤੀ।ਇਸ ਵਰਕਸ਼ਾਪ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ 82 ਸਕੂਲਾਂ ਦੇ ਗਾਈਡੈਂਸ ਕੌਂਸਲਰਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਸਟਾਫ ਨੇ ਭਾਗ ਲਿਆ। ਇਹ ਵਰਕਸ਼ਾਪ ਸਕੂਲ ਪੱਧਰ 'ਤੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਸੀ।