ਸ੍ਰੀ ਫਤਿਹਗੜ੍ਹ ਸਾਹਿਬ /3 ਜੂਨ :
(ਰਵਿੰਦਰ ਸਿੰਘ ਢੀਂਡਸਾ)
ਸਿਹਤ ਵਿਭਾਗ ਵੱਲੋਂ ਜੂਨ ਮਹੀਨੇ ਨੂੰ ਬਤੌਰ ਮਲੇਰੀਆ ਵਿਰੋਧੀ ਮਹੀਨਾ ਮਨਾਇਆ ਜਾਵੇਗਾ। ਇਸ ਮਹੀਨੇ ਦੌਰਾਨ ਮੱਛਰ ਦੀ ਪੈਦਾਇਸ਼ ਨੂੰ ਰੋਕਣ ਅਤੇ ਆਮ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜਿਲੇ ਅੰਦਰ ਇਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਮਲੇਰੀਆ ਵਿਰੋਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤੀ। ਇਸ ਰੈਲੀ ਦੁਆਰਾ ਜ਼ਿਲਾ ਹਸਪਤਾਲ ਦੇ ਮਰੀਜ਼ਾਂ ਅਤੇ ਉਨਾਂ ਦੇ ਵਾਰਸਾਂ ਨੂੰ ਮਲੇਰੀਆ ਵਿਰੋਧੀ ਮਹੀਨੇ ਸਬੰਧੀ ਜਾਗਰੂਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ , ਪੰਜਾਬ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਭਾਗ ਵੱਲੋਂ 7 ਜੂਨ ਤੱਕ ਜਿਲੇ ਅੰਦਰ ਟੋਭਿਆਂ/ ਛੱਪੜਾਂ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਜਾਣਗੀਆਂ, 15 ਜੂਨ ਤੱਕ ਪ੍ਰਵਾਸੀ ਆਬਾਦੀ , ਭੱਠਿਆਂ, ਦਾਣਾ ਮੰਡੀਆਂ, ਝੁੱਗੀਆਂ ,ਝੌਂਪੜੀਆਂ, ਫੈਕਟਰੀ ਅਤੇ ਇੰਡਸਟਰੀ ਏਰੀਏ ਵਿੱਚ ਫੀਵਰ ਸਰਵੇ ਕੀਤਾ ਜਾਵੇਗਾ, 23 ਜੂਨ ਤੱਕ ਮੀਟਿੰਗਾਂ ਅਤੇ ਆਈ.ਈ.ਸੀ /ਬੀ.ਸੀ.ਸੀ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ 30 ਜੂਨ ਤੱਕ ਰੈਲੀਆਂ, ਮਾਈਕਿੰਗ, ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਹਨਾਂ ਆਮ ਲੋਕਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।ਜਿਲਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਜਿਲੇ ਅੰਦਰ ਇਹ ਗਤੀ ਵਿਧੀਆਂ ਕਰਨ ਲਈ ਜ਼ਿਲ੍ਹੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਲੇਰੀਆ ਵਿਰੋਧੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ ,ਜਿੰਨਾ ਵੱਲੋਂ ਹਰ ਰੋਜ਼ ਘਰਾਂ ਵਿੱਚ ਜਾ ਕੇ ਮੱਛਰ ਦਾ ਲਾਰਵਾ ਲੱਭਿਆ ਜਾਵੇਗਾ ,ਜੇਕਰ ਕਿਤੇ ਲਾਰਵਾ ਮਿਲਦਾ ਹੈ ਤਾਂ ਉਸਨੂੰ ਮੌਕੇ ਤੇ ਹੀ ਨਾਸ਼ਟ ਕੀਤਾ ਜਾਵੇਗਾ ਅਤੇ ਨਗਰ ਪਾਲਿਕਾ ਦੇ ਸਹਿਯੋਗ ਨਾਲ ਲਾਰਵਾ ਮਿਲਣ ਵਾਲੇ ਘਰਾਂ ਦੇ ਚਲਾਨ ਵੀ ਕੀਤੇ ਜਾਣਗੇ ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ ,ਸਹਾਇਕ ਮਲੇਰੀਆ ਅਫਸਰ ਸੋਮਨਾਥ, ਕੁਲਬੀਰ ਸਿੰਘ, ਸਿਹਤ ਕਰਮਚਾਰੀ ਜਗਰੂਪ ਸਿੰਘ, ਇਨਸੈਕਟ ਕਲੈਕਟਰ ਮਨਦੀਪ ਕੌਰ ਆਦਿ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਹਾਜ਼ਰ ਸਨ।