ਸ੍ਰੀ ਫ਼ਤਹਿਗੜ੍ਹ ਸਾਹਿਬ/25 ਜੂਨ:
(ਰਵਿੰਦਰ ਸਿੰਘ ਢੀਂਡਸਾ)
ਬਸੀ ਪਠਾਣਾਂ-ਮੋਰਿੰਡਾ ਸੜਕ ’ਤੇ ਪਿੰਡ ਨੌਗਾਵਾਂ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਇੱਕ 7 ਸਾਲਾ ਬੱਚੇ ਦੀ ਮੌਤ ਹੋ ਜਾਣ ਅਤੇ ਉਸਦੀ ਮਾਂ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਮੈੜਾਂ ਮੰਡਲਾਂ ਆਪਣੇ ਬੀਮਾਰ ਲੜਕੇ ਗੁਰਫ਼ਤਿਹ ਸਿੰਘ(7) ਨੂੰ ਐਕਟਿਵਾ ਸਕੂਟਰ ਪਿੱਛੇ ਬਿਠਾ ਕੇ ਨੌਗਾਵਾਂ ਤੋਂ ਦਵਾਈ ਲੈਣ ਜਾ ਰਹੀ ਸੀ।ਜਦੋਂ ਉਹ ਪਿੰਡ ਨੌਗਾਵਾਂ ਨੇੜਲੀ ਨਰਸਰੀ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੰਬਰ ਐਚ.ਆਰ.11.ਸੀ-6768 ਨੇ ਕਿਸੇ ਵਾਹਨ ਨੂੰ ਅਣਗਿਹਲੀ ਨਾਲ ਓਵਰਟੇਕ ਕਰਦੇ ਸਮੇਂ ਉਨਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ।ਜਿਸ ਕਾਰਨ ਸੜਕ ’ਤੇ ਡਿੱਗ ਕੇ ਗੁਰਪ੍ਰੀਤ ਕੌਰ ਅਤੇ ਗੁਰਫ਼ਤਿਹ ਸਿੰਘ ਗੰਭੀਰ ਜ਼ਖਮੀ ਹੋ ਗਏ।ਗੁਰਫ਼ਤਿਹ ਸਿੰਘ ਦੀ ਹਸਪਤਾਲ ’ਚ ਇਲਾਜ਼ ਦੌਰਾਨ ਮੌਤ ਹੋ ਗਈ ਜਦੋਂ ਕਿ ਗੁਰਪ੍ਰੀਤ ਕੌਰ ਇੱਕ ਨਿੱਜੀ ਹਸਪਤਾਲ ’ਚ ਇਲਾਜ਼ ਅਧੀਨ ਹੈ।ਮ੍ਰਿਤਕ ਦੇ ਦਾਦੇ ਦੇ ਬਿਆਨਾਂ ’ਤੇ ਟਰੱਕ ਦੇ ਨਾਮਾਲੂਮ ਚਾਲਕ ਵਿਰੁੱਧ ਕੇਸ ਦਰਜ ਕਰਕੇ ਥਾਣਾ ਬਸੀ ਪਠਾਣਾਂ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।