ਚੰਡੀਗੜ੍ਹ, 13 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪੰਜਾਬ ਤੇ ਅਰਜਨਟੀਨਾ ਵਿਚਾਲੇ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ।
ਅਰਜਨਟੀਨਾ ਦੇ ਸੈਂਟਰੋ ਐਗਰੋਟੈਕਨੀਕੋ ਰੀਜਨਲ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਇਸ ਵੱਕਾਰੀ ਸੰਸਥਾ ਦਾ ਸਟਾਫ਼ ਤੇ ਵਿਦਿਆਰਥੀ 8 ਤੋਂ 17 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਉੱਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਅਰਜਨਟੀਨਾ ਦੇ ਅਰਥਚਾਰੇ ਵਿੱਚ ਖੇਤੀਬਾੜੀ ਦਾ ਅਹਿਮ ਸਥਾਨ ਹੈ, ਖ਼ਾਸ ਤੌਰ ਉੱਤੇ ਪਸ਼ੂ-ਪਾਲਣ ਅਤੇ ਅਨਾਜ ਉਤਪਾਦਨ ਨਾਲ ਅਰਜਨਟੀਨਾ ਵਿਸ਼ਵ ਦੇ ਮੋਹਰੀ ਖੁਰਾਕ ਉਤਪਾਦਕਾਂ ਵਿੱਚ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀਆਂ ਸੰਸਥਾਵਾਂ ਵਿੱਚ ਖੇਤੀਬਾੜੀ ਦੇ ਵਿਸ਼ੇ ਬਾਰੇ ਪੜ੍ਹਾਈ ਕਰ ਰਹੇ ਇਹ ਵਿਦਿਆਰਥੀ ਪੰਜਾਬ ਵਿੱਚ ਚੱਲ ਰਹੀਆਂ ਆਧੁਨਿਕ ਖੇਤੀਬਾੜੀ ਜੁਗਤਾਂ ਬਾਰੇ ਜਾਣਨ ਲਈ ਇੱਥੇ ਆਏ ਹਨ।