ਸ੍ਰੀ ਫ਼ਤਹਿਗੜ੍ਹ ਸਾਹਿਬ/13 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਜਿਲੇ ਅੰਦਰ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਦੂਸਰੇ ਦਿਨ ਅੱਜ 0-5 ਸਾਲ ਦੇ 16497 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੁੱਲ 51374 ਬੱਚਿਆਂ ਵਿੱਚੋਂ ਦੋ ਦਿਨਾਂ ਵਿਚ 41265 ਬੱਚੇ ਕਵਰ ਕਰਕੇ 80 ਪ੍ਰਤੀਸ਼ਤ ਦਾ ਟੀਚਾ ਹਾਸਲ ਕੀਤਾ ਜਾ ਚੁੱਕਾ ਹੈ। ਚੁੰਨੀ ਕਲਾਂ ਵਿਖੇ ਘਰ ਫੇਰੀ ਟੀਮਾਂ ਦੀ ਚੈਕਿੰਗ ਕਰਨ ਮੌਕੇ ਡਾ. ਅਰਵਿੰਦ ਪਾਲ ਸਿੰਘ ਨੇ ਕਿਹਾ ਕਿ ਮਿਥੇ ਟੀਚੇ ਨੂੰ ਹਾਸਲ ਕਰਨ ਲਈ ਸਿਹਤ ਵਿਭਾਗ ਦੀਆਂ ਘਰ ਫੇਰੀ ਟੀਮਾਂ ਮੁਹਿੰਮ ਦੇ ਤੀਸਰੇ ਦਿਨ 14 ਅਕਤੂਬਰ ਨੂੰ ਵੀ ਘਰ-ਘਰ ਜਾ ਕੇ ਕਿਸੇ ਕਾਰਨ ਬੂਥਾਂ ਤੇ ਨਾ ਜਾ ਸਕਣ ਵਾਲੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ । ਉਹਨਾਂ ਦੱਸਿਆ ਕਿ ਭਾਵੇਂ ਬੱਚਾ ਬਿਮਾਰ ਹੈ, ਘਰ ਤੋਂ ਬਾਹਰ ਹੈ, ਪਹਿਲਾਂ ਰੋਟੀਨ ਟੀਕਾਕਰਨ ਵਿੱਚ ਪੋਲੀਓ ਬੂੰਦਾਂ ਪੀ ਚੁੱਕਾ ਹੈ ਤਾਂ ਵੀ 0-5 ਸਾਲ ਦੇ ਸਾਰੇ ਬੱਚਿਆਂ ਨੂੰ ਸਿਹਤ ਵਿਭਾਗ ਦੁਆਰਾ ਇਸ ਵਿਸ਼ੇਸ਼ ਪੋਲੀਓ ਮੁਹਿੰਮ ਤਹਿਤ ਕਵਰ ਕਰਨਾ ਯਕੀਨੀ ਬਣਾਇਆ ਜਾਵੇਗਾ।