ਸ੍ਰੀ ਫ਼ਤਹਿਗੜ੍ਹ ਸਾਹਿਬ/13 ਫਰਵਰੀ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲਾ ਟਰੇਨਿੰਗ ਅਨੈਕਸੀ ਵਿੱਚ ਸਿਹਤ ਵਿਭਾਗ ਵੱਲੋਂ ਜਿਲੇ ਅੰਦਰ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ )ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਸਾਂਸ (ਸੋਸ਼ਲ ਅਵੇਅਰਨੈਸ ਐਂਡ ਨਿਊਟਰੇਲਾਈਜ ਨਿਮੂਨੀਆ ਸਕਸੈਸਫੁਲੀ) ਪ੍ਰੋਗਰਾਮ ਤਹਿਤ ਇਕ ਰੋਜ਼ਾ ਸਿਖਲਾਈ ਦਿੱਤੀ ਗਈ । ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਨਮੂਨੀਆ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ , ਇਹ ਇੱਕ ਗੰਭੀਰ ਬਿਮਾਰੀ ਹੈ ਅਤੇ ਇਹ ਬਿਮਾਰੀ ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ । ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘੱਟ ਹੁੰਦੀ ਇਸ ਲਈ ਉਹ ਸਹਿਜੇ ਹੀ ਆਮ ਬਿਮਾਰੀਆਂ ਦਾ ਸ਼ਿਕਾਰ ਜਾਦੇ ਹਨ । ਉਹਨਾਂ ਦੱਸਿਆ ਕਿ ਬੱਚੇ ਨੂੰ ਉਚਿਤ ਸਮੇਂ ਤੇ ਉਚਿਤ ਮਾਤਰਾ ਵਿੱਚ ਮਾਂ ਦਾ ਦੁੱਧ ਪਿਲਾਉਣ ਅਤੇ ਸੰਪੂਰਨ ਟੀਕਾਕਰਨ ਕਰਾਉਣ ਨਾਲ ਉਸ ਵਿੱਚ ਰੋਗਾਂ ਵਿਰੁੱਧ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ , ਇਸ ਲਈ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਬੱਚਿਆਂ ਦੇ ਰੋਗਾਂ ਦੇ ਮਾਹਿਰ ਮਾਸਟਰ ਟ੍ਰੇਨਰ ਡਾ. ਸਤਵਿੰਦਰ ਸਿੰਘ ਨੇ ਨਮੂਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਉਲਟੀਆਂ,ਦਸਤ,ਖਾਂਸੀ ,ਜੁਕਾਮ ,ਸੁਸਤੀ,ਸਾਹ ਲੈਣ ਵਿੱਚ ਤਕਲੀਫ, ਦੁੱਧ ਨਾ ਪੀਣਾ, ਬੁਖਾਰ ਦੇ ਨਾਲ ਠੰਡ ਲੱਗਣੀ, ਚਮੜੀ ਦਾ ਲਾਲ ਹੋਣਾ, ਆਦਿ ਨਮੂਨੀਆ ਦੇ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਦਿਸਣ ਤੇ ਸਾਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਬੀਸੀਸੀ ਅਮਰਜੀਤ ਸਿੰਘ ਆਦਿ ਤੋ ਇਲਾਵਾ ਭਾਗੀਦਾਰੀ ਹਾਜਰ ਸਨ ।