ਸ੍ਰੀ ਫ਼ਤਹਿਗੜ੍ਹ ਸਾਹਿਬ/11ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ "ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਐਂਡ ਵੀਜੂਅਲ ਇੰਪੇਅਰਮੈਂਟ" ਤਹਿਤ ਜਿਲ੍ਹੇ ਅੰਦਰ 9 ਤੋਂ 15 ਮਾਰਚ ਤੱਕ ਵਿਸ਼ਵ ਗਲੋਕੋਮਾ ਵੀਕ ਮਨਾਇਆ ਜਾ ਰਿਹਾ ਹੈ ,ਜਿਸ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅੰਦਰ ਆਮ ਲੋਕਾਂ ਨੂੰ ਕਾਲੇ ਮੋਤੀਏ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ ਪਰ ਸਮੇਂ ਸਿਰ ਪਤਾ ਲੱਗਣ ਨਾਲ ਇਸ ਦਾ ਇਲਾਜ ਸੰਭਵ ਹੈ। ਉਹਨਾਂ ਦੱਸਿਆ ਕਿ ਜ਼ਿਲਾ ਹਸਪਤਾਲ ਅਤੇ ਸਬ ਡਿਵੀਜ਼ਨ ਹਸਪਤਾਲ ਵਿੱਚ ਕਾਲਾ ਮੋਤੀਆ ਦੀ ਜਾਂਚ ਸਬੰਧੀ ਮੁਫਤ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕਾਲੇ ਮੋਤੀਏ ਤੋਂ ਪੀੜਿਤ ਲੋਕਾਂ ਦੀ ਪਛਾਣ ਕਰਕੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ । ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ ਅਤੇ ਅੱਖਾਂ ਦੇ ਮਾਹਿਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਕਾਲੇ ਮੋਤੀਏ ਦੇ ਲੱਛਣਾ ਬਾਰੇ ਦੱਸਦਿਆਂ ਕਿਹਾ ਕਿ ਅੱਖਾਂ ਵਿੱਚ ਅਸਾਧਾਰਨ ਦਰਦ ,ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਪਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਿਸਣਾ ,ਅੱਖਾਂ ਵਿੱਚ ਦਰਦ ਅਤੇ ਲਾਲੀ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਗਲੂਕੋਮਾ ਦੇ ਲੱਛਣ ਹੁੰਦੇ ਹਨ। ਅਜਿਹਾ ਕੋਈ ਵੀ ਲੱਛਣ ਹੋਣ ਤੇ ਸਾਨੂੰ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ,ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਅਪਥਾਲਮਿਕ ਅਫਸਰ ਪ੍ਰਦੀਪ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਪਥਾਲਮਿਕ ਅਫਸਰ ਜੋਂਟੀ ਵਿੱਜ , ਧਰਮ ਸਿੰਘ, ਮਨਵੀਰ ਸਿੰਘ,ਗਗਨਦੀਪ ਸਿੰਘ , ਜਸਵੀਰ ਕੌਰ ਆਦਿ ਤੋਂ ਇਲਾਵਾ ਆਮ ਲੋਕ ਵੀ ਹਾਜ਼ਰ ਸਨ।