ਸ੍ਰੀ ਫ਼ਤਹਿਗੜ੍ਹ ਸਾਹਿਬ/15 ਮਈ:
(ਰਵਿੰਦਰ ਸਿੰਘ ਢੀਂਡਸਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਲਈ 12 ਫੀਸਦੀ ਵਾਧਾ ਕਰਕੇ ਇਤਿਹਾਸ ਸਿਰਜਿਆ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਲਈ 3 ਜਾਂ 4 ਫੀਸਦੀ ਤੋਂ ਵੱਧ ਬਜਟ ਨਹੀਂ ਰੱਖਿਆ। ਪੰਜਾਬ ਸਰਕਾਰ ਦਾ ਇਹ ਫੈਸਲਾ ਸਰਕਾਰ ਦੀ ਸਿੱਖਿਆ ਦੇ ਖੇਤਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੀ ਵਚਨਬੱਧਤਾ ਦਰਸਾਉਂਦਾ ਹੈ। ਇਹ ਪ੍ਰਗਟਾਵਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਹਲਕੇ ਦੇ 06 ਸਰਕਾਰੀ ਸਕੂਲਾਂ ਵਿੱਚ 47.08 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਇਹਨਾਂ ਦੋਵੇਂ ਖੇਤਰਾਂ, ਸਿੱਖਿਆ ਅਤੇ ਸਿਹਤ ਨੂੰ, ਪੂਰੀ ਤਰ੍ਹਾਂ ਅਣਗੋਲੀ ਰੱਖਿਆ ਪਰ ਮਾਨ ਸਰਕਾਰ ਨੇ ਇਹਨਾਂ ਦੋਵੇਂ ਹੀ ਖੇਤਰਾਂ ਨੂੰ ਵਿਕਾਸ ਦਾ ਮੁੱਖ ਧੁਰਾ ਬਣਾਇਆ ਅਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਅੱਜ ਸਿੱਖਿਆ ਪ੍ਰਣਾਲੀ ਅਤੇ ਸੁਵਿਧਾਵਾਂ ਦੇ ਪੱਧਰ ਤੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਰਹੇ ਹਨ। ਵਿਧਾਇਕ ਰਾਏ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਬੁਨਿਆਦੀ ਢਾਂਚਾ ਅਤੇ ਮਿਆਰੀ ਸਿੱਖਿਆ ਦੇਣ ਦੀ ਵਚਨਬੱਧਤਾ ਉਤੇ ਪਿਛਲੇ ਸਵਾ ਤਿੰਨ ਸਾਲਾਂ ਤੋਂ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਇਤਿਹਾਸਕ ਫੈਸਲਿਆਂ ਸਦਕਾ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਪੁਜੀਸ਼ਨਾ ਹਾਸਲ ਕਰਕੇ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੇਖੇ ਸੁਪਨੇ ਨੂੰ ਸਾਕਾਰ ਕਰਨ ਵੱਲ ਅਹਿਮ ਕਦਮ ਚੁੱਕਿਆ ਹੈ। ਵਿਧਾਇਕ ਰਾਏ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੁੰਨੀ ਮਾਜਰਾ ਵਿਖੇ 6.25 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਤਿੰਬਰਪੁਰ ਵਿਖੇ 10.54 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਭੂਆ ਖੇੜੀ ਵਿਖੇ 5.61 ਲੱਖ, ਸਰਕਾਰੀ ਮਿਡਲ ਸਕੂਲ ਭਗੜਾਣਾ ਵਿਖੇ 2.65 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਭਗੜਾਣਾ ਵਿਖੇ 9.13 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਦੂਮਾਜਰਾ ਵਿਖੇ 12.02 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਦਾਦੂਮਾਜਰਾ ਵਿਖੇ 1.60 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਰਨਾ ਵਿਖੇ 11.94 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਹਰਮੇਸ਼ ਪੂਨੀਆ, ਵਰਿੰਦਰ ਭੰਗੂ, ਜਗਜੀਤ ਚੋਲਟੀ ਖੇੜ੍ਹੀ, ਜਗਰੂਪ ਸਿੰਘ, ਅਜੀਤ ਸਿੰਘ ਤਿੰਬਰਪੁਰ, ਬਲਵੀਰ ਚੀਮਾ, ਹੈਪੀ ਸਰਪੰਚ ਭੈਣੀ ਕਲਾਂ, ਲੱਕੀ ਸਰਪੰਚ ਭਗੜਾਣਾ, ਸਤਵਿੰਦਰ ਕੌਰ ਸਰਪੰਚ ਭੂਆ ਖੇੜ੍ਹੀ, ਹਰਿੰਦਰ ਕੌਰ ਸਰਪੰਚ ਤਿੰਬਰਪੁਰ, ਮਨਜੀਤ ਸਿੰਘ ਬੈਦਵਾਣ ਸਰਪੰਚ ਦਾਦੂਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀ, ਸਕੂਲਾਂ ਦੇ ਅਧਿਆਪਕ, ਵਿਦਿਆਰਥੀ ਤੇ ਮਾਪੇ ਵੱਡੀ ਗਿਣਤੀ ਵਿੱਚ ਹਾਜਰ ਸਨ।