ਪਠਾਨਕੋਟ, 30 ਜੁਲਾਈ ( ਰਮਨ ਕਾਲੀਆ)
ਪਠਾਨਕੋਟ ਸ਼ਹਿਰ ਨਾਲ ਲੱਗਦੇ ਮਸ਼ਹੂਰ ਪਿੰਡ ਮਨਵਾਲ ਅਤੇ ਮਨਵਾਲ ਬਾਗ ਦੀ ਉੱਤਮ ਗਾਰਡਨ ਕਲੋਨੀ ਦੇ ਵਾਸੀਆਂ ਲਈ ਪਿਛਲੇ ਦਿਨ ਅਤੇ ਅੱਜ ਪਾਣੀ ਸਪਲਾਈ ਦੀ ਬੰਦ ਹੋਈ ਸੇਵਾ ਇਕ ਵੱਡੀ ਮੁਸੀਬਤ ਬਣ ਗਈ ਹੈ। ਘਰਾਂ ਦੀਆਂ ਟੂਟੀਆਂ ਵਿਚੋਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਆ ਰਹੀ, ਜਿਸ ਕਾਰਨ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਥੰਮ ਕੇ ਰਹਿ ਗਈ ਹੈ। ਪਾਣੀ ਦੀ ਕਿਲਤ ਨੇ ਇਲਾਕੇ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਲੋਕ ਬੀਤੇ ਦਿਨ ਅਤੇ ਅੱਜ ਸਵੇਰੇ ਤੋਂ ਸ਼ਾਮ ਤੱਕ ਪਾਣੀ ਦੀ ਉਡੀਕ ਕਰ ਰਹੇ ਹਨ, ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ।
ਮਹਿਲਾਵਾਂ, ਜੋ ਘਰੇਲੂ ਕੰਮਕਾਜ ਦਾ ਭਾਰ ਝੱਲਦੀਆਂ ਹਨ, ਪਾਣੀ ਦੀ ਕਮੀ ਕਾਰਨ ਚੁੱਲ੍ਹੇ ਠੰਢੇ ਹੋਣ ਦੀ ਸ਼ਿਕਾਇਤ ਕਰ ਰਹੀਆਂ ਹਨ। ਬੱਚਿਆਂ ਨੂੰ ਬਿਨਾਂ ਨਾਤੇ-ਧੋਤੇ ਹੀ ਸਕੂਲ ਭੇਜਣਾ ਪੈ ਰਿਹਾ ਹੈ, ਜਦ ਕਿ ਨੌਕਰੀ ਪੇਸ਼ਾ ਲੋਕ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਹੀ ਪ੍ਰੇਸ਼ਾਨੀ ਦਾ ਸਾਹ ਲੈ ਰਹੇ ਹਨ। ਸਵੇਰ ਦੀ ਚਾਹ ਵੀ ਨਹੀਂ ਬਣੀ, ਤੇ ਸਿੱਧਾ ਕੰਮ ਤੇ ਨਿਕਲਣ ਦੀ ਲੋੜ ਬਣ ਗਈ। ਦੂਜੇ ਪਾਸੇ ਬਜ਼ੁਰਗ ਅਤੇ ਬੀਮਾਰ ਲੋਕਾਂ ਲਈ ਤਾਂ ਇਹ ਘਾਟ ਇਕ ਵੱਡੀ ਸੰਕਟ ਬਣ ਗਈ ਹੈ। ਉਨ੍ਹਾਂ ਲਈ ਦਵਾਈਆਂ ਨਾਲ ਨਾਲ ਪੀਣ ਵਾਲਾ ਪਾਣੀ ਵੀ ਮਿਲਣਾ ਦੁਸ਼ਵਾਰ ਹੋ ਗਿਆ ਹੈ।
ਇਲਾਕੇ ਵਿੱਚ ਕਈ ਥਾਵਾਂ 'ਤੇ ਲੋਕ ਆਪਣੀ ਝੋਲੀ ਪਸਾਰ ਕੇ ਪਾਣੀ ਸਪਲਾਈ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਵਿਭਾਗ ਦੀ ਲਾਪ੍ਰਵਾਹੀ ਹੈ ਜੋ ਇੱਕ ਸਧਾਰਣ ਸਮੱਸਿਆ ਨੂੰ ਸਮਾਜਿਕ ਸੰਕਟ ਵਿੱਚ ਬਦਲ ਰਹੀ ਹੈ। ਲੋਕ ਇਹ ਵੀ ਸਵਾਲ ਉਠਾ ਰਹੇ ਹਨ ਕਿ ਕੀ ਸਬੰਧਤ ਅਧਿਕਾਰੀ ਉਨ੍ਹਾਂ ਦੀ ਆਵਾਜ਼ ਤਦ ਸੁਣਣਗੇ ਜਦੋਂ ਲੋਕ ਸੜਕਾਂ ’ਤੇ ਉਤਰਨਗੇ?
ਇਸ ਸੰਬੰਧ ਵਿੱਚ ਪਾਣੀ ਸਪਲਾਈ ਵਿਭਾਗ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਮੁੱਖ ਮੋਟਰ ਵਿੱਚ ਤਕਨੀਕੀ ਖ਼ਰਾਬੀ ਆ ਗਈ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਤਕਨੀਕੀ ਖ਼ਰਾਬੀ ਇੰਨੀ ਲੰਮੀ ਖਿੱਚੀ ਜਾ ਸਕਦੀ ਹੈ ਕਿ ਲੋਕ ਬਿਨਾਂ ਪਾਣੀ ਦੇ ਤਰਸਣ ਲਗ ਪੈਣ? ਕੀ ਵਿਭਾਗ ਕੋਲ ਐਮਰਜੈਂਸੀ ਪਲਾਨ ਨਹੀਂ ਬਣਾਇਆ ਗਿਆ? ਜੇ ਮੋਟਰ ਜਾਂ ਸਪਲਾਈ ਵਿੱਚ ਰੁਕਾਵਟ ਆਉਂਦੀ ਹੈ ਤਾਂ ਤੁਰੰਤ ਬਦਲਵਾਂ ਪ੍ਰਬੰਧ ਕਿਉਂ ਨਹੀਂ?