ਸਮਾਣਾ 15 ਮਈ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਸਦਰ ਪੁਲਸ ਨੇ ਟਿੱਪਰ- ਇਨੋਵਾ ਹਾਦਸੇ ’ਚ ਮਾਰੇ ਗਏ ਇਨੋਵਾ ਚਾਲਕ ਅਤੇ ਸਤ ਸਕੂਲੀ ਬੱਚਿਆਂ ਦੇ ਮਾਮਲੇ ’ਚ ਹਾਦਸਾ ਗ੍ਰਸਤ ਟਿੱਪਰ ਦੇ ਮਾਲਕਾਂ ਦਵਿੰਦਰ ਸਿੰਘ ਅਤੇ ਰਣਧੀਰ ਸਿੰਘ ਨੂੰ ਛੁਪਾਉਣ ਦੀ ਮਦਦ ਕਰਨ ਅਤੇ ਮੁਲਜਮਾਂ ਨੂੰ ਪਨਾਹ ਦੇਣ ਦੇ ਦੋਸ਼ ’ਚ ਉਹਨਾਂ ਦੇ ਕਰਹਾਲੀ ਅਤੇ ਬੰਮਨਾ ਪਿੰਡਾਂ ’ਚ ਰਹਿੰਦੇ ਰਿਸਤੇਦਾਰਾਂ ਤੇ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਸ ਦੇ ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਣੇ ਬਸ ਅੱਡਾ ਕਮਾਸਪੁਰ ’ਚ ਗਸਤ ਦੌਰਾਨ ਉਹਨਾਂ ਨੂੰ ਸੂਚਨਾ ਮਿਲੀ ਕਿ ਇਸ ਹਾਦਸੇ ’ਚ ਟਿੱਪਰ ਮਾਲਕਾਂ ਰਣਧੀਰ ਸਿੰਘ ਨੂੰ ਪਿੰਡ ਕਰਹਾਲੀ ਸਾਹਿਬ ’ਚ ਰਹਿੰਦੀ ਭੈਣ ਅਤੇ ਦਵਿੰਦਰ ਸਿੰਘ ਨੂੰ ਸੋਹਰੇ ਪ੍ਰੀਵਾਰ ਪਿੰਡ ਬੰਮਣਾ ਨੇ ਛੁਪਾ ਕੇ ਰੱਖਿਆ ਹੈ। ਦੋਵੇਂ ਪ੍ਰੀਵਾਰ ਉਕਤ ਵਿਅਕਤੀਆਂ ਨੂੰ ਛਪਾਉਣ ’ਚ ਸਹਾਇਤਾ ਕਰ ਰਹੇ ਹਨ । ਇਸ ਲਈ ਪੁਲਸ ਨੇ ਦੋਵੇਂ ਪ੍ਰੀਵਾਰਾਂ ਤੇ ਉਕਤ ਵਿਅਕਤੀਆਂ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਜਦੋਂ ਕਿ ਉਹਨਾਂ ਦੀ ਭਾਲ ’ਚ ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ।