ਸ੍ਰੀ ਫ਼ਤਹਿਗੜ੍ਹ ਸਾਹਿਬ/ 16 ਮਈ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਆਯੋਜਿਤ ਇੱਕ ਹਫ਼ਤੇ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਵਰਕਸ਼ਾਪ ਸਫ਼ਲਤਾਪੂਰਵਕ ਸੰਪੰਨ ਹੋ ਗਈ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਜਿੱਥੇ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਦੇ ਵੱਖ-ਵੱਖ ਵਿਹਾਰਕ, ਨੈਤਿਕ ਅਤੇ ਤਕਨੀਕੀ ਪਹਿਲੂਆਂ ਬਾਰੇ ਦੱਸਿਆ ਗਿਆ ਉਥੇ ਨਾਲ ਹੀ ਗ੍ਰਾਫਿਕ ਡਿਜ਼ਾਇਨਿੰਗ, ਲੋਗੋ ਡਿਜ਼ਾਈਨਿੰਗ, ਪੋਸਟਰ ਡਿਜ਼ਾਈਨਿੰਗ, ਥੰਬਨੇਲ ਡਿਜ਼ਾਈਨਿੰਗ, ਬ੍ਰਾਂਡਿੰਗ, ਯੂਟਿਊਬ ਟਰੇਨਿੰਗ ਆਦਿ ਵਿਸ਼ਿਆਂ ਸਬੰਧੀ ਅਹਿਮ ਜਾਣਕਾਰੀ ਪ੍ਰਦਾਨ ਕੀਤੀ ਗਈ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਪੱਤਰਕਾਰੀ ਵਿਭਾਗ ਦੇ ਇਸ ਉਸਾਰੂ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਦੇ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਨ ਦਾ ਅਵਸਰ ਮਿਲਿਆ ਜੋ ਵਿਦਿਆਰਥੀਆਂ ਦੇ ਸੰਚਾਰ ਹੁਨਰ ਅਤੇ ਸ਼ਖ਼ਸੀਅਤ ਉਸਾਰੀ ਲਈ ਲਾਹੇਵੰਦ ਸਾਬਤ ਹੋਵੇਗਾ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਫ਼ੋਟੋਗ੍ਰਾਫ਼ੀ, ਵੀਡੀਓਗ੍ਰਾਫੀ, ਫੋਟੋ ਅਤੇ ਵੀਡਿਓ ਸੰਪਾਦਨ ਦੀ ਬੁਨਿਆਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਕਲਾਤਮਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਵਿਹਾਰਕ ਸਿਖਲਾਈ ਵੀ ਪ੍ਰਦਾਨ ਕੀਤੀ ਗਈ।ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਾਲਜ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਾਤਾ ਗੁਜਰੀ ਕਾਲਜ ਵਿੱਚ ਸਾਲ 2006 ਤੋਂ ਪੱਤਰਕਾਰੀ ਵਿਭਾਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਭਾਗ ਤੋਂ ਪੜ੍ਹੇ ਵਿਦਿਆਰਥੀਆਂ ਨੇ ਵੱਖ-ਵੱਖ ਨਾਮਵਰ ਮੀਡੀਆ ਸੰਸਥਾਵਾਂ ਵਿੱਚ ਚੰਗੇ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੁਆਰਾ ਕਰਵਾਏ ਜਾ ਰਹੇ ਕੋਰਸਾਂ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਨੂੰ ਮਾਸਟਰ ਡਿਗਰੀ (ਐਮ.ਏ.ਜੇ.ਐਮ.ਸੀ.) ਅਤੇ ਬੈਚਲਰ ਡਿਗਰੀ (ਬੀ.ਏ.ਆਨਰਜ਼ ਜੇ.ਐਮ.ਸੀ.) ਵਿੱਚ ਪੜ੍ਹਾਉਣ ਤੋਂ ਇਲਾਵਾ ਅੰਡਰ ਗ੍ਰੈਜੂਏਸ਼ਨ (ਬੀ.ਏ.) ਪੱਧਰ 'ਤੇ ਚੋਣਵੇਂ ਵਿਸ਼ੇ ਦੇ ਤੌਰ 'ਤੇ ਵੀ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵਿਦਿਆਰਥੀਆਂ ਨੇ ਜ਼ੋਨਲ, ਰਾਜ ਅਤੇ ਰਾਸ਼ਟਰੀ ਪੱਧਰ ਦੇ ਯੁਵਕ ਮੇਲਿਆਂ ਅਤੇ ਮੀਡੀਆ ਫੈਸਟਾਂ ਵਿੱਚ ਫ਼ੋਟੋਗ੍ਰਾਫ਼ੀ ਅਤੇ ਲਘੂ ਫਿਲਮ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਕਾਲਜ ਦੇ ਦੋ ਯੂਟਿਊਬ ਚੈਨਲ - 'ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ' ਅਤੇ 'ਡੀਜੇਐਮਸੀ ਮਾਤਾ ਗੁਜਰੀ ਕਾਲਜ' ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਵਿਭਾਗ ਕੋਲ ਆਪਣਾ ਆਡੀਓ-ਵੀਡੀਓ ਸਟੂਡੀਓ ਅਤੇ ਮੀਡੀਆ ਸੈਂਟਰ ਵੀ ਹੈ ਜਿੱਥੇ ਵਿਦਿਆਰਥੀਆਂ ਵੱਲੋਂ ਇੰਟਰਵਿਊ, ਨਿਊਜ਼ ਰੀਡਿੰਗ, ਗਰੁੱਪ ਡਿਸਕਸ਼ਨ ਕਰਨ ਤੋਂ ਇਲਾਵਾ ਦਸਤਾਵੇਜ਼ੀ ਅਤੇ ਲਘੂ ਫਿਲਮਾਂ ਦਾ ਨਿਰਮਾਣ ਵੀ ਕੀਤਾ ਜਾਂਦਾ ਹੈ। ਪਿਛਲੇ ਸੈਸ਼ਨ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਲਿਖੀਆਂ 500 ਤੋਂ ਵੱਧ ਰਚਨਾਵਾਂ ਵੱਖ-ਵੱਖ ਨਾਮਵਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਨਿਖਾਰਨ ਲਈ ਵਿਭਾਗ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲੈਬ ਜਰਨਲ 'ਫ਼ਤਹਿ' ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਮਾਜਿਕ, ਰਾਜਨੀਤਕ, ਆਰਥਿਕ ਆਦਿ ਵਿਸ਼ਿਆਂ ਸਬੰਧੀ ਆਪਣੀਆਂ ਰਚਨਾਵਾਂ ਲਿਖਣ ਤੋਂ ਇਲਾਵਾ ਉਨ੍ਹਾਂ ਦਾ ਸੰਪਾਦਨ ਕਰਨ ਦਾ ਸਮੁੱਚਾ ਕਾਰਜ ਵੀ ਕੀਤਾ ਜਾਂਦਾ ਹੈ।