ਨਵਾਂਸ਼ਹਿਰ/ਚੰਡੀਗੜ੍ਹ, 16 ਮਈ
ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਤੋਂ ਸੂਬਾ ਪੱਧਰੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਦਾ ਇੱਕ ਹਿੱਸਾ ਹੈ ਜਿਸਦਾ ਉਦੇਸ਼ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨਾ ਹੈ।
ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, "ਇੱਥੇ ਆਉਣ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ ਲੋਕ ਕਹਿਣਗੇ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤੋਂ ਬਾਅਦ, ਨਸ਼ਿਆਂ ਦੀ ਦੁਰਵਰਤੋਂ ਥੋੜ੍ਹੀ ਘੱਟ ਗਈ ਹੈ, ਪਰ ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਲੋਕਾਂ ਨੇ ਕਿਹਾ ਕਿ ਸਾਡਾ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਿਆ ਹੈ। ਹੁਣ ਤਾਂ ਇੱਥੇ ਨਸ਼ਾ ਬਿਲਕੁਲ ਵੀ ਨਹੀਂ ਵਿਕਦਾ।"
ਕੇਜਰੀਵਾਲ ਨੇ ਕਿਹਾ ਕਿ ਇੱਥੋਂ ਦੇ ਸਰਪੰਚ ਨੇ ਮੈਨੂੰ ਦੱਸਿਆ ਕਿ 99 ਪ੍ਰਤੀਸ਼ਤ ਨਸ਼ਾ ਖ਼ਤਮ ਹੋ ਗਿਆ ਹੈ, ਸਿਰਫ਼ ਬੀਜ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬੀਜ ਨੂੰ ਵੀ ਖ਼ਤਮ ਕਰਨਾ ਹੈ ਅਤੇ ਇਸ ਦਾ ਜੜ੍ਹੋਂ ਸਫ਼ਾਇਆ ਕਰਨਾ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਦਨਾਮ ਕੀਤਾ ਸੀ। ਇਸ ਤੋਂ ਪਹਿਲਾਂ 'ਉਡਦਾ ਪੰਜਾਬ’ ਵਰਗੀਆਂ ਫ਼ਿਲਮਾਂ ਨਸ਼ੇ 'ਤੇ ਬਣਦਿਆਂ ਸਨ। ਜਦੋਂ ਕਿ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅਤੇ ਦੇਸ਼ ਦਾ ਨੰਬਰ ਇੱਕ ਸੂਬਾ ਸੀ। ਅੱਜ ਇਹ 17ਵੇਂ ਅਤੇ 18ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਪਿਛਲੀ ਸਰਕਾਰ ਦੇ ਮੰਤਰੀ ਖ਼ੁਦ ਆਪਣਿਆਂ ਕਾਰਾਂ ਵਿੱਚ ਨਸ਼ੇ ਲੈ ਕੇ ਜਾਂਦੇ ਸਨ ਅਤੇ ਪੂਰੇ ਪੰਜਾਬ ਵਿੱਚ ਵੰਡਦੇ ਸਨ। ਉਹ ਸਿਰਫ਼ ਨਸ਼ਾ ਤਸਕਰਾਂ ਦੇ ਨਾਲ ਹੀ ਨਹੀਂ ਮਿਲੇ ਹੋਏ ਸੀ, ਸਗੋਂ ਉਹ ਖ਼ੁਦ ਇੱਕ ਨਸ਼ਾ ਤਸਕਰ ਸਨ।
ਪਰ ਪਰਮਾਤਮਾ ਦੀ ਕਿਰਪਾ ਨਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣੀ। ਸਾਡਾ ਕੋਈ ਵੀ ਮੰਤਰੀ ਨਸ਼ੇ ਦਾ ਸੇਵਨ ਨਹੀਂ ਕਰਦਾ ਅਤੇ ਨਾ ਹੀ ਸਾਡੇ ਕਿਸੇ ਵੀ ਮੰਤਰੀ ਦਾ ਨਸ਼ਾ ਤਸਕਰਾਂ ਨਾਲ ਕੋਈ ਸਬੰਧ ਹੈ। ਇਸੇ ਲਈ ਅੱਜ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਪਿਛਲੇ ਢਾਈ ਮਹੀਨਿਆਂ ਵਿੱਚ 10,000 ਤੋਂ ਵੱਧ ਤਸਕਰ ਫੜੇ ਗਏ ਹਨ। ਇਨ੍ਹਾਂ ਵਿੱਚੋਂ ਸਿਰਫ਼ 1500 ਛੋਟੇ ਤਸਕਰ ਹਨ ਅਤੇ ਬਾਕੀ 8500 ਵੱਡੇ ਤਸਕਰ ਹਨ। ਪਹਿਲਾਂ, ਕਿਸੇ ਕੋਲ ਉਨ੍ਹਾਂ ਨੂੰ ਫੜਨ ਦੀ ਹਿੰਮਤ ਨਹੀਂ ਸੀ। ਉਨ੍ਹਾਂ ਤਰਨਤਾਰਨ ਵਿੱਚ 85 ਕਿੱਲੋ ਹੈਰੋਇਨ ਜ਼ਬਤ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਅੱਜ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਚੱਲ ਰਹੇ ਹਨ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਸਮਾਂ ਆਵੇਗਾ ਜਦੋਂ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਏ ਜਾਣਗੇ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਜਨਤਾ ਨੂੰ ਵੀ ਸ਼ਾਮਲ ਹੋਣਾ ਪਵੇਗਾ। ਜੇਕਰ ਪੰਜਾਬ ਦੇ ਤਿੰਨ ਕਰੋੜ ਲੋਕ ਸਰਕਾਰ ਨਾਲ ਜੁੜ ਜਾਣ ਤਾਂ ਸਾਨੂੰ ਨਸ਼ਾ ਖ਼ਤਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਨਸ਼ਾ ਖ਼ਤਮ ਕਰ ਦੇਵਾਂਗੇ, ਭਾਵੇਂ ਮੈਨੂੰ ਇਸ ਲਈ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ।
ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਇੱਕ ਜਨ ਲਹਿਰ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਹਰ ਪਿੰਡ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾਵੇਗੀ। ਸਾਡੇ ਮੰਤਰੀ, ਵਿਧਾਇਕ ਅਤੇ ਆਗੂ ਅਗਲੇ ਡੇਢ ਮਹੀਨੇ ਵਿੱਚ ਸਾਰੇ 13,000 ਪਿੰਡਾਂ ਦਾ ਦੌਰਾ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਲੋਕਾਂ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਨਸ਼ੇੜੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕਰਨ, ਖ਼ਾਸ ਕਰਕੇ ਉਨ੍ਹਾਂ ਦੀ ਜ਼ਮਾਨਤ ਨਾ ਕਰਾਉਣ ਦੀ ਅਪੀਲ ਕੀਤੀ।
ਉਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਪੀੜਤਾਂ ਨੂੰ ਜਲਦੀ ਤੋਂ ਜਲਦੀ ਦਾਖਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮੁੜ ਵਸੇਬਾ ਕੇਂਦਰਾਂ ਦੀ ਹਾਲਤ ਬਹੁਤ ਮਾੜੀ ਸੀ। ਉੱਥੇ ਲੋਕਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ, ਉਨ੍ਹਾਂ ਨੂੰ ਕੁੱਟਿਆ ਗਿਆ। ਅਸੀਂ ਇਸ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਸਾਰੇ ਨਸ਼ਾ ਛੁਡਾਊ ਕੇਂਦਰਾਂ ਨੂੰ ਏਅਰ ਕੰਡੀਸ਼ਨਡ ਬਣਾ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
'ਆਪ' ਕਨਵੀਨਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਅਗਲੇ ਇੱਕ ਸਾਲ ਵਿੱਚ ਪੰਜਾਬ ਦੇ ਸਾਰੇ 13,000 ਪਿੰਡਾਂ ਵਿੱਚ ਇੱਕ-ਇੱਕ ਖੇਡ ਮੈਦਾਨ ਬਣਾਇਆ ਜਾਵੇਗਾ। ਖੇਡ ਦੇ ਮੈਦਾਨਾਂ ਤੋਂ ਇਲਾਵਾ, 3000 ਵੱਡੇ ਪਿੰਡਾਂ ਵਿੱਚ ਜਿੰਮ ਵੀ ਬਣਾਏ ਜਾਣਗੇ ਤਾਂ ਜੋ ਨੌਜਵਾਨ ਨਸ਼ੇ ਤੋਂ ਬਾਹਰ ਆ ਸਕਣ ਅਤੇ ਆਪਣੀ ਸਿਹਤ ਅਤੇ ਭਵਿੱਖ ਨੂੰ ਬਿਹਤਰ ਬਣਾ ਸਕਣ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਰਿਸ਼ਵਤ ਅਤੇ ਸਿਫਾਰਸ਼ ਦੇ 55 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਹਿਲਾਂ, ਰਿਸ਼ਵਤ ਅਤੇ ਸਿਫਾਰਸ਼ ਤੋਂ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲਦੀ ਸੀ। ਪਰ ਅਸੀਂ ਯੋਗਤਾ ਦੇ ਆਧਾਰ 'ਤੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ। ਹੋਰ ਅਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਨੌਜਵਾਨਾਂ ਲਈ ਰੁਜ਼ਗਾਰ ਅਤੇ ਖੇਡਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਉਹ ਨਸ਼ੇ ਦੇ ਜਾਲ ਵਿੱਚ ਨਹੀਂ ਫਸਣਗੇ।
ਕੇਜਰੀਵਾਲ ਨੇ ਪੰਜਾਬ ਦੇ ਸਰਪੰਚਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਵਧਾਈ ਦਿੱਤੀ ਅਤੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸਾਰੇ ਪੁਲਿਸ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ।