ਸ੍ਰੀ ਫਤਿਹਗੜ੍ਹ ਸਾਹਿਬ/17 ਮਈ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਦਲਜੀਤ ਕੌਰ ਦੀ ਅਗਵਾਈ ਹੇਠ ਜਿਲੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ "ਵਿਸ਼ਵ ਹਾਈਪਰਟੈਂਸ਼ਨ ਦਿਵਸ" ਦੇ ਮੌਕੇ ਤੇ ਵਿਸ਼ੇਸ਼ ਕੈਂਪ ਲਗਾਕੇ "ਨੈਸ਼ਨਲ ਪ੍ਰੋਗਰਾਮ ਫਾਰ ਪਰਵੈਂਸ਼ਨ ਐਂਡ ਕੰਟਰੋਲ ਆਫ ਨਾਨ ਕਮੂਨੀਕੇਬਲ ਡਿਜੀਜ" ਤਹਿਤ 30 ਸਾਲ ਤੋਂ ਉੱਪਰ ਦੀ ਉਮਰ ਵਰਗ ਦੇ ਵਿਅਕਤੀਆਂ ਦਾ ਬਲੱਡ ਪ੍ਰੈਸ ਚੈੱਕ ਕਰਕੇ ਲੋੜਵੰਦ ਵਿਅਕਤੀਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਉਨਾਂ ਨੂੰ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ 17 ਮਈ ਤੋਂ 17 ਜੂਨ ਤੱਕ ਅਜਿਹੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਸ ਵਿੱਚ ਲੋੜਵੰਦ ਵਿਅਕਤੀਆਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ , ਉਹਨਾਂ ਕਿਹਾ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਹੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ ਇਸ ਲਈ ਇਸ ਸਬੰਧੀ ਜਾਗਰੂਕ ਹੋਣਾ ਅਤੀ ਜਰੂਰੀ ਹੁੰਦਾ ਹੈ।ਸੀਨੀਅਰ ਸਿਟੀਜਨਸ ਐਸੋਸੀਏਸ਼ਨ, ਸਰਹਿੰਦ ਦੇ ਸਹਿਯੋਗ ਨਾਲ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ "ਵਿਸ਼ਵ ਹਾਈਪਰਟੈਨਸ਼ਨ ਦਿਵਸ" ਦੇ ਮੌਕੇ ਤੇ ਲਗਾਏ ਗਏ ਇਸ ਵਿਸ਼ੇਸ਼ ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਕੰਵਲਦੀਪ ਸਿੰਘ ਨੇਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਹਾਈਪਰਟੈਂਸ਼ਨ ਜਿਸ ਨੂੰ ਆਮ ਭਾਸ਼ਾ ਵਿੱਚ ਵਧਿਆ ਹੋਇਆ ਬੱਲਡ ਪ੍ਰੈਸ਼ਰ ਕਿਹਾ ਜਾਂਦਾ ਹੈ, ਦੇ ਹੋਣ ਵਾਲੇ ਨੁਕਸਾਨਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਬੱਲਡ ਪ੍ਰੈਸ਼ਰ ਦੇ ਵੱਧਣ ਨਾਲ ਲੋਕਾਂ ਨੂੰ ਦਿਲ ਦਾ ਦੋਰਾ ਪੈਣਾ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ ਹੋਣਾ, ਗੁਰਦੇ ਖਰਾਬ ਹੋਣਾ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾ ਆਦਿ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੁਨੀਆ ਵਿੱਚ ਹਰ ਚੋਥਾ ਮਨੁੱਖ ਵੱਧ ਬੱਲਡ ਪ੍ਰੈਸ਼ਰ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ।ਕਈ ਵਾਰੀ ਇਸ ਦੇ ਕੋਈ ਸ਼ੁਰੂੂਆਤੀ ਲੱਛਣ ਸਾਹਮਣੇ ਨਹੀ ਆਉਂਦੇ ਪ੍ਰੰਤੁ ਗੰਭੀਰ ਬਿਮਾਰੀ ਹਾਰਟ ਅਟੈਕ ਜਾਂ ਸਟਰੋਕ ਹੋਣ ਤੇਂ ਹੀ ਇਸ ਪਤਾ ਲਗਦਾ ਹੈ ਇਸ ਲਈ 30 ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਲਈ ਨਿਯਮਿਤ ਤੋਂਰ ਤੇਂ ਆਪਣਾ ਬੱਲਡ ਪ੍ਰੈਸ਼ਰ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਅਲਕੋਹਲ ਅਤੇ ਤੰਬਾਕੂ ਪਦਾਰਥਾਂ, ਫੈਟ, ਤਲੀਆਂ ਤੇ ਮਸਾਲੇਦਾਰ ਚੀਜਾਂ ਦੀ ਵਰਤੋ ਤੋਂ ਪਰਹੇਜ ਕਰਕੇ ਸਾਨੂੰ ਸੰਤੁਲਿਤ ਖੁਰਾਕ ਜਿਸ ਵਿਚ ਹਰੇ ਪੱਤੇਦਾਰ ਸਬਜੀਆਂ,ਫੱਲ-ਫਰੂਟ ਅਤੇ ਘੱਟ ਫੈਟ ਵਾਲੀਆਂ ਚੀਜਾਂ ਦਾ ਹੀ ਸੇਵਨ ਕਰਕੇ ਅਤੇ ਰੋਜ਼ਾਨਾ ਕਸਰਤ ਕਰਨ ਨਾਲ ਬੱਲਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਨਾਰਮਲ ਰੱਖਿਆ ਜਾ ਸਕਦਾ ਹੈ । ਇਸ ਮੌਕੇ ਤੇ ਸ਼ਹਿਰ ਦੇ ਸੀਨੀਅਰ ਸਿਟੀਜਨਜ ਤੋਂ ਇਲਾਵਾ ਬੀਟੀਓ ਡਾ. ਪਰਵੀਨ ਕੌਰ, ਸਟਾਫ ਨਰਸ ਜਸਪਾਲ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਨਰਸਿੰਗ ਵਿਦਿਆਰਥੀ ਅਤੇ ਆਮ ਲੋਕ ਹਾਜ਼ਰ ਸਨ।