ਸ੍ਰੀ ਫ਼ਤਹਿਗੜ੍ਹ ਸਾਹਿਬ/19 ਮਈ :
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਖੇੜਾ ਬਲਾਕ ਅਧੀਨ ਆਉਂਦੇ ਦੋ ਪਿੰਡਾਂ ਬੀਬੀਪੁਰ ਅਤੇ ਡੰਘੇੜੀਆਂ ਵਿੱਚ ਦੌਰਾ ਕਰਕੇ ਪਿੰਡਾਂ ਦੀਆਂ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਦੀ ਸੁਰੱਖਿਆ ਅਤੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਕਾਰਜ ਦੀ ਪੂਰਤੀ ਹਿੱਤ ਉਹ ਸਮੇਂ ਸਮੇਂ ਤੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਜਾਇਜ਼ਾ ਲੈਂਦੇ ਰਹਿੰਦੇ ਹਨ।ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪਿੰਡਾਂ ਦੀਆਂ ਮਹਿਲਾ ਸਰਪੰਚਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਰਹਿੰਦੀਆਂ ਔਰਤਾਂ ਨਾਲ ਨਿਯਮਤ ਤੌਰ 'ਤੇ ਤਾਲਮੇਲ ਰੱਖਣ ਅਤੇ ਉਹਨਾਂ ਦੀਆਂ ਜਰੂਰਤਾਂ ਅਤੇ ਸਮੱਸਿਆਵਾਂ ਦਾ ਸਮੇਂ ਸਿਰ ਢੁਕਵਾਂ ਹੱਲ ਕਰਨ ਲਈ ਉਪਰਾਲੇ ਕਰਨ। ਸ਼੍ਰੀਮਤੀ ਗਿੱਲ ਨੇ ਕਿਹਾ ਕਿ ਲਗਾਤਾਰ ਤਾਲਮੇਲ ਰੱਖਣ ਨਾਲ ਬਹੁਤੇ ਮਸਲੇ ਪਿੰਡਾਂ ਵਿੱਚ ਹੀ ਸੁਲਝਾਏ ਜਾ ਸਕਦੇ ਹਨ। ਉਹਨਾਂ ਨੇ ਇਸ ਗੱਲ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਕਿ ਜਿਹੜੀਆਂ ਔਰਤਾਂ ਪਰਿਵਾਰਿਕ ਮਜਬੂਰੀਆਂ ਕਾਰਨ ਵਿੱਤੀ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਹਨ, ਉਹਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਸਰਗਰਮ ਯਤਨ ਕੀਤੇ ਜਾਣ ਜਿਸ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਵੈ ਸਹਾਇਤਾ ਗਰੁੱਪਾਂ ਦਾ ਗਠਨ ਕੀਤਾ ਜਾਵੇ ਅਤੇ ਬੈਂਕਾਂ ਰਾਹੀਂ ਕਰਜ਼ੇ ਮੁਹਈਆ ਕਰਵਾਏ ਜਾਣ।ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੀ ਅਸਲ ਨਬਜ਼ ਪਤਾ ਹੁੰਦੀ ਹੈ ਅਤੇ ਆਪਣਾ ਦਾਇਰਾ ਵਧਾਏ ਜਾਣ ਨਾਲ ਲੋੜਵੰਦਾਂ ਦੀ ਸਮੇਂ ਸਿਰ ਮਦਦ ਹੋ ਜਾਂਦੀ ਹੈ।ਆਪਣੇ ਦੌਰੇ ਦੌਰਾਨ ਚੇਅਰਪਰਸਨ ਨੇ ਪਿੰਡ ਬੀਬੀਪੁਰ ਅਤੇ ਡੰਘੇੜੀਆਂ ਵਿਖੇ ਜਨਤਕ ਸਥਾਨਾਂ 'ਤੇ ਹੋਏ ਪਿੰਡਾਂ ਦੀਆਂ ਮਹਿਲਾਵਾਂ ਦੇ ਇਕੱਠ ਦੌਰਾਨ, ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਉਠਾਉਣ ਬਾਰੇ ਵੀ ਪ੍ਰੇਰਿਤ ਕੀਤਾ। ਉਹਨਾਂ ਨੇ ਔਰਤਾਂ ਨੂੰ ਕਿਹਾ ਕਿ ਜਾਗਰੂਕਤਾ ਨੂੰ ਵਧਾਏ ਜਾਣ ਦੀ ਲੋੜ ਹੈ। ਉਹਨਾਂ ਨੇ ਮਹਿਲਾ ਸਰਪੰਚਾਂ ਨੂੰ ਕਿਹਾ ਕਿ ਕੇਵਲ ਪਿੰਡਾਂ ਦੇ ਝਗੜੇ ਨਿਪਟਾਉਣ ਤੱਕ ਸੀਮਤ ਨਾ ਹੋ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾਵੇ ਜਿਸ ਨਾਲ ਪਿੰਡਾਂ ਵਿੱਚ ਵਸਦੇ ਨਾਗਰਿਕਾਂ ਦੀਆਂ ਸੁਵਿਧਾਵਾਂ ਵਿੱਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆਂ ਵਿੱਚ ਮਹਿਲਾਵਾਂ ਦੀ ਖੱਜਲ ਖੁਆਰੀ ਨੂੰ ਰੋਕਣ ਅਤੇ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਿੱਚ ਲੋੜੀਂਦਾ ਸਹਿਯੋਗ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕਮਿਸ਼ਨ ਨਿਰੰਤਰ ਸਾਰਥਕ ਕਦਮ ਚੁੱਕ ਰਿਹਾ ਹੈ।