ਸ੍ਰੀ ਫ਼ਤਹਿਗੜ੍ਹ ਸਾਹਿਬ/24 ਮਈ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਵਿਖੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ 22 ਮਈ ਤੋਂ 5 ਜੂਨ ਤੱਕ ਇੱਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਉਦਾਘਟਨੀ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਪਲਾਸਟਿਕ ਰੂਪੀ ਵੱਧਦੇ ਪ੍ਰਦੂਸ਼ਣ ਦੇ ਖਤਰੇ ਬਾਰੇ ਸੁਚੇਤ ਕਰਦਿਆਂ ਦੱਸਿਆ ਕਿ ਮਨੁੱਖ ਦਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਜੋ ਨਾਸ਼ਵਾਨ ਹੈ, ਪਰ ਮਨੁੱਖ ਵੱਲੋਂ ਬਣਾਏ ਗਏ ਪਲਾਸਟਿਕ ਅਤੇ ਕੱਚ ਨਾਸ਼ਵਾਨ ਨਹੀਂ ਹਨ ਅਤੇ ਹਰ ਸਾਲ ਧਰਤੀ 'ਤੇ ਇਨ੍ਹਾਂ ਦਾ ਪਹਾੜ ਰੂਪੀ ਕਚਰਾ ਇਕੱਠਾ ਹੁੰਦਾ ਜਾ ਰਿਹਾ ਹੈ ਜਿਸ ਦਾ ਮਨੁੱਖਾਂ, ਪੰਛੀਆਂ ਅਤੇ ਜਾਨਵਰਾਂ 'ਤੇ ਮਾਰੂ ਪ੍ਰਭਾਵ ਪੈ ਰਿਹਾ ਹੈ। ਇਸ ਲਈ ਪਲਾਸਟਿਕ ਰੋਕਥਾਮ ਸਾਡੀ ਸੰਯੁਕਤ ਜ਼ਿੰਮੇਵਾਰੀ ਹੈ ਤਾਂ ਜੋ ਅਸੀਂ ਆਪਣੀ ਧਰਤੀ, ਜਲ, ਹਵਾ ਅਤੇ ਜੰਗਲਾਤ ਨੂੰ ਸੁਰੱਖਿਅਤ ਰੱਖ ਸਕੀਏ।ਇਸ ਪ੍ਰੋਗਰਾਮ ਦੇ ਕਨਵੀਨਰ ਕਾਲਜ ਦੇ ਬਾਟਨੀ ਅਤੇ ਵਾਤਾਵਰਣ ਵਿਭਾਗ ਦੇ ਮੁਖੀ ਡਾ. ਲਵਨੀਤ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਕਾਲਜ ਵਿਖੇ ਲਗਾਤਾਰ 5 ਜੂਨ ਤੱਕ ਚੱਲੇਗਾ ਜਿਸ ਵਿੱਚ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਜਾਗਰੂਕਤਾ ਲਈ ਵੱਖ-ਵੱਖ ਰਚਨਾਤਮਕ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਮੈਂਬਰ ਡਾ. ਨੀਤੂ ਤ੍ਰੇਹਨ, ਡਾ. ਅਜੈ ਸਿੰਘ, ਡਾ. ਵਿਜੇ ਸਿੰਘ, ਡਾ. ਸੰਦੀਪ ਕੁਮਾਰ ਸਿੰਘ ਅਤੇ ਡਾ. ਰਜਨੀਸ਼ ਠਾਕੁਰ ਆਦਿ ਹਾਜ਼ਰ ਸਨ।