ਸ੍ਰੀ ਫ਼ਤਹਿਗੜ੍ਹ ਸਾਹਿਬ/4 ਜੂਨ:
(ਰਵਿੰਦਰ ਸਿੰਘ ਢੀਂਡਸਾ)
ਬੀ.ਬੀ.ਐਸ.ਬੀ.ਈ.ਸੀ. (ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ), ਫਤਹਿਗੜ੍ਹ ਸਾਹਿਬ ਵੱਲੋਂ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟੇ੍ਨਿੰਗ ਐਸ.ਸੀ.ਈ.ਆਰ.ਟੀ( ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟੇ੍ਨਿੰਗ) ਮੋਹਾਲੀ ਦੇ ਸਹਿਯੋਗ ਨਾਲ ਐਸ.ਸੀ.ਈ.ਆਰ.ਟੀ. ਦਫ਼ਤਰ ਮੋਹਾਲੀ ਵਿਖੇ ਇੱਕ ਦਿਨਾ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜ਼ੀਟਲ ਸਾਖਰਤਾ, ਲਾਈਫ ਸਕਿਲਜ਼ ਅਤੇ ਮਾਨਸਿਕ ਸਿਹਤ ਵਰਗੇ ਵਿਸ਼ਿਆਂ 'ਤੇ ਕੇਂਦਰਿਤ ਸੀ।ਇਸ ਵਰਕਸ਼ਾਪ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਡਾਇਟ ਪ੍ਰਿੰਸੀਪਲਾਂ, ਸਰਕਾਰੀ ਸਕੂਲਾਂ ਦੇ ਜ਼ਿਲਾ ਕਾਊਂਂਸਲਰਾਂ ਅਤੇ ਅਨੇਕਾਂ ਅਧਿਆਪਕਾਂ ਨੇ ਭਾਗ ਲਿਆ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਹੈਡ ਅਤੇ ਡਾਇਰੈਕਟੋਰੇਟ ਆਫ ਇੰਟਰਨੈਸ਼ਨਲ ਅਫੇਅਰਜ਼ ਦੀ ਡੀਨ ਡਾ. ਦਮਨਜੀਤ ਸੰਧੂ ਨੇ ਸੰਬੋਧਨ ਕਰਦੇ ਹੋਏ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਡਿਜ਼ੀਟਲ ਲਿਟਰੇਸੀ ਅਤੇ ਮਾਨਸਿਕ ਸਿਹਤ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. ਅਮਨਜੋਤ ਕੌਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਦੀ ਵਰਤੋਂ ਬਾਰੇ ਪਰੈਟੀਕਲ ਸੈਸ਼ਨ ਲੈ ਕੇ ਹਾਜ਼ਰੀਨਾਂ ਨੂੰ ਰੋਜ਼ਾਨਾ ਦੇ ਦਫ਼ਤਰੀ ਕੰਮਾਂ ਲਈ ਲੋੜੀਂਦੇ ਡਿਜ਼ੀਟਲ ਹੁਨਰ ਸਿਖਾਏ। ਡਾ. ਮੋਹਿੰਦਰਪਾਲ ਕੌਰ ਸੰਧੂ ਨੇ ਲਾਈਫ ਸਕਿਲਜ਼ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਸਟੇਜ ਸਚਿਵ ਦੀ ਭੂਮਿਕਾ ਨਿਭਾਉਂਦੇ ਹੋਏ ਸਮਾਗਮ ਦੀ ਸ਼ਾਨਦਾਰ ਸਾਂਝ ਬਣਾਈ ਰੱਖੀ। ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਬੀ.ਬੀ.ਐਸ.ਬੀ.ਈ.ਸੀ. ਅਤੇ ਐਸ.ਸੀ.ਈ.ਆਰ.ਟੀ. ਦੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ।
ਐਸ.ਸੀ.ਈ.ਆਰ.ਟੀ. ਦੀ ਡਾਇਰੈਕਟਰ ਕਿਰਨ ਸ਼ਰਮਾ, ਪੀ.ਸੀ.ਐਸ. ਨੇ ਵਰਕਸ਼ਾਪ ਦੇ ਵਿਸ਼ਿਆਂ ਦੀ ਅਹਿਮੀਅਤ ਉਤੇ ਚਾਨਣਾ ਪਾਇਆ ਅਤੇ ਬੀ.ਬੀ.ਐਸ.ਬੀ.ਈ.ਸੀ. ਦੀ ਟੀਮ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਡਾ. ਬੂਟਾ ਸਿੰਘ ਸੇਖੋਂ, ਐਡੀਸ਼ਨਲ ਡਾਇਰੈਕਟਰ ਐਸ.ਸੀ.ਈ.ਆਰ.ਟੀ, ਨੇ ਵਰਕਸ਼ਾਪ ਦੀ ਸਰਾਹਨਾ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਬੀ.ਬੀ.ਐਸ.ਬੀ.ਈ.ਸੀ. ਨਾਲ ਹੋਰ ਸਾਂਝੇ ਉਪਰਾਲਿਆਂ ਦੀ ਇੱਛਾ ਪ੍ਰਗਟਾਈ। ਬੀ.ਬੀ.ਐਸ.ਬੀ.ਈ.ਸੀ. ਦੇ ਡੀਨ ਸਟੂਡੈਂਟ ਅਫੇਅਰਜ਼ ਡਾ. ਏ.ਪੀ.ਐਸ. ਸੇਠੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਰੂਪ ਵਿੱਚ ਸਪੀਕਰਾਂ, ਆਯੋਜਕਾਂ ਅਤੇ ਹਾਜ਼ਰੀਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਜੇ.ਐਸ. ਓਬਰੌਏ ਸਮੇਤ ਹੋਰ ਵਿਅਕਤੀ ਵੀ ਹਾਜ਼ਰ ਸਨ। ਇਸ ਸਮਾਗਮ ਦੀ ਯੋਜਨਾ ਉਲੀਕਣ ਅਤੇ ਲਾਗੂ ਕਰਨ ਵਿੱਚ ਡਾ. ਬਲਰਾਜ ਸਿੰਘ ਅਤੇ ਬੀ.ਬੀ.ਐਸ.ਬੀ.ਈ.ਸੀ. ਦੀ ਟੀਮ ਨੇ ਐਸ.ਸੀ.ਈ.ਆਰ.ਟੀ. ਦੇ ਸਹਿਯੋਗ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਸਾਂਝੀ ਕੋਸ਼ਿਸ਼ ਕਾਰਨ ਇਹ ਵਰਕਸ਼ਾਪ ਬਹੁਤ ਹੀ ਉਤਸ਼ਾਹਜਨਕ ਅਤੇ ਲਾਭਕਾਰੀ ਸਾਬਤ ਹੋਈ। ਇਹ ਵਰਕਸ਼ਾਪ ਸਿੱਖਿਆਕਾਰਾਂ ਦੀ ਸਮਰੱਥਾ ਨਿਰਮਾਣ ਵੱਲ ਇਕ ਮਜ਼ਬੂਤ ਕਦਮ ਹੈ ਜੋ ਉਨ੍ਹਾਂ ਨੂੰ ਨਵੇਂ ਯੁੱਗ ਦੀਆਂ ਤਕਨੀਕਾਂ ਅਤੇ ਸਮਾਜਿਕ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ।