ਲਹਿਰਾਗਾਗਾ, 44 ਜੂਨ
ਉੱਘੇ ਸਮਾਜ ਸੇਵਕ, ਪੰਜਾਬ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਪਿੰਡ ਖੋਖਰ ਖੁਰਦ ਦੇ ਸਾਬਕਾ ਸਰਪੰਚ, ਨੇਤਰਦਾਨੀ ਅਤੇ ਡਾ. ਦੇਵ ਰਾਜ ਡੀ.ਏ.ਵੀ. ਗਰੁੱਪ ਆਫ਼ ਸਕੂਲਜ਼ ਖਾਈ/ਲਹਿਰਾਗਾਗਾ ਦੇ ਸੰਸਥਾਪਕ ਮਰਹੂਮ ਡਾ. ਦੇਵ ਰਾਜ ਖੋਖਰ ਜੀ ਨੇ ਆਪਣੇ ਮਾਤਾ-ਪਿਤਾ ਵਲੋਂ ਚੰਗੇ ਸਮਾਜ ਸੇਵਾ ਵਾਲੇ ਸੰਸਕਾਰਾਂ ਦੀ ਪ੍ਰੇਰਣਾ ਨੂੰ ਅਮਲੀ ਜਾਮਾ ਪਹਿਣਾਉਦਿਆਂ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਿੰਨ੍ਹਾਂ ਕਰਕੇ ਡਾ. ਖੋਖਰ ਤੇ ਉਨਾਂ੍ਹ ਦੇ ਪਰਿਵਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ । ਆਯੂਰਵੈਦਿਕ ਵਿਭਾਗ ਦੇ ਡਾ. ਖੋਖਰ ਨੇ ਜਿੱਥੇ ਡਾਕਟਰੀ ਸੇਵਾ ਦੇ ਪੇਸ਼ੇ ਨੂੰ ਨਿਭਾਉਂਦਿਆਂ ਆਪਣੇ ਦ੍ਰਿੜ੍ਹ ਇਰਾਦੇ ਨਾਲ ਲੋਂਗੋਵਾਲ, ਪਸ਼ੌਰ, ਨੰਦਗੜ੍ਹ, ਸੁਨਾਮ ਅਤੇ ਮੈਦੇਵਾਸ ਆਦਿ ਪਿੰਡਾਂ ਵਿੱਚ ਆਯੂਰਵੈਦਿਕ ਡਿਸਪੈਂਸਰੀਆਂ ਮਨਜ਼ੂਰ ਕਰਵਾਈਆਂ ਤੇ ਇਹਨਾਂ ਦੀਆਂ ਇਮਾਰਤਾਂ ਦੀ ਉਸਾਰੀ ਲਈ ਯਤਨ ਜੁਟਾਏ । ਉਨ੍ਹਾਂ ਨੇ ਆਪਣੇ ਪਿੰਡ ਖੋਖਰ ਨੂੰ ਬਿਜ਼ਲੀ ਸਪਲਾਈ ਸਕੀਮ ਅਧੀਨ ਲਿਆਉਣ ਲਈ ਸਫ਼ਲ ਯਤਨ ਕੀਤਾ । ਇਸ ਦੇ ਨਾਲ ਹੀ ਪਿੰਡ ਨੇੜ੍ਹਿਓਂ ਲੰਘਣ ਵਾਲੀ ਹਿਸਾਰ-ਜਾਖਲ-ਲੁਧਿਆਣਾ ਰੇਲਵੇ ਲਾਇਨ ਦਾ ਪਿੰਡ ਦੇ ਲੋਕਾਂ ਨੂੰ ਲਾਭ ਦਿਵਾਉਣ ਲਈ ਆਪਣੇ ਪਿੰਡ ਦੇ ਰੇਲਵੇ ਸਟੇਸ਼ਨ ਗੋਬਿੰਦਗੜ੍ਹ ਖੋਖਰ ਵਿਖੇ ਕਈ ਯਾਤਰੀ ਗੱਡੀਆਂ ਦੇ ਠਹਿਰਾਓ ਕਰਵਾਉਣ ਲਈ ਰੇਲਵੇ ਵਿਭਾਗ ਨਾਲ ਦੋ-ਦੋ ਹੱਥ ਕੀਤੇ ਤੇ ਵੱਖ-ਵੱਖ ਯਾਤਰੂ ਗੱਡੀਆਂ ਦੇ ਠਹਿਰਾਓ ਮਨਜ਼ੂਰ ਕਰਵਾਉਣ ਵਿੱਚ ਪੂਰੀ-ਪੂਰੀ ਸਫਲਤਾ ਹਾਸਲ ਕੀਤੀ, ਜਿਸ ਦਾ ਸਿੱਧਾ-ਸਿੱਧਾ ਲਾਭ ਇੱਕ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕ ਲੈ ਰਹੇ ਹਨ । ਇੰਨਾਂ੍ਹ ਦੀ ਸਮਾਜ ਸੇਵਾ ਦੀ ਲਗਨ ਤੇ ਦ੍ਰਿੜ੍ਹ ਇਰਾਦੇ ਨੂੰ ਦੇਖਦਿਆਂ ਪਿੰਡ ਖੋਖਰ ਖੁਰਦ ਦੇ ਵਸਨੀਕਾਂ ਨੇ ਇਨ੍ਹਾਂ ਦੇ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋਣ ਉਪਰੰਤ ਸਰਬ-ਸੰਮਤੀ ਨਾਲ ਸਰਪੰਚੀ ਦੀ ਜਿੰਮੇਵਾਰੀ ਸੌਂਪ ਦਿੱਤੀ । ਆਪਣੇ ਰਾਜਨੀਤਿਕ ਅਸਰ ਰਸੂਖ ਤੇ ਸਰਪੰਚੀ ਦੀ ਜਿੰਮੇਵਾਰੀ ਨਾਲ ਜਿੱਥੇ ਪਿੰਡ ਵਿੱਚਲੀਆ ਸਾਰੀਆਂ ਗਲੀਆਂ, ਨਾਲੀਆਂ ਪੱਕੀਆਂ ਕਰਵਾਉਣ ਦੇ ਨਾਲ-ਨਾਲ ਪਿੰਡ ਨੂੰ ਲਿੰਕ ਸੜ੍ਹਕਾਂ ਰਾਹੀਂ ਦੂਸਰੇ ਪਿੰਡਾਂ ਨਾਲ ਜੋੜਿਆ ਉੱਥੇ ਪਿੰਡ ਵਿੱਚ ਖਰੀਦ ਕੇਂਦਰ ਅਤੇ ਟੈਲੀਫ਼ੋਨ ਐਕਸਚੇਂਜ ਤੋਂ ਇਲਾਵਾ ਹੋਰ ਵੀ ਵਿਕਾਸ ਦੇ ਕੰਮ ਕਰਵਾਏ, ਜਿਸਦਾ ਸਿੱਧਾ ਅਤੇ ਅਸਿੱਧਾ ਲਾਭ ਪਿੰਡ ਦੇ ਲੋਕਾਂ ਦੇ ਨਾਲ-2 ਇਲਾਕੇ ਦੇ ਲੋਕ ਵੀ ਲੈ ਰਹੇ ਹਨ । ਡਾ. ਖੋਖਰ ਵਿਚਾਰਧਾਰਕ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ । ਉਨਾਂ੍ਹ ਹਮੇਸ਼ਾ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਦਿਨ-ਰਾਤ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕੀਤਾ ।ਪਾਰਟੀ ਦੇ 14ਵੀਂ ਪਾਰਲੀਮੈਂਟ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੀ ਚੋਣ ਸਭਾ ਦੌਰਾਨ ਸੱਟ ਲੱਗਣ ਕਾਰਨ ਭਾਵੇਂ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਪ੍ਰੰਤੂ ਉਨਾਂ੍ਹ ਦਾ ਇਰਾਦਾ ਐਨਾ ਦ੍ਰਿੜ੍ਹ ਸੀ ਕਿ ਇਲਾਜ਼ ਕਰਵਾਉਣ ਨਾਲੋਂ ਵੋਟ ਪਾਉਣ ਤੇ ਪਵਾਉਣ ਨੂੰ ਤਰਜ਼ੀਹ ਦਿੱਤੀ । ਜਿੱਥੇ ਡਾ. ਖੋਖਰ ਨੇ ਕਾਂਗਰਸ ਪਾਰਟੀ, ਆਪਣੇ ਪੇਸ਼ੇ, ਸਮਾਜ ਸੇਵਾ ਤੇ ਪਿੰਡ ਤੇ ਇਲਾਕੇ ਦੀ ਤਰੱਕੀ ਲਈ ਹਰ ਸੰਭਵ ਯਤਨ ਕੀਤਾ ਉੱਥੇ ਉਨਾਂ੍ਹ ਪਰਿਵਾਰ ਦੇ ਧੀਆਂ- ਪੁੱਤਰਾਂ ਨੂੰ ਉਚੇਰੀ ਸਿੱਖਿਆ, ਚੰਗੇ ਸੰਸਕਾਰ ਅਤੇ ਲੋੜ੍ਹਵੰਦਾਂ ਦੀ ਮਦਦ ਕਰਨ ਦੀ ਪ੍ਰੇਰਣਾ ਵੀ ਦਿੱਤੀ । ਭਾਵੇਂ ਕਿ 5 ਜੂਨ 2004 ਨੂੰ ਡਾ. ਖੋਖਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਪ੍ਰੰਤੂ ਉਹ ਆਪਣੇ ਪਿੱਛੇ ਅਮਿੱਟ ਯਾਦਾਂ ਛੱਡ ਗਏ ਤੇ ਜਾਂਦੇ-ਜਾਂਦੇ ਵੀ ਉਹ ਸਮਾਜ ਲਈ ਸਰੀਰ ਦੇ ਅੰਗ ਅੱਖਾਂ ਵੀ ਕਿਸੇ ਹੋਰਨਾਂ ਨੂੰ ਇਸ ਹੁਸੀਨ ਦੁਨੀਆਂ ਦੇਖਣ ਲਈ ਦਾਨ ਕਰ ਗਏ । ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਕੇ-ਸਬੰਧੀ ਤੇ ਦੋਸਤ-ਮਿੱਤਰ ਆਦਿ ਸ਼ਰਧਾ ਦੇ ਫੁੱਲ ਭੇਂਟ ਕਰਨਗੇ - ਐੱਲ ਕੇ ਖੋਖਰ