ਅਮਰਗੜ੍ਹ 12 ਜੂਨ ( ਹਰਿੰਦਰ ਬਿੱਟੂ )
ਪੰਜਾਬ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਤਪਦੀ ਗਰਮੀ ਕਾਰਨ ਮਨੁੱਖਾਂ, ਜੀਵ ਜੰਤੂਆਂ ਅਤੇ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੈ l ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਬਣਿਆ ਹੋਇਆ ਹੈ l ਮੌਸਮ ਵਿਭਾਗ ਨੇ ਅੱਜ ਤੇ ਕੱਲ੍ਹ ਹੀਟਵੇਵ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਾਤ ਨੂੰ ਵੀ ਗਰਮੀ ਜ਼ਿਆਦਾ ਰਹੇਗੀ। ਗਰਮੀ ਵਧਣ ਕਰਕੇ ਪੰਜਾਬ ਅੰਦਰ ਬਿਜਲੀ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ l ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ 45.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ l ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਗਰਮੀ ਬਹੁਤ ਜ਼ਿਆਦਾ ਰਹੇਗੀ। 18, 19 ਅਤੇ 20 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਵੇਂ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਲੋਕਾਂ ਵੱਲੋਂ ਥਾਂ ਥਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ l ਪਰੰਤੂ ਸੜਕਾਂ ਉੱਪਰ ਸਮਾਨ ਅਸਮਾਨ ਵਿੱਚੋਂ ਅੱਗ ਵਰਸ ਰਹੀ ਹੈ l ਲੋਕ ਠੰਡਾ ਪਾਣੀ, ਨਿੰਬੂ ਪਾਣੀ, ਜਲ ਜੀਰਾ, ਲੱਸੀ, ਜੂਸ ਅਤੇ ਕੋਲਡ ਡਰਿੰਕਸ ਵਗੈਰਾ ਪੀ ਕੇ ਤਪਦੀ ਗਰਮੀ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ l ਡਾਕਟਰਾਂ ਅਨੁਸਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਕਿਸੇ ਕਾਰਨ ਦੇ ਬਾਹਰ ਨਾਂ ਨਿਕਲਿਆ ਜਾਵੇ l ਦੁਪਹਿਰ ਵੇਲੇ ਬਾਹਰ ਨਿਕਲਣ ਸਮੇਂ ਧਿਆਨ ਰੱਖਿਆ ਜਾਵੇ l ਬਾਹਰ ਚੱਲ ਰਹੀ ਲੂ ਧੂਆਂ ਕੱਢ ਰਹੀ ਹੈ l ਜੇਕਰ ਕਿਸੇ ਜਰੂਰੀ ਕੰਮ ਕਰਕੇ ਬਾਹਰ ਨਿਕਲਣਾ ਪੈਂਦਾ ਹੈ, ਤਾਂ ਸਿਰ ਢੱਕ ਕੇ, ਪਾਣੀ ਪੀ ਕੇ ਅਤੇ ਛੱਤਰੀ ਲੈ ਕੇ ਹੀ ਬਾਹਰ ਨਿਕਲਿਆ ਜਾਵੇ l ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ l ਗਰਮੀ ਦੇ ਝੰਬੇ ਹੋਏ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ l ਇਥੋਂ ਤੱਕ ਕਿ ਇੱਕ ਦੋ ਮੌਤਾਂ ਵੀ ਗਰਮੀ ਕਾਰਨ ਹੋ ਚੁੱਕੀਆਂ ਹਨ l ਮੌਸਮ ਵਿਭਾਗ ਅਨੁਸਾਰ ਦੋ - ਤਿੰਨ ਦਿਨਾਂ ਬਾਅਦ ਮੌਸਮ ਬਦਲਣ ਦੇ ਆਸਾਰ ਹਨ l ਲੋਕਾਂ ਨੂੰ ਅਪੀਲ ਹੈ ਕਿ ਉਹ ਸੁਚੇਤ ਰਹਿਣ, ਤੇ ਆਪਣਾ ਧਿਆਨ ਰੱਖਣ