ਸ੍ਰੀ ਫ਼ਤਹਿਗੜ੍ਹ ਸਹਿਬ /26 ਜੂਨ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਰਕਾਰੀ ਜਿਲਾ ਨਸ਼ਾ ਛੁਡਾਊ ਕੇਂਦਰ ਵਿੱਚ " ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ " ਦੇ ਮੌਕੇ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਨਸ਼ਾ ਵਿਅਕਤੀ ਦੀ ਜ਼ਿੰਦਗੀ ਦਾ ਨਾਸ਼ ਕਰਦਾ ਹੈ ,ਇਹ ਇੱਕ ਮਾਨਸਿਕ ਰੋਗ ਹੈ ਜਿਸ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਬਚਣ ਅਤੇ ਨਸ਼ਿਆਂ ਨੂੰ ਛੱਡਣ ਲਈ ਵਿਅਕਤੀ ਦਾ ਮਨੋਬਲ ਉੱਚਾ ਹੋਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਜ਼ਿਲ੍ਹਾ ਪੱਧਰ ਤੇ ਇੱਕ ਨਸ਼ਾ ਛੁਡਾਊ ਕੇਂਦਰ,ਇਕ ਮੁੜ ਵਸੇਵਾ ਕੇਂਦਰ ਅਤੇ 18 ਓਟ ਕਲੀਨਿਕਾਂ ਵਿੱਚ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਇਸ ਲਈ ਨਸ਼ੇ ਤੋਂ ਪੀੜਤ ਵਿਅਕਤੀ ਨੂੰ ਇਹਨਾਂ ਕੇਂਦਰਾਂ ਵਿੱਚ ਇਲਾਜ ਕਰਾਉਣ ਲਈ ਭੇਜਿਆ ਜਾਵੇ। ਉਹਨਾਂ ਆਮ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ "ਯੁੱਧ ਨਸ਼ਿਆਂ ਵਿਰੁੱਧ ਮੁਹਿੰਮ" ਵਿੱਚ ਸਹਿਯੋਗ ਕਰਨ ਲਈ ਵੀ ਪ੍ਰੇਰਿਤ ਕੀਤਾ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨਾਲ ਨਫਰਤ ਨਹੀਂ ਕਰਨੀ ਚਾਹੀਦੀ , ਸਗੋਂ ਉਨ੍ਹਾਂ ਦੀ ਨਸ਼ਾ ਛੱਡਣ ਵਿੱਚ ਮੱਦਦ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਲੋੜਵੰਦ ਵਿਅਕਤੀਆਂ ਨੂੰ ਜ਼ਿਲੇ ਅੰਦਰ ਚੱਲ ਰਹੀਆਂ ਸਰਕਾਰੀ ਨਸ਼ਾ ਛਡਾਓ ਕਲੀਨਿਕਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਅਤੇ ਮਾਨਸਿਕ ਰੋਗਾਂ ਦੇ ਮਾਹਰ ਡਾ. ਰੀਤੂ ਧੀਮਾਨ ਨੇ ਕਿਹਾ ਕਿ ਨਸ਼ੇ ਦੀ ਆਦਤ ਨਾ ਸਿਰਫ ਵਿਅਕਤੀ ਦੇ ਸਰੀਰ ਅਤੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖਤਮ ਕਰ ਦਿੰਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕੱਠੇ ਹੋ ਕੇ ਮਜ਼ਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਨਸ਼ਾ ਇੱਕ ਮਿੱਠਾ ਜਹਿਰ ਹੈ ਜਿਸ ਨਾਲ ਸ਼ਰੀਰ ਵਿਚ ਕੁੱਝ ਸਮੇਂ ਲਈ ਤਾਂ ਚੁਸਤੀ ਆ ਜਾਂਦੀ ਹੈ ਪਰ ਇਹ ਹੌਲੀ-ਹੌਲੀ ਸ਼ਰੀਰ ਦੇ ਅੰਦਰੂਨੀ ਅੰਗਾਂ ਨੂੰ ਖਤਮ ਕਰ ਰਿਹਾ ਹੁੰਦਾ ਹੈ । ਉਹਨਾਂ ਦੱਸਿਆ ਕਿ ਨਸ਼ੇ ਕਰਨ ਨਾਲ ਵਿਅਕਤੀ ਨੂੰ ਕੈਂਸਰ,ਦਿਲ ਦੀ ਬਿਮਾਰੀ,ਦਿਮਾਗ ਦੀ ਨਾੜੀ ਦਾ ਫੱਟਣਾ, ਗੁਰਦੇ ਖਰਾਬ ਹੋਣਾ, ਏਡਜ, ਕਾਲਾ ਪੀਲੀਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ । ਇਸ ਮੌਕੇ ਤੇ ਡਾ. ਸਰੀਤਾ, ਡਾ. ਕੇਡੀ ਸਿੰਘ, ਡਾ. ਰੀਤੂ ਧੀਮਾਨ, ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ , ਪ੍ਰਿਯੰਕਾ ਥਾਮਸ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਵੀ ਹਾਜਰ ਸਨ।