ਸ੍ਰੀ ਫ਼ਤਹਿਗੜ੍ਹ ਸਾਹਿਬ/19 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਧਰਮ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤੀ ਰੂਬਰੂ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਬਾਰੇ ਵਧੀਕ ਜਾਣਕਾਰੀ ਦਿੰਦਿਆਂ ਵਾਇਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਇਸ ਅਕਾਦਮਿਕ ਸਾਲ ਦਾ ਇਹ ਪਹਿਲਾ ਵਿਸ਼ੇਸ਼ ਭਾਸ਼ਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਸ਼ਣ ਲੜੀ ਦਾ ਇਹ ਅੱਠਵਾਂ ਭਾਸ਼ਣ ਪ੍ਰੋਫੈਸਰ ਬਲਕਾਰ ਸਿੰਘ ਸਾਬਕਾ ਚੇਅਰ ਪਰਸਨ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿੱਤਾ ਗਿਆ ਹੈ। ਪ੍ਰੋਫੈਸਰ ਬਲਕਾਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਤਿੰਨ ਮੂਲ ਸਿੱਖਿਆਵਾਂ ਦਿੰਦੀ ਹੈ ਪ੍ਰਵਾਨ ਕਰਨਾ, ਸਤਿਕਾਰ ਕਰਨਾ ਅਤੇ ਰਾਖੀ ਕਰਨਾ। ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਸਮਾਜ ਅਤੇ ਸਭਿਆਚਾਰ ਨੂੰ ਨਾਲ ਲੈ ਕੇ ਤੁਰਨ ਵਿੱਚ ਹੈ। ਗੁਰਬਾਣੀ ਦੇ ਸਿਧਾਂਤਾਂ ਨੂੰ ਅਕਾਦਮਿਕ ਮੁਹਾਵਰੇ ਵਿੱਚ ਸੰਸਾਰ ਸਾਹਮਣੇ ਲੈ ਕੇ ਆਉਣਾ ਸਮੇਂ ਦੀ ਵਡੀ ਲੋੜ ਹੈ।ਸਵਾਗਤੀ ਸ਼ਬਦ ਆਖਦਿਆਂ ਡੀਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਫੈਕਲਟੀ ਡਾ. ਹਰਦੇਵ ਸਿੰਘ ਨੇ ਵਿਦਵਾਨ ਵਕਤਾ ਦੀ ਜਾਣ ਪਛਾਣ ਕਰਾਈ ਅਤੇ ਇਸ ਭਾਸ਼ਣ ਲੜੀ ਦੇ ਉਦੇਸ਼ ਉੱਪਰ ਚਾਨਣਾ ਪਾਇਆ। ਉਹਨਾਂ ਆਖਿਆ ਕਿ ਬਦਲਦੀਆਂ ਲੋੜਾਂ ਅਤੇ ਚੁਣੌਤੀਆਂ ਨੂੰ ਸਨਮੁੱਖ ਹੁੰਦਿਆਂ ਗੁਰਮਤਿ ਸਿਧਾਂਤ ਗੁਰਬਾਣੀ ਵਿਆਖਿਆ ਅਤੇ ਸਿੱਖ ਇਤਿਹਾਸ ਸਬੰਧੀ ਮਿਆਰੀ ਅਤੇ ਭਰੋਸੇਯੋਗ ਆਨਲਾਈਨ ਕੰਟੈਂਟ ਤਿਆਰ ਕਰਨਾ ਬੇਹਦ ਜਰੂਰੀ ਹੈ। ਸਮਾਗਮ ਦੇ ਅਖੀਰ ਵਿੱਚ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਕਿਰਨਦੀਪ ਕੌਰ ਨੇ ਵਿਦਵਾਨ ਵਕਤਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪਲਵਿੰਦਰ ਕੌਰ, ਡਾ.ਬ ਅਜੈਪਾਲ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜਰ ਸਨ।