ਸ੍ਰੀ ਫ਼ਤਹਿਗੜ੍ਹ ਸਾਹਿਬ/7 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
“ਬੇਸੱਕ ਸਿੱਖ ਕੌਮ ਦੇ ਪੰਜੇ ਤਖਤ ਸਾਹਿਬਾਨ ਅਤਿ ਸਤਿਕਾਰਿਤ ਅਤੇ ਪ੍ਰਵਾਨਿਤ ਹਨ । ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਪੰਜੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਸਮੁੱਚੀ ਸਹਿਮਤੀ ਨਾਲ ਹੀ ਖਾਲਸਾ ਪੰਥ ਲਈ ਹੁਕਮਨਾਮੇ ਅਤੇ ਕੌਮ ਪੱਖੀ ਫੈਸਲੇ ਹੁੰਦੇ ਹਨ । ਪਰ ਸਿੱਖ ਅਤੇ ਕੌਮੀ ਰਵਾਇਤਾ ਅਨੁਸਾਰ ਇਹ ਹੁਕਮਨਾਮੇ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੀ ਕਾਇਮ ਮੁਕਾਮ ਜਥੇਦਾਰ ਸਾਹਿਬ ਵੱਲੋ ਹੀ ਸਮੁੱਚੀ ਸਿੱਖ ਕੌਮ ਲਈ ਸਦੀਆਂ ਤੋ ਜਾਰੀ ਹੁੰਦੇ ਆ ਰਹੇ ਹਨ । ਅਜਿਹੇ ਹੁਕਮਨਾਮਿਆ ਅੱਗੇ ਸਮੁੱਚੀ ਸਿੱਖ ਕੌਮ ਤੇ ਹਰ ਗੁਰੂ ਨਾਨਕ ਨਾਮ ਲੇਵਾ ਸੀਸ ਝੁਕਾਉਦਾ ਹੈ । ਲੇਕਿਨ ਕੁਝ ਸਮੇ ਤੋ ਬੀਜੇਪੀ-ਆਰ.ਐਸ.ਐਸ ਤੇ ਹੋਰ ਫਿਰਕੂ ਸੰਗਠਨਾਂ ਤੇ ਜਮਾਤਾਂ ਵੱਲੋ ਤਖਤ ਸ੍ਰੀ ਹਜੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਉਤੇ ਹਕੂਮਤੀ ਅਜਾਰੇਦਾਰੀ ਕਾਇਮ ਕਰਨ ਹਿੱਤ ਅਤੇ ਖਾਲਸਾ ਪੰਥ ਦੇ ਕੌਮੀ ਫੈਸਲਿਆ ਵਿਚ ਦਖਲ ਦੇਣ ਦੇ ਹਕੂਮਤੀ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਤੇ ਜਥੇਦਾਰ ਸਾਹਿਬਾਨ ਜੋ ਆਪਣੇ ਸਿੱਖੀ ਕੇਦਰ ਧੂਰੇ ਸ੍ਰੀ ਅਕਾਲ ਤਖਤ ਸਾਹਿਬ ਤੋ ਦੂਰ ਹੋ ਕੇ ਹੁਕਮਰਾਨਾਂ ਅਤੇ ਸਿਆਸੀ ਜਾਲ ਵਿਚ ਗ੍ਰਸਤ ਹੋ ਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ, ਮਹਾਨ ਸਿਧਾਂਤ ਤੇ ਮਰਿਯਾਦਾਵਾਂ ਦਾ ਘਾਣ ਕਰਕੇ ਸਿੱਖ ਕੌਮ ਨੂੰ ਭਰਾਮਾਰੂ ਜੰਗ ਵੱਲ ਧਕੇਲਣ ਦੀ ਬਜਰ ਗੁਸਤਾਖੀ ਕਰਦੇ ਨਜਰ ਆ ਰਹੇ ਹਨ । ਜੋ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ, ਸਿਧਾਤਾਂ ਅਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨਾਲ ਬਿਲਕੁਲ ਵੀ ਮੇਲ ਨਹੀ ਖਾਂਦੀ। ਇਸ ਲਈ ਤਖਤ ਸ੍ਰੀ ਹਜੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਤੇ ਜਥੇਦਾਰ ਸਾਹਿਬਾਨ ਵੱਲੋ ਖਾਲਸਾ ਪੰਥ ਵਿਰੋਧੀ ਤਾਕਤਾਂ ਤੇ ਸਿਆਸੀ ਜਾਲ ਵਿਚ ਗ੍ਰਸਤ ਹੋ ਕੇ ਅਜਿਹਾ ਕੋਈ ਵੀ ਅਮਲ ਨਹੀ ਹੋਣਾ ਚਾਹੀਦਾ ਜਿਸ ਨਾਲ ਸਾਡੇ ਖਾਲਸਾ ਪੰਥ ਦੇ ਰੁਹਾਨੀਅਤ ਭਰੇ ਅਤੇ ਦੁਨਿਆਵੀ ਸਿਆਸਤ ਨੂੰ ਸੇਧ ਦੇਣ ਵਾਲੇ ਮੁੱਖ ਧੂਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੋ ਮੂੰਹ ਮੋੜੇ ਅਤੇ ਉਥੋ ਜਾਰੀ ਹੋਣ ਵਾਲੇ ਹੁਕਮਾਂ ਦੀ ਕੋਈ ਸਿੱਖ ਅਵੱਗਿਆ ਕਰਨ ਦੀ ਗੁਸਤਾਖੀ ਕਰੇ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ ।