ਸ੍ਰੀ ਫ਼ਤਹਿਗੜ੍ਹ ਸਾਹਿਬ /25 ਅਗਸਤ
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ,ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ , ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ "ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਂਡਨੈੱਸ ਐਂਡ ਵਿਜ਼ੂਅਲ ਇੰਮਪੇਅਰਮੈਂਟ" ਪ੍ਰੋਗਰਾਮ ਤਹਿਤ ਜ਼ਿਲ੍ਹੇ ਅੰਦਰ 25 ਅਗਸਤ ਤੋਂ 8 ਸਤੰਬਰ ਤੱਕ 40ਵਾਂ ਆਈ ਡੋਨੇਸ਼ਨ ਕੌਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਿਲੇ ਅੰਦਰ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਾਗਰੂਕਤਾ ਪੋਸਟਰ ਜਾਰੀ ਕੀਤਾ। ਪੋਸਟਰ ਜਾਰੀ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਅੱਖਾਂ ਦਾਨ ਲੈਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ, ਪਰ ਜਾਗਰੂਕਤਾ ਦੀ ਘਾਟ ਕਾਰਨ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ, ਇਸ ਅੰਤਰ ਨੂੰ ਘੱਟ ਕਰਨ ਲਈ ਜਿਲੇ ਅੰਦਰ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਖਾਂ (ਕਾਰਨੀਆ )ਦਾਨ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ।ਅੱਖਾਂ ਦਾਨ ਕਰਨ ਲਈ ਸਾਈਟ ਤੇ ਅੱਖ ਬੈਂਕ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਚਾਰ ਤੋਂ ਛੇ ਘੰਟੇ ਵਿੱਚ ਹੀ ਹੁੰਦੀਆਂ ਹਨ ਜਿਸ ਤਹਿਤ ਸਿਰਫ ਕੋਰਨੀਆ ਹੀ ਕੱਢਿਆ ਜਾਂਦਾ ਹੈ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲਾ ਇਕ ਵਿਅਕਤੀ ਦੋ ਵਿਅਕਤੀਆਂ ਦੀ ਜ਼ਿੰਦਗੀ ਰੁਸ਼ਨਾ ਸਕਦਾ ਹੈ।ਇਸ ਲਈ ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਅੰਦਰਲੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ,ਸਕੂਲਾਂ, ਕਾਲਜਾਂ ਅਤੇ ਆਮ ਲੋਕਾਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਿਹਤ ਕੇਂਦਰਾਂ ਵਿੱਚ ਤਾਇਨਾਤ ਅੱਖਾਂ ਦੇ ਮਾਹਰ ਡਾਕਟਰਾਂ ਵੱਲੋਂ ਇਸ ਪੰਦਰਵਾੜੇ ਦੌਰਾਨ ਅੱਖਾਂ ਦਾ ਵਿਸ਼ੇਸ਼ ਮੈਡੀਕਲ ਚੈੱਕ ਅਪ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ, ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ, ਜਿਲਾ ਐਪੀਡਿਮਾਲੋਜਿਸਟ ਡਾ. ਸੰਪਨ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਚੀਫ ਫਾਰਮੇਸੀ ਅਫਸਰ ਸੰਦੀਪ ਸਿੰਘ, ਜਿਲਾ ਇਵੈਲੂਏਸ਼ਨ ਅਫਸਰ ਵਿੱਕੀ ਵਰਮਾ, ਗਗਨਦੀਪ ਸਿੰਘ , ਧਰਮ ਸਿੰਘ ਆਦਿ ਹਾਜਰ ਸਨ।