ਸ੍ਰੀ ਫਤਹਿਗੜ੍ਹ ਸਾਹਿਬ/ 10 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ 055-ਫ਼ਤਹਿਗੜ੍ਹ ਸਾਹਿਬ ਅਰਵਿੰਦ ਗੁਪਤਾ ਦੀ ਅਗਵਾਈ ਹੇਠ ਹਲਕੇ ਦੇ 200 ਬੂਥਾਂ ਦੇ ਬੀ.ਐਲ.ਓਜ਼ ਦੇ 4 ਬੈਚਾਂ ਨੂੰ ਬੱਚਤ ਭਵਨ ਵਿਖੇ ਦਿੱਤੀ ਜਾ ਰਹੀ ਸਿਖਲਾਈ ਅੱਜ ਮੁਕੰਮਲ ਹੋ ਗਈ। ਇਸ ਟਰੇਨਿੰਗ ਦੌਰਾਨ ਬੀ.ਐਲ.ਓਜ਼ ਨੂੰ ਵੋਟਰ ਸੂਚੀਆਂ ਅਪਡੇਟ ਕਰਨ, ਖੇਤਰੀ ਦੌਰੇ ਕਰਨ ਤੇ ਵੋਟਰ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਬੀ.ਐਲ.ਓਜ਼ ਦੀਆਂ ਜਿੰਮੇਵਾਰੀਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਟਰੇਨਿੰਗ ਪ੍ਰੋਗਰਾਮ ਦੌਰਾਨ ਮਾਸਟਰ ਟਰੇਨਰ ਤੇਜਿੰਦਰ ਸਿੰਘ, ਖੁਸ਼ਵੰਤ ਸਿੰਘ ਅਤੇ ਅਮਨਦੀਪ ਸਰਵਨ ਨੇ ਬੀ.ਐਲ.ਓਜ਼ ਦੇ ਆਮ ਕਰੱਤਵਾਂ ਅਤੇ ਸ਼ਿਸ਼ਟਾਚਾਰ ਜਿਵੇਂ ਕਿ ਘਰ-ਘਰ ਸਰਵੇਖਣ ਕਰਨਾ, ਮ੍ਰਿਤਕ/ਸ਼ਿਫਟ ਕੀਤੇ ਗਏ ਜਾਂ ਡੁਪਲੀਕੇਟ ਵੋਟਰਾਂ ਦੀ ਪਹਿਚਾਣ ਕਰਨਾ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਨ ਬਾਰੇ ਸਿਖਲਾਈ ਦਿੱਤੀ ਗਈ।