ਸ੍ਰੀ ਫਤਿਹਗੜ੍ਹ ਸਾਹਿਬ/19 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜਿਲੇ ਦੇ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਹੜ ਆਉਣ ਦੀ ਸੰਭਾਵਨਾ ਦੇ ਮੱਦੇ ਨਜ਼ਰ ਸਥਿਤੀ ਨਾਲ ਨਿਪਟਣ ਲਈ ਅਗਾਉ ਪ੍ਰਬੰਧ ਕਰਨ ਲਈ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਜਰੂਰੀ ਮੀਟਿੰਗ ਕੀਤੀ ਗਈ ਤਾਂ ਕਿ ਲੋੜ ਪੈਣ ਤੇ ਹੜਾਂ ਦੀ ਸਥਿਤੀ ਦੌਰਾਨ ਪ੍ਰਭਾਵੀਆਂ ਨੂੰ ਸਿਹਤ ਸੇਵਾਵਾਂ ਪ੍ਰਵਾਨ ਕੀਤੀਆਂ ਜਾ ਸਕਣ। ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਸਿਹਤ ਵਿਭਾਗ ਵੱਲੋਂ ਪਿਛਲੇ ਸਾਲਾਂ ਦੇ ਰਿਕਾਰਡ ਮੁਤਾਬਕ ਜ਼ਿਲ੍ਹੇ ਵਿੱਚ ਹੜਾਂ ਨਾਲ ਪ੍ਰਭਾਵਿਤ ਹੋ ਸਕਣ ਦੀ ਸੰਭਾਵਨਾ ਵਾਲੇ ਪਿੰਡਾਂ ਦੀ ਲਿਸਟ ਤਿਆਰ ਕੀਤੀ ਜਾ ਚੁੱਕੀ ਹੈ , ਹੜਾਂ ਦੀ ਸਥਿਤੀ ਨਾਲ ਨਿਪਟਣ ਲਈ 64 ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ , ਜਦਕਿ 10 ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਹੜ੍ਹਾਂ ਦੀ ਸਥਿਤੀ ਸਬੰਧੀ ਗਠਨ ਕੀਤੀਆਂ ਮੈਡੀਕਲ ਅਤੇ ਰੈਪਿਡ ਰਿਸਪਾਂਸ ਟੀਮਾਂ ਸਮੇਤ ਮੈਡੀਕਲ ਸਾਜੋ ਸਮਾਨ ਤਿਆਰ ਬਰ ਤਿਆਰ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਸਾਰੀਆਂ ਰੈਪਿਡ ਰਿਸਪਾਂਸ ਟੀਮਾਂ ਨੂੰ ਐਂਬੂਲੈਂਸਾਂ ਮੁਹੱਈਆ ਕਰਵਾਉਂਣ ਦੇ ਪ੍ਰਬੰਧ ਰਖੇ ਜਾਣ ਅਤੇ ਜੇਕਰ ਭਵਿੱਖ ਵਿਚ ਹੜ ਦੀ ਸਥਿਤੀ ਬਣਦੀ ਹੈ ਤਾਂ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਿਊਟੀ ਰੋਸਟਰ ਤਿਆਰ ਰਖੇ ਜਾਣ। ਉਹਨਾਂ ਇਹ ਵੀ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਹਰ ਕਿਸਮ ਦੀਆਂ ਦਵਾਈਆਂ, ਤਰਲ ਪਦਾਰਥ, ਐਂਟੀ ਵੇਨਮ ਇੰਜੈਕਸ਼ਨ, ਓ.ਆਰ.ਐਸ ,ਕਲੋਰੀਨ, ਕੀਟਨਾਸ਼ਕ ਅਤੇ ਲਾਰਵੀਸਾਈਡ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਹੜ ਦੇ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਜਾਵੇ ਕਿਉਂਕਿ ਹੜਾਂ ਦਾ ਪਾਣੀ ਨੀਵੇਂ ਇਲਾਕਿਆ ਵਿਚ ਭਰਨ ਕਾਰਨ ਡਾਇਰੀਆ ਫੈਲਣ ਦਾ ਖਦਸ਼ਾ ਵੱਧ ਜਾਂਦਾ ਹੈ, ਜਿਸ ਨਾਲ ਨਜਿੱਠਣ ਲਈ ਤਿਆਰੀਆਂ ਕਰ ਲਈਆਂ ਜਾਣ, ਓ.ਆਰ.ਐਸ., ਜਿ਼ੰਕ ਅਤੇ ਕਲੋਰੀਨ ਦੀਆਂ ਗੋਲੀਆਂ ਦਾ ਬਫਰ ਸਟਾਕ ਹਰ ਸਿਹਤ ਸੰਸਥਾਂ ਤੇ ਰਖਿਆ ਜਾਵੇ। ਇਸ ਮੌਕੇ ਤੇ ਜਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ,ਜਿਲਾ ਐਪੀਡਿਮੋਲੋਜਿਸਟ ਡਾ. ਪ੍ਰਭਜੋਤ ਕੌਰ , ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ , ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ ।