ਸ੍ਰੀ ਫ਼ਤਹਿਗੜ੍ਹ ਸਾਹਿਬ/22 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ “ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ: ਇਸ ਦੇ ਰਾਜਨੀਤਿਕ ਪ੍ਰਭਾਵ” ਵਿਸ਼ੇ ‘ਤੇ ਇਕ ਖ਼ਾਸ ਲੈਕਚਰ ਦਾ ਆਯੋਜਨ ਕੀਤਾ ਗਿਆ। ਮੁੱਖ ਵਕਤਾ ਵਜੋਂ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਡਾ. ਜਮਸ਼ੀਦ ਅਲੀ ਖਾਨ ਨੇ ਸੰਬੋਧਨ ਕੀਤਾ।ਉਨ੍ਹਾਂ ਨੇ ਨੀਤੀ ਦੇ ਸੁਖਮ ਪੱਖਾਂ ਬਾਰੇ ਵਿਸਤਾਰ ਨਾਲ ਵਿਚਾਰ-ਚਰਚਾ ਕੀਤੀ।ਡਾ. ਖਾਨ ਨੇ ਇਸ ਦੇ ਢਾਂਚੇ, ਉਦੇਸ਼ਾਂ ਅਤੇ ਲਾਗੂ ਕਰਨ ਦੀ ਰਣਨੀਤੀ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ।ਉਨ੍ਹਾਂ ਨੇ ਉਹਨਾਂ ਵੱਖ-ਵੱਖ ਵਿਵਹਾਰਕ ਚੁਣੌਤੀਆਂ ਅਤੇ ਕਮਜ਼ੋਰੀਆਂ ਵੱਲ ਧਿਆਨ ਖਿੱਚਿਆ ਜੋ ਇਸ ਦੀ ਪ੍ਰਭਾਵਸ਼ੀਲਤਾ ਨੂੰ ਰੋਕਦੀਆਂ ਹਨ।ਇਹਨਾਂ ਖਾਮੀਆਂ ਨੂੰ ਉਜਾਗਰ ਕਰਕੇ, ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਭਾਵੀ ਸੁਧਾਰਾਂ ਅਤੇ ਹੱਲਾਂ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਵਿਭਾਗ ਨੂੰ ਇਸ ਵਿਸ਼ੇ ‘ਤੇ ਲੈਕਚਰ ਆਯੋਜਿਤ ਕਰਨ ਲਈ ਵਧਾਈ ਦਿੱਤੀ ਅਤੇ ਅਜਿਹੀਆਂ ਅਕਾਦਮਿਕ ਚਰਚਾਵਾਂ ਨੂੰ ਪ੍ਰੋਤਸਾਹਿਤ ਕੀਤਾ। ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਇਸ ਨੀਤੀ ਦੀਆਂ ਖਾਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਕਿਸਾਨਾਂ ਅਤੇ ਉਨ੍ਹਾਂ ਦੀ ਜੀਵਿਕਾ ਲਈ ਜ਼ਮੀਨ ਦੀ ਮਹੱਤਤਾ ਬਾਰੇ ਦੱਸਿਆ। ਵਿਭਾਗ ਇੰਚਾਰਜ ਮਿਸ ਰਮਨਦੀਪ ਕੌਰ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਸੈਸ਼ਨ ਦੇ ਅੰਤ ਵਿਚ ਡਾ. ਬਲਵਿੰਦਰ ਕੌਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਇਸ ਲੈਕਚਰ ਵਿੱਚ ਪ੍ਰੋਫੈਸਰ ਡਾ. ਜਸਪਾਲ ਕੌਰ ਕਾਂਗ, ਡਾ. ਹਰਵਿੰਦਰ ਸਿੰਘ ਭੱਟੀ, ਡਾ. ਹਰਦੇਵ ਸਿੰਘ (ਮੁੱਖੀ, ਧਰਮ ਅਧਿਐਨ ਵਿਭਾਗ), ਨਵਨੀਤ ਕੌਰ, ਸੰਜੇ ਖ਼ਾਨ, ਵਿਭਾਗ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।