ਸ੍ਰੀ ਫ਼ਤਹਿਗੜ੍ਹ ਸਾਹਿਬ/27 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਵੱਲੋਂ ਜਿਲੇ ਅੰਦਰ ਹੜਾਂ ਦੀ ਸੰਭਾਵਿਤ ਸਥਿਤੀ ਦੇ ਮੱਦੇ ਨਜ਼ਰ ਵਾਟਰ ਬੋਰਨ ਅਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਅਡਵਾਜਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਹੜਾਂ ਦੇ ਪਾਣੀ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਿਆ ਜਾਵੇ, ਜੇਕਰ ਫਿਰ ਵੀ ਪਾਣੀ ਵਿੱਚ ਵੜਨਾ ਪਵੇ ਤਾਂ ਗਮਬੂਟ ਪਾਏ ਜਾਣ, ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਪਾਣੀ ਨਾਲ ਧੋਤੇ ਜਾਣ, ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਿਆ ਜਾਵੇ , ਖਾਣਾ ਬਣਾਉਣ, ਸਟੋਰ ਕਰਨ ਅਤੇ ਉਸਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਕੀਤੀ ਜਾਵੇ।ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਪਾਣੀ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਹੀ ਪੀਤਾ ਜਾਵੇ, ਫਲ /ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ ਸੁਥਰੇ ਪਾਣੀ ਵਿੱਚ ਧੋਕੇ ਹੀ ਵਰਤੋਂ ਵਿੱਚ ਲਿਆਂਦਾ ਜਾਵੇ ਪਰ ਹੜਾਂ ਦੇ ਪਾਣੀ ਤੋਂ ਪ੍ਰਭਾਵਿਤ ਫਲ/ ਸਬਜੀਆਂ ਦੀ ਵਰਤੋਂ ਨਾ ਕੀਤੀ ਜਾਵੇ।ਉਹਨਾਂ ਕਿਹਾ ਕਿ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਣ ਲਈ ਵੱਧ ਤੋਂ ਵੱਧ ਸਰੀਰ ਢਕਣ ਵਾਲੇ ਕੱਪੜੇ ਪਹਿਨੇ ਜਾਣ , ਜਾਲੀਦਾਰ ਦਰਵਾਜੇ, ਮੱਛਰਦਾਨੀ, ਮੱਛਰ ਭੁਜਾਓ ਕਰੀਮਾ ਆਦਿ ਦੀ ਵਰਤੋਂ ਕੀਤੀ ਜਾਵੇ, ਹੜ ਪ੍ਰਭਾਵਿਤ ਖੇਤਰ ਵਿੱਚ ਫੋਗਿੰਗ ਕੀਟਨਾਸਕ ਆਦਿ ਦੀ ਸਪਰੇ ਕੀਤੀ ਜਾਵੇ ।ਸੱਪ ਦੇ ਕੱਟਣ ਤੋਂ ਬਚਾਅ ਲਈ ਪਾਣੀ, ਝਾੜੀਆਂ ਅਤੇ ਹਨੇਰੇ ਆਦਿ ਵਿੱਚ ਨਾ ਵੜੋ ਅਤੇ ਸੋਟੀ, ਟਾਰਚ ਦੀ ਵਰਤੋਂ ਕਰੋ, ਸੱਪ ਕੀੜੇ ਮਕੌੜੇ ਅਤੇ ਹੋਰ ਖਤਰਨਾਕ ਜਾਨਵਰਾਂ ਦੇ ਲੁਕਣ ਵਾਲੀਆਂ ਥਾਵਾਂ ਜਿਵੇਂ ਡੂੰਗੀਆ ਥਾਵਾਂ, ਟੋਇਆ, ਖੱਡਾਂ ਵਿੱਚ ਹੱਥ ਪੈਰ ਨਾ ਪਾਓ। ਹੜ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੇ ਚਮੜੀ ਦੇ ਰੋਗ, ਅਲਰਜੀ, ਇਨਫੈਕਸ਼ਨ ਆਦਿ ਤੋਂ ਬਚਣ ਲਈ ਤੁਰੰਤ ਸਾਫ ਪਾਣੀ ਨਾਲ ਨਹਾਓ, ਚਮੜੀ ਤੇ ਖਾਰਸ਼, ਚਮੜੀ ਲਾਲ, ਚਮੜੀ ਤੇ ਧੱਫੜ ਹੋਣ ਦੀ ਸੂਰਤ ਵਿੱਚ ਐਂਟੀਸੈਪਟਿਕ ਕਰੀਮਾਂ /ਪਾਊਡਰ ਦੀ ਵਰਤੋਂ ਕਰੋ ਅਤੇ ਆਪਣੇ ਕੱਪੜੇ ਦੂਸਰਿਆਂ ਨਾਲ ਸਾਂਝੇ ਨਾ ਕਰੋ। ਉਲਟੀਆਂ ਟੱਟੀਆਂ ਲੱਗਣ ਦੀ ਸੂਰਤ ਵਿੱਚ ਉਬਲਿਆ ਅਤੇ ਕਲੋਰੀਨੇਟ ਪਾਣੀ ਵਰਤਣ ਦੇ ਨਾਲ ਨਾਲ ਓ.ਆਰ.ਐਸ ਘੋਲ ਦੀ ਵਰਤੋਂ ਕਰੋ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਸਿਹਤ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।