ਚੰਡੀਗੜ੍ਹ, 10 ਸਤੰਬਰ
8 ਕਿਲੋ ਹੈਰੋਇਨ ਰਿਕਵਰੀ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਚਾਰ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ, ਜਿਸ ਨਾਲ ਇਸ ਮਾਮਲੇ ਵਿੱਚ ਨਸ਼ੀਲੇ ਪਦਾਰਥਾਂ ਦੀ ਕੁੱਲ ਜ਼ਬਤ 20 ਕਿਲੋਗ੍ਰਾਮ ਹੋ ਗਈ ਹੈ, ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਭੇਜ ਸਿੰਘ (50) ਅਤੇ ਉਸਦੇ ਪੁੱਤਰ ਗੁਰਦਿੱਤ ਸਿੰਘ (22), ਮਲਕੀਤ ਸਿੰਘ (50) ਅਤੇ ਗੁਰਜੀਤ ਸਿੰਘ (29) ਵਜੋਂ ਹੋਈ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਕਮਿਸ਼ਨਰ (ਅੰਮ੍ਰਿਤਸਰ) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਗੁਰਸੇਵਕ ਸਿੰਘ ਨੇ ਖੁਲਾਸਾ ਕੀਤਾ ਕਿ ਇੱਕ ਪਿਤਾ-ਪੁੱਤਰ, ਗੁਰਭੇਜ ਸਿੰਘ ਅਤੇ ਗੁਰਦਿੱਤ ਸਿੰਘ, ਮਲਕੀਤ ਸਿੰਘ ਨਾਲ ਮਿਲ ਕੇ ਇਲਾਕੇ ਵਿੱਚ ਡਰੱਗ ਸਿੰਡੀਕੇਟ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਭੇਜ ਸਿੰਘ ਤਰਨਤਾਰਨ ਸੈਕਟਰ ਦੇ ਸਰਹੱਦੀ ਖੇਤਰ ਵਿੱਚ ਤਸਕਰੀ ਕਾਰਵਾਈਆਂ ਦਾ ਤਾਲਮੇਲ ਕਰ ਰਿਹਾ ਸੀ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧਾ ਸੰਪਰਕ ਬਣਾਈ ਰੱਖ ਰਿਹਾ ਸੀ।