ਤਰਨਤਾਰਨ, 4 ਨਵੰਬਰ
ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਉਲੀਕੇ ਗਏ 6 ਮੈਗਾ-ਪ੍ਰੋਜੈਕਟਾਂ ਦੇ ਰੋਡਮੈਪ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵੱਲੋਂ ਨਿਵੇਸ਼ਕ ਸੰਮੇਲਨ ਕਰਕੇ ਇਨ੍ਹਾਂ 6 ਪ੍ਰੋਜੈਕਟਾਂ ਨੂੰ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਤਹਿਤ ਲਿਆਉਣਾ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਕਦਮ ਹੈ, ਜੋ ਪੰਜਾਬ ਨੂੰ ਉੱਤਰੀ ਭਾਰਤ ਦਾ 'ਟੂਰਿਜ਼ਮ ਕਿੰਗ' ਬਣਾ ਦੇਵੇਗਾ।
ਇੱਥੇ ਜਾਰੀ ਇੱਕ ਬਿਆਨ ਵਿੱਚ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੈਰ-ਸਪਾਟੇ ਦੀ ਸਮਰੱਥਾ ਨੂੰ ਦਹਾਕਿਆਂ ਤੱਕ ਅਣਗੌਲਿਆ ਕੀਤਾ, ਜਿਸ ਕਾਰਨ ਸੂਬਾ ਆਰਥਿਕ ਤੌਰ 'ਤੇ ਪੱਛੜ ਗਿਆ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਾਫ਼ ਨੀਅਤ ਅਤੇ ਵਚਨਬੱਧਤਾ ਦਾ ਸਬੂਤ ਹੈ ਕਿ 'ਆਪ' ਸਰਕਾਰ ਨੇ ਸਿਰਫ਼ 6 ਮਹੱਤਵਪੂਰਨ ਪ੍ਰੋਜੈਕਟਾਂ ਦੀ ਪਛਾਣ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ 100% ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਇੱਕ ਮਜ਼ਬੂਤ ਫਰੇਮਵਰਕ ਵੀ ਤਿਆਰ ਕੀਤਾ ਹੈ।