ਤਰਨਤਾਰਨ, 4 ਨਵੰਬਰ:
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਨਹੀਂ ਹੈ, ਇਸ ਲਈ ਉਹ ਸਮਾਜ ਨੂੰ ਤੋੜਨ ਵਾਲੀ ਨਕਾਰਾਤਮਕ ਰਾਜਨੀਤੀ ਕਰ ਰਹੀਆਂ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ 'ਖਜ਼ਾਨਾ ਖਾਲੀ' ਹੋਣ ਦਾ ਰੋਣਾ ਰੋਂਦੀਆਂ ਸਨ ਕਿਉਂਕਿ ਉਨ੍ਹਾਂ ਦੀ ਨੀਅਤ 'ਚ ਖੋਟ ਸੀ। ਉਹ ਖੁਦ ਚੋਰ ਬਣੇ ਬੈਠੇ ਸਨ, ਇਸ ਲਈ ਨਾ ਜੀਐਸਟੀ ਵਧਿਆ ਨਾ ਟੈਕਸ। 'ਆਪ' ਸਰਕਾਰ ਨੇ ਤਿੰਨ ਸਾਲਾਂ ਵਿੱਚ ਹੀ ਕਾਂਗਰਸ-ਅਕਾਲੀਆਂ ਦੇ ਪੰਜ-ਪੰਜ ਸਾਲਾਂ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ ਅਤੇ ਉਸਨੂੰ ਲੋਕਾਂ 'ਤੇ ਖਰਚ ਵੀ ਕੀਤਾ ਹੈ। ਚੀਮਾ ਨੇ ਸਵਾਲ ਕੀਤਾ ਕਿ ਜੇ ਖਜ਼ਾਨਾ ਭਰ ਨਾ ਰਿਹਾ ਹੁੰਦਾ ਤਾਂ 56,000 ਨੌਕਰੀਆਂ ਕਿੱਥੋਂ ਦਿੱਤੀਆਂ ਜਾਂਦੀਆਂ?