ਸ੍ਰੀ ਫ਼ਤਹਿਗੜ੍ਹ ਸਾਹਿਬ /28 ਜੂਨ :
(ਰਵਿੰਦਰ ਸਿੰਘ ਢੀਂਡਸਾ)
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਕਾਰੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਪੀਲੀਆ ਪੀੜਤਾਂ ਦਾ ਹਾਲ-ਚਾਲ ਪੁੱਛਿਆ। ਹਸਪਤਾਲ ਵਿਖੇ ਬੱਚਿਆਂ ਦੇ ਵਾਰਡ ਵਿੱਚ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਮਰੀਜਾਂ ਦੀ ਸਿਹਤ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ ਅਤੇ 4 ਹੋਰ ਮਰੀਜਾਂ ਨੂੰ ਜਲਦੀ ਹੀ ਛੁੱਟੀ ਮਿਲ ਜਾਵੇਗੀ। ਇਸ ਮੌਕੇ ਮਰੀਜਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਪ੍ਰਬੰਧਾਂ ਉਤੇ ਸੰਤੁਸ਼ਟੀ ਜਾਹਰ ਕੀਤੀ।ਵਿਧਾਇਕ ਐਡਵੋਕੇਟ ਰਾਏ ਨੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਇਲਾਜ ਸੁਵਿਧਾਵਾਂ ਬਾਰੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਸਰਹਿੰਦ ਵਿਖੇ ਅਹਿਤਿਆਤ ਵਜੋਂ ਪਾਣੀ ਦੇ ਸੈਂਪਲ ਭਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਵਿਧਾਇਕ ਐਡਵੋਕੇਟ ਰਾਏ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਰਸਾਤਾਂ ਦੌਰਾਨ ਵਾਰਡਾਂ ਵਿੱਚ ਪਾਣੀ ਦੀ ਸਪਲਾਈ ਲਾਈਨ ਦੀ ਚੈਕਿੰਗ ਕੀਤੀ ਜਾਵੇ ਅਤੇ ਇਸ ਦੌਰਾਨ ਜੇਕਰ ਕਿਤੇ ਕੋਈ ਪਾਈਪ ਲੀਕ ਜਾਂ ਟੁੱਟੀ ਪਾਈ ਜਾਂਦੀ ਹੈ ਤਾਂ ਉਸ ਨੂੰ ਫੌਰਨ ਬਦਲਿਆ ਜਾਵੇ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਡਾਕਟਰਾਂ ਨਾਲ ਵਿਸਤ੍ਰਤ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮਰੀਜਾਂ ਦਾ ਸਾਰਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸਰਹਿੰਦ ਸ਼ਹਿਰ ਵਿੱਚ ਪੀਲੀਆ ਦੇ ਕੁਝ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਜਿੱਥੇ ਸੰਬੰਧਿਤ ਵਾਰਡਾਂ ਦਾ ਦੌਰਾ ਕੀਤਾ ਉਥੇ ਨਾਲ ਹੀ ਪ੍ਰਸ਼ਾਸਨਿਕ ਪੱਧਰ 'ਤੇ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਅਧਿਕਾਰੀਆਂ ਨੂੰ ਦਿੱਤੇ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੇ.ਡੀ ਸਿੰਘ, ਦੀਪਕ ਬਾਤਿਸ਼, ਪ੍ਰਿਤਪਾਲ ਸਿੰਘ ਜੱਸੀ, ਅਮਰੀਕ ਸਿੰਘ ਬਾਲਪੁਰ, ਰਜੇਸ਼ ਕੁਮਾਰ, ਬਿੱਟਾ ਲਟੌਰ, ਨੰਬਰਦਾਰ ਬੰਟੀ ਸੈਣੀ, ਹਰਬੰਤ ਸਿੰਘ, ਸਤਿੰਦਰ ਮਲਕਪੁਰ ਅਤੇ ਨੰਬਰਦਾਰ ਜਗਰੂਪ ਸਿੰਘ ਆਦਿ ਹਾਜ਼ਰ ਸਨ।