ਸ੍ਰੀ ਫ਼ਤਹਿਗੜ੍ਹ ਸਾਹਿਬ/8 ਮਈ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਾਹਿਬ ਵਿਖੇ ਸਕੂਲ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਸਾਬਕਾ ਵਿਧਾਇਕ ਸਵ ਕਿਰਪਾਲ ਸਿੰਘ ਲਿਬੜਾ ਦੀ ਯਾਦ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਫਤਿਹਗੜ੍ਹ ਸਾਹਿਬ ਵੱਲੋਂ ਖੂਨਦਾਨ ਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਜਿੱਥੇ ਇਸ ਕੈਂਪ ਚ ਪਹੁੰਚ ਕੇ ਇਲਾਕਾ ਨਿਵਾਸੀਆਂ ਨੇ ਅੱਖਾਂ ਦੇ ਮਾਹਰਾਂ ਤੋਂ ਮੁਫਤ ਚੈੱਕ ਅਪ ਕਰਵਾਇਆ ਉੱਥੇ ਹੀ ਕਾਫੀ ਗਿਣਤੀ ਚ ਖੂਨਦਾਨੀਆਂ ਵੱਲੋਂ ਸਵੈ ਇੱਛਾ ਨਾਲ ਖੂਨਦਾਨ ਵੀ ਕੀਤਾ ਗਿਆ।ਇਸ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਪੰਜ ਮੈਂਬਰੀ ਕਮੇਟੀ ਦੇ ਆਗੂ ਤੇ ਲੁਧਿਆਣਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਸੀਨੀਅਰ ਆਗੂ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕੈਂਪ ਚ ਆਪ ਮੁਹਾਰੇ ਪਹੁੰਚ ਰਹੇ ਲੋਕਾਂ ਦਾ ਇਕੱਠ ਦੱਸਦਾ ਹੈ ਕਿ ਜਿਸ ਤਰ੍ਹਾਂ ਮਰਹੂਮ ਲੋਕ ਆਗੂ ਕਿਰਪਾਲ ਸਿੰਘ ਲਿਬੜਾ ਨੇ ਲਗਾਤਾਰ ਲੋਕ ਹਿਤ ਦੇ ਕੰਮ ਕਰਕੇ ਇਲਾਕਾ ਵਾਸੀਆਂ ਦੇ ਮਨਾਂ ਚ ਵਿਸ਼ੇਸ਼ ਥਾਂ ਬਣਾਈ ਹੋਈ ਸੀ। ਉਸੇ ਤਰ੍ਹਾਂ ਹੀ ਉਨ੍ਹਾਂ ਦੇ ਪੁੱਤਰ ਅਮਰਿੰਦਰ ਸਿੰਘ ਲਿਬੜਾ ਵੀ ਇਲਾਕੇ ਚ ਚੰਗਾ ਅਸਰ ਰਸੂਖ਼ ਰੱਖਦੇ ਹਨ।ਮਨਪ੍ਰੀਤ ਸਿੰਘ ਇਆਲੀ ਨੇ ਦੱਸਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਜਲਦ ਹੀ ਭਰਤੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾਵੇਗਾ ਜਿਸ ਤਹਿਤ ਵੱਡੇ ਪੱਧਰ ਤੇ ਭਰਤੀ ਕੀਤੀ ਜਾਵੇਗੀ। ਕੈਂਪ ਦੀ ਸਮਾਪਤੀ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਨੇ ਸਹਿਯੋਗ ਦੇਣ ਵਾਲੇ ਸਮੂਹ ਪਤਵੰਤੇ ਸੱਜਣਾਂ ਦਾ ਅਤੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।