ਸ੍ਰੀ ਫਤਿਹਗੜ੍ਹ ਸਾਹਿਬ/17 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ "ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈੰਡਨੈਸ" ਤਹਿਤ ਸਕੂਲੀ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਨਿਗ੍ਹਾ ਦੀ ਜਾਂਚ ਕਰਨ ਸਬੰਧੀ ਇੱਕ ਰੋਜ਼ਾ ਸਿਖਲਾਈ ਦਿੱਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਅਧਿਆਪਕਾਂ ਨੂੰ ਇਹ ਯੋਗਤਾ ਦੇਣਾ ਹੈ ਕਿ ਉਹ ਵਿਦਿਆਰਥੀਆਂ ਵਿੱਚ ਅੱਖਾਂ ਦੀਆਂ ਸ਼ੁਰੂਆਤੀ ਸਮੱਸਿਆਵਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਮੇਂ ਸਿਰ ਇਲਾਜ ਲਈ ਰਾਹਦਾਰੀ ਦੇ ਸਕਣ। ਉਹਨਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਅਧਿਆਪਕਾਂ ਨੂੰ ਅੱਖਾਂ ਦੀਆਂ ਆਮ ਬਿਮਾਰੀਆਂ, ਉਹਨਾਂ ਦੇ ਲੱਛਣ, ਸਕਰੀਨਿੰਗ ਦੀ ਵਿਧੀ ਅਤੇ ਅਗਲੇ ਕਦਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸਿਖਲਾਈ ਦਿੱਤੀ ਗਈ ਤਾਂ ਕਿ ਉਹ ਬੱਚਿਆਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਸਬੰਧੀ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ ਕਰਕੇ ਸਮੇਂ ਸਿਰ ਸਹੀ ਥਾਂ ਤੋਂ ਉਸ ਦਾ ਇਲਾਜ ਕਰਵਾ ਸਕਣ। ਸਿਵਲ ਸਰਜਨ ਨੇ ਦੱਸਿਆ ਕਿ ਬੱਚਿਆਂ ਦੀ ਦ੍ਰਿਸ਼ਟੀ ਸਿਹਤ ਉਹਨਾਂ ਦੇ ਅਕਾਦਮਿਕ ਵਿਕਾਸ ਅਤੇ ਜੀਵਨ ਗੁਣਵੱਤਾ ਨਾਲ ਜੁੜੀ ਹੋਈ ਹੈ ਇਸ ਲਈ ਇਹ ਸਿਖਲਾਈ ਬਹੁਤ ਮਹੱਤਵਪੂਰਨ ਹੈ । ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲਾ ਪੱਧਰ ਤੇ ਅਜਿਹੇ ਹੋਰ ਸੈਸ਼ਨ ਆਯੋਜਿਤ ਕੀਤੇ ਜਾਣਗੇ ਤਾਂ ਜੋ ਜਿਲ੍ਹੇ ਦੇ ਹਰ ਸਕੂਲ ਵਿੱਚ ਅੱਖਾਂ ਦੀ ਜਾਂਚ ਨੂੰ ਸਕੂਲ ਸਿਹਤ ਕਾਰਿਆਕਰਮ ਦਾ ਅਹਿਮ ਹਿੱਸਾ ਬਣਾਇਆ ਜਾ ਸਕੇ। ਸਿਖਲਾਈ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਕਿਹਾ ਕਿ ਵਿਭਾਗ ਦੀ ਇਹ ਕੋਸ਼ਿਸ਼ ਨੌਜਵਾਨ ਪੀੜੀ ਵਿੱਚ ਦ੍ਰਿਸ਼ਟੀ ਸਬੰਧੀ ਸਮੱਸਿਆਵਾਂ ਦੀ ਰੋਕਥਾਮ ਅਤੇ ਸਿਹਤ ਸੰਭਾਲ ਨੂੰ ਬਹਾਲ ਕਰਨ ਲਈ ਇੱਕ ਉਮੀਦਜਨਕ ਸ਼ੁਰੂਆਤ ਸਾਬਤ ਹੋ ਰਹੀ ਹੈ। ਅਪਥਾਲਮਿਕ ਅਫਸਰ ਪਰਦੀਪ ਸਿੰਘ ਅਤੇ ਜੋਟੀ ਵਿੱਜ ਵੱਲੋਂ ਅਧਿਆਪਕਾਂ ਨੂੰ ਪ੍ਰਯੋਗਿਕ ਤਰੀਕੇ ਰਾਹੀਂ ਅੱਖਾਂ ਦੀ ਜਾਂਚ ਕਰਨੀ ਸਿਖਾਈ ਗਈ ਅਤੇ ਉਹਨਾਂ ਨੂੰ ਅੱਖਾਂ ਦੀਆਂ ਹੋਰ ਸਮੱਸਿਆਵਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।