ਸ੍ਰੀ ਫ਼ਤਹਿਗੜ੍ਹ ਸਾਹਿਬ/13 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ (ਬੀ.ਬੀ.ਐਸ.ਬੀ.ਈ.ਸੀ.) ਫਤਿਹਗੜ੍ਹ ਸਾਹਿਬ ਦੇ ਗਿੱਧਾ ਕਲੱਬ ਵੱਲੋਂ ਕਾਲਜ ਦੇ ਆਡੀਟੋਰੀਅਮ ਵਿੱਚ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਇੱਕ ਰੰਗਾਰੰਗ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਪੰਜਾਬ ਦੇ ਲੋਕ ਨਾਚ ‘ਗਿੱਧਾ’ ਦੀ ਰੌਣਕ ਅਤੇ ਸ਼ੋਭਾ ਨੂੰ ਸਮਰਪਿਤ ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ 400 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਨੇ ਮਹਿੰਦੀ, ਪ੍ਰਾਂਦਾ, ਪੀਂਘ, ਰਵਾਇਤੀ ਗੀਤ ਤੇ ਗਿੱਧੇ ਵਰਗੀਆਂ ਕਈ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਮੌਕੇ ਕਾਲਜ ਕੈਂਪਸ ਨੂੰ ਜਿੱਥੇ ਰੰਗ-ਬਿਰੰਗੇ ਫੁੱਲਾਂ ਅਤੇ ਰੰਗੋਲੀ ਨਾਲ ਸਜਾਇਆ ਗਿਆ ਸੀ ਉੱਥੇ ਹੀ ਕਾਲਜ ਹੋਸਟਲ ਦੀ ਮੈੱਸ ਵਿੱਚ ਵੀ ਰਵਾਇਤੀ ਪੰਜਾਬੀ ਪਕਵਾਨ ਪਰੋਸੇ ਗਏ।ਸੱਭਿਆਚਾਰਕ ਮੁਕਾਬਲਿਆਂ ਵਿੱਚ ਰਾਜਬੀਰ ਕੌਰ (ਬੀ.ਟੈਕ ਦੂਜਾ ਸਾਲ, ਕੰਪਿਊਟਰ ਸਾਇੰਸ) ਨੇ ਮਿਸ ਤੀਜ ਦਾ ਖਿਤਾਬ ਜਿੱਤਿਆ, ਜਦੋਂ ਕਿ ਜੈਸਮਨਦੀਪ ਕੌਰ (ਬੀ.ਬੀ.ਏ. ਪਹਿਲਾ ਸਾਲ) ਅਤੇ ਅਮ੍ਰਿਤਜੋਤ ਕੌਰ (ਬੀ.ਟੈਕ ਦੂਜਾ ਸਾਲ, ਕੰਪਿਊਟਰ ਸਾਇੰਸ) ਪਹਿਲੀ ਅਤੇ ਦੂਜੀ ਰਨਰ-ਅੱਪ ਘੋਸ਼ਿਤ ਹੋਈਆਂ। ਮਿਸ ਟੈਲੈਂਟ ਦਾ ਖਿਤਾਬ ਅਮ੍ਰਿਤਪਾਲ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਜਿੱਤਿਆ।ਸਮਾਰੋਹ ਦਾ ਸਮਾਪਨ ਕਾਲਜ ਦੀ ਗਿੱਧਾ ਟੀਮ ਵੱਲੋਂ ਪੇਸ਼ ਕੀਤੇ ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਦੇ ਮਨਮੋਹਕ ਪ੍ਰਦਰਸ਼ਨ ਨਾਲ ਹੋਇਆ, ਜਿਸ ਨੇ ਦਰਸ਼ਕਾਂ ਦੇ ਮਨਾਂ ਨੂੰ ਮੋਹ ਲਿਆ ਅਤੇ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ।