ਸ੍ਰੀ ਫਤਿਹਗੜ੍ਹ ਸਾਹਿਬ/13 ਅਗਸਤ :
(ਰਵਿੰਦਰ ਸਿੰਘ ਢੀਂਡਸਾ)
ਸੰਸਾਰ ਅੰਦਰ ਹਰ ਸਾਲ 13 ਅਗਸਤ ਨੂੰ "ਵਿਸ਼ਵ ਅੰਗ ਦਾਨ ਦਿਵਸ" ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗਾਂ ਨੂੰ ਲੋੜਵੰਦ ਮਰੀਜ਼ਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਇਸ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਜਿਲਾ ਹਸਪਤਾਲ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਨਰਸਿੰਗ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅੰਗ ਦਾਨ ਕਰਨ ਲਈ ਸਹੁੰ ਚੁਕਾਉਣ ਮੌਕੇ ਕੀਤਾ। ਉਹਨਾਂ ਕਿਹਾ ਕਿ ਲੋੜਵੰਦਾਂ ਨੂੰ ਖੂਨਦਾਨ ਕਰਨ ਵਾਂਗੂੰ ਅੰਗ ਦਾਨ ਕਰਨ ਨਾਲ ਵੀ ਬਹੁਤ ਸਾਰੀਆਂ ਮਨੁੱਖੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ , ਅਜਿਹਾ ਕਰਨ ਨਾਲ ਤੁਹਾਡਾ ਅਮੁੱਲਾ ਅੰਗ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਵੀ ਤੁਹਾਨੂੰ ਜਿਉਂਦਾ ਰੱਖੇਗਾ।ਉਹਨਾਂ ਦੱਸਿਆ ਕਿ ਅੰਗ ਦਾਨ ਕਰਨ ਸਬੰਧੀ ਵਿਗਿਆਨਿਕ ਸੋਚ, ਮਹੱਤਤਾ, ਜਾਗਰੂਕਤਾ ਤੇ ਜਾਣਕਾਰੀ ਦੀ ਬੇਹੱਦ ਘਾਟ ਹੋਣ ਕਾਰਨ ਸਾਡੇ ਦੇਸ਼ ਵਿੱਚ ਅੰਗ ਬਦਲੀ ਲਈ ਵੇਟਿੰਗ ਲਿਸਟ ਬਹੁਤ ਲੰਬੀ ਹੈ ਜਿਸ ਕਰਕੇ ਹਰ ਸਾਲ ਲਗਭਗ ਪੰਜ ਲੱਖ ਮੌਤਾਂ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਹੋ ਜਾਂਦੀਆਂ ਹਨ ਪਰ ਜਾਗਰੂਕ ਹੋ ਕੇ ਇਹਨਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।