Sunday, May 19, 2024  

ਸੰਪਾਦਕੀ

ਭਾਜਪਾ ਗੱਲ ਨੂੰ ਖ਼ਤਮ ਹੋਈ ਸਮਝਣ ਦੀ ਗਲਤੀ ਨਾ ਕਰੇ

May 06, 2024

ਸਿਆਸੀ ਪਾਰਟੀ ਇੱਕ ਅਜਿਹਾ ਕਾਰਜਸ਼ੀਲ ਬਹੁ-ਪੱਖੀ ਸਰਗਰਮ ਸੰਗਠਨ ਹੁੰਦਾ ਹੈ ਜੋ ਆਪਣੀ ਵਿਚਾਰਧਾਰਾ ’ਚ ਪਰੋਤਾ ਹੁੰਦਾ ਹੈ ਅਤੇ ਇਸੇ ਕਰਕੇ ਇੱਕ ਸਿਆਸੀ ਪਾਰਟੀ ਦੁਆਰਾ ਕੀਤੀ ਕੋਈ ਗਲਤੀ ਕਦੇ-ਕਦੇ ਇਸ ਦਾ ਸਾਰੇ ਦਾ ਸਾਰਾ ਤੱਤਸਾਰ ਨੰਗਾ ਕਰ ਦਿੰਦੀ ਹੈ। ਹਰੇਕ ਸਿਆਸੀ ਪਾਰਟੀ ਦਾ ਹਰੇਕ ਛੋਟਾ-ਵੱਡਾ ਫ਼ੈਸਲਾ ਇਸ ਦੇ ਸਮੁੱਚੇ ਸੰਜੀਵ ਸੰਗਠਨ ਦੀ ਦੇਣ ਹੁੰਦਾ ਹੈ ਅਤੇ ਜਦੋਂ ਵਿਹਾਰਕ ਰਾਜਨੀਤੀ ’ਚ ਇਹ ਮਨਚਾਹੇ ਨਤੀਜੇ ਕੱਢਣ ਤੋਂ ਉਲਟ ਨਤੀਜੇ ਕੱਢਣ ਦਾ ਕੰਮ ਕਰਦਾ ਹੈ ਤਾਂ ਸਿਆਸੀ ਪਾਰਟੀ ਕਈ ਵਾਰ ਨਿਕਲਣ ਵਾਲੇ ਅੰਤਿਮ ਸਿੱਟੇ ਦਾ ਇੰਤਜ਼ਾਰ ਵੀ ਕਰਦੀ ਹੈ ਪਰ ਇਹ ਪਾਰਟੀ ਦਾ ਨੁਕਸਾਨ ਜ਼ਰੂਰ ਕਰਦਾ ਹੈ। 2024 ਦੀਆਂ ਲੋਕ ਸਭਾ ਦੀਆਂ ਮਹੱਤਵਪੂਰਨ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਤੇ ਨਿਗਰਾਨੀ ਹੇਠ ਭਾਰਤੀ ਜਨਤਾ ਪਾਰਟੀ ਨੇ ਅਜਿਹਾ ਹੀ ਇੱਕ ਗਲਤ ਫ਼ੈਸਲਾ ਕਰ ਲਿਆ ਅਤੇ ਇਹ ਗਲਤੀ ਇਸ ਨੂੰ ਚੋਣਾਂ ’ਚ ਜ਼ਰੂਰ ਸਿਆਸੀ ਨੁਕਸਾਨ ਪਹੁੰਚਾਵੇਗੀ।
ਲੱਗਦਾ ਹੈ ਕਿ ਚੋਣਾਂ ’ਚ ਆਪਣੀ ਜਿੱਤ ਲਈ ਭਾਰਤੀ ਜਨਤਾ ਪਾਰਟੀ ਕਿਸੇ ਵੀ ਨੈਤਿਕ ਕਦਰਾਂ-ਕੀਮਤਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਹਾਲਾਂਕਿ ਇਸ ਨੇ ਕੁੱਛ ਨੈਤਿਕਤਾ ਦਿਖਾਉਣ ਦਾ ਸਵਾਂਗ ਕੀਤਾ ਹੈ ਪਰ ਉੱਤਰ ਪ੍ਰਦੇਸ਼ ਦੇ ਲੋਕ ਸਭਾ ਦੇ ਕੇਸਰਗੰਜ ਚੋਣ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਣ ਨੂੰ ਟਿਕਟ ਦੇ ਕੇ ਆਪਣੀ ਅਸਲੀਅਤ ਜ਼ਾਹਰ ਕਰ ਦਿੱਤੀ ਹੈ। ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਹੁੰਦਿਆਂ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਦੋਸ਼ ਲਾਉਣ ਵਾਲੇ ਪਹਿਲਵਾਨਾਂ ’ਚ ਦੇਸ਼ ਦਾ ਓਲੰਪਿਕਸ ਖੇਡਾਂ, ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ’ਚ ਨਾ ਉੱਚਾ ਕਰਨ ਵਾਲੀਆਂ ਕੌਮਾਂਤਰੀ ਪ੍ਰਸਿੱਧੀ ਰੱਖਦੀਆਂ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਜਿਹੇ ਪਹਿਲਵਾਨ ਸ਼ਾਮਿਲ ਸਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਪੁਲਿਸ ਨੇ 2 ਮਾਮਲੇ ਵੀ ਦਰਜ ਕੀਤੇ ਸਨ। ਇਨ੍ਹਾਂ ਪਹਿਲਵਾਨਾਂ ਨੂੰ ਜੰਤਰ-ਮੰਤਰ ਵਿਖੇ ਜ਼ਬਰਦਸਤ ਸੰਘਰਸ਼ ਕਰਨਾ ਪਿਆ ਸੀ। ਸਾਰੇ ਹਿੰਦੋਸਤਾਨ ਨੇ ਉਨ੍ਹਾਂ ਵਿਰੁੱਧ ਉਸ ਸਮੇਂ ਕੀਤੀਆਂ ਜਾ ਰਹੀਆਂ ਮੋਦੀ ਸਰਕਾਰ ਦੀਆਂ ਕਾਰਵਾਈਆਂ ਨੂੰ ਅੱਖੀਂ ਦੇਖਿਆ ਸੀ ਅਤੇ ਨਿੰਦਿਆ ਸੀ। ਲੰਬੇ ਸੰਘਰਸ਼, ਜਿਸ ਦੌਰਾਨ ਪਹਿਲਵਾਨਾਂ ਨੂੰ ਆਪਣੇ ਮੈਡਲ ਤੱਕ ਵਾਪਸ ਕਰਨੇ ਪਏ ਸਨ, ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦਿੱਲੀ ਪੁਲਿਸ ਦੁਆਰਾ ਅਦਾਲਤ ’ਚ ਫਰਦ-ਜੁਰਮ ਦਾਖ਼ਲ ਕਰਨ ਪਿੱਛੋਂ ਹੀ ਪਹਿਲਵਾਨਾਂ ਨੇ ਆਪਣਾ ਧਰਨਾ ਚੁੱਕਿਆ ਸੀ। ਪਹਿਲਵਾਨਾਂ ਨੂੰ ਮੋਦੀ ਸਰਕਾਰ ਨੇ ਕਈ ਭਰੋਸੇ ਵੀ ਦਿੱਤੇ ਸਨ।
ਪਰ ਮੋਦੀ ਸਰਕਾਰ ਦੇਸ਼ ਦੀਆਂ ਬੇਟੀਆਂ ਦਾ ਮਾਣ ਨਹੀਂ ਰੱਖ ਸਕੀ ਹੈ। ਸਗੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਨੂੰ ਲੋਕ ਸਭਾ ’ਚ ਲਿਜਾਣ ਦਾ ਰਾਹ ਖੋਲ੍ਹਦੇ ਹੋਏ, ਉਸ ਨੂੰ ਉਮੀਦਵਾਰ ਬਣਾ ਕੇ ਮਹਿਲਾ ਪਹਿਲਵਾਨਾਂ ਨੂੰ ਦੁੱਖ ਦੇਣ ਅਤੇ ਜਲੀਲ ਕਰਨ ਦਾ ਕੰਮ ਕੀਤਾ ਗਿਆ ਹੈ। ਓਲੰਪਿਕ ਮੈਡਲ ਜੇਤੂ ਸਾਕਸ਼ੀ ਮਲਿਕ ਨੇ ‘ਐਕਸ’ ’ਤੇ ਜੋ ਭਾਵਨਾਵਾਂ ਵਿਅਕਤ ਕੀਤੀਆਂ ਹਨ ਉਹ ਹਿੰਦੋਸਤਾਨੀਆਂ ਨੂੰ ਝੰਝੋੜਣ ਵਾਲੀਆਂ ਹਨ। ਉਸ ਨੇ ਲਿਖਿਆ : ‘‘ਅਸੀਂ ਆਪਣੇ ਕੈਰੀਅਰ ਜੋਖਮ ’ਚ ਪਾਏ, ਸੜਕਾਂ ’ਤੇ ਸੁੱਤੇ ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਕਦੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ... ਹੁਣ ਉਸ ਦੇ ਪੁੱਤਰ ਨੂੰ ਟਿਕਟ ਦਿੱਤੀ ਗਈ ਹੈ। ਸਰਕਾਰ ਉਸ ਸਾਹਮਣੇ ਐਨੀ ਕਮਜ਼ੋਰ ਕਿਉਂ ਹੈ। ਉਹ [ਭਾਰਤੀ ਜਨਤਾ ਪਾਰਟੀ] ਪ੍ਰਭੂ ਰਾਮ ਦੇ ਨਾਮ ’ਤੇ ਵੋਟਾਂ ਮੰਗਦੇ ਹਨ। ਪਰ ਪ੍ਰਭੂ ਰਾਮ ਵੱਲੋਂ ਦਿਖਾਏ ਗਏ ਰਾਹ ਦਾ ਕੀ ਬਣਿਆ?’’ ਵਿਨੇਸ਼ ਫੋਗਾਟ ਨੇ ਟਿਕਟ ਦੇਣ ਦੀ ਭਾਰਤੀ ਜਨਤਾ ਪਾਰਟੀ ਦੀ ਕਾਰਵਾਈ ਨੂੰ ‘ਸ਼ਰਮਨਾਕ’ ਕਿਹਾ ਹੈ।
ਇਸ ਸ਼ਰਮਨਾਕ ਕਾਰਵਾਈ ਨੇ ਦਰਸਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਬੇਟੀਆਂ ਦੀ ਕੀ ਕਦਰ ਕਰਦੀ ਹੈ। ਨਿਸ਼ਚੇ ਹੀ ਇਸ ਕਾਰਵਾਈ ਨੇ ਭਾਰਤੀ ਜਨਤਾ ਪਾਰਟੀ ਨੂੰ ਬੇਨਕਾਬ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਮੁੰਡੇ ਨੂੰ ਟਿਕਟ ਤਾਂ ਦੇ ਦਿੱਤੀ ਹੈ ਪਰ ਇਸ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਗੱਲ ਖ਼ਤਮ ਹੋ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ