Saturday, May 11, 2024  

ਸੰਪਾਦਕੀ

ਇਜ਼ਰਾਈਲ ਤੇ ਅਮਰੀਕਾ ਦੇ ਰੁਖ਼ ’ਤੇ ਕਾਫੀ ਕੁੱਛ ਨਿਰਭਰ

April 23, 2024

ਸੀਰੀਆ ਦੀ ਰਾਜਧਾਨੀ ਦਮਿਸ਼ਕ ’ਚ ਈਰਾਨ ਦੀ ਅੰਬੈਸੀ ’ਤੇ ਇਜ਼ਰਾਈਲ ਦੇ ਹਮਲੇ ਦੀ ਜਵਾਬੀ ਕਾਰਵਾਈ ’ਚ, 13 ਅਪ੍ਰੈਲ ਨੂੰ ਈਰਾਨ ਨੇ ਇਜ਼ਰਾਈਲ ’ਤੇ ਦਰਜਨਾਂ ਮਿਸਾਇਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। 1 ਅਪ੍ਰੈਲ ਨੂੰ ਇਜ਼ਰਾਈਲ ਨੇ ਈਰਾਨ ਦੀ ਅੰਬੈਸੀ ’ਤੇ ਹਮਲਾ ਕੀਤਾ ਸੀ ਅਤੇ 13 ਲੋਕਾਂ ਦਾ ਕਤਲ ਕਰ ਦਿੱਤਾ ਸੀ, ਜਿਸ ਵਿੱਚ ਈਰਾਨੀ ਰਿਵੋਲਯੂਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਦੇ ਦੋ ਚੋਟੀ ਦੇ ਜਨਰਲ ਸ਼ਾਮਿਲ ਸਨ। ਇਹ ਕੌਮਾਂਤਰੀ ਸਮਝੌਤਿਆਂ ਦਾ ਸਪਸ਼ੱਟ ਉਲੰਘਣ ਸੀ। ਇਜ਼ਰਾਇਲੀਆਂ ਨੂੰ ਇਹ ਸਭ ਕੁੱਛ ਕਰਨ ਦੀ ਛੋਟ ਇਸ ਲਈ ਮਿਲੀ ਹੋਈ ਹੈ ਕਿ ਉਸਨੂੰ ਅਮਰੀਕਾ ਅਤੇ ਨਾਟੋ ਦਾ ਪੂਰਾ ਪੂਰਾ ਸਮਰਥਨ ਹਾਸਿਲ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐਸਆਈਪੀਆਰਆਈ) ਅਨੁਸਾਰ, 2019 ਅਤੇ 2023 ਦਰਮਿਆਨ ਇਜ਼ਰਾਈਲ ਦੇ ਹਥਿਆਰਾਂ ਦੀ ਕੁੱਲ ਬਰਾਮਦ ਦਾ 69 ਫੀਸਦੀ ਹਿੱਸਾ ਅਮਰੀਕਾ ਤੋਂ ਹੀ ਆਇਆ ਸੀ। ਸੱਚ ਇਹ ਹੈ ਕਿ ਦਮਿਸ਼ਕ ’ਚ ਈਰਾਨੀ ਅੰਬੈਸੀ ’ਤੇ ਹਮਲਾ ਕਰਨ ਲਈ ਵੀ ਇਜ਼ਰਾਈਲ ਨੇ ਅਮਰੀਕਾ ਤੋਂ ਆਏ ਹਥਿਆਰਾਂ ਦੀ ਹੀ ਵਰਤੋਂ ਕੀਤੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਇਜ਼ਰਾਈਲ ਨੇ ਈਰਾਨ ਨੂੂੰ ਨਿਸ਼ਾਨਾ ਬਣਾਇਆ ਹੈ। ਉਸਨੇ ਈਰਾਨ ’ਤੇ ਅਨੇਕ ਡਰੋਨ ਹਮਲੇ ਕੀਤੇ ਹਨ, ਉਥੇ ਕਤਲ ਕਰਵਾਏ ਹਨ ਅਤੇ ਸਾਈਬਰ ਹਮਲੇ ਵੀ ਕਰਵਾਏ ਹਨ। ਉਸ ਉੱਤੇ ਈਰਾਨ ਦੇ ਇੱਕ ਸ਼ਹਿਰ ’ਚ ਬੰਬ ਧਮਾਕੇ ਕਰਨ ਦੇ ਦੋਸ਼ ਹਨ। ਅਮਰੀਕਾ ਅਤੇ ਇਜ਼ਰਾਈਲ ਈਰਾਨ ਨੂੰ ਅਸਥਿਰ ਕਰਨ ਦੇ ਯਤਨਾਂ ’ਚ ਹਨ। 2024 ਦੇ ਜਨਵਰੀ ਮਹੀਨੇ ’ਚ ਹੋਏ ਬੰਬ ਧਮਾਕਿਆਂ ਨਾਲ 100 ਤੋਂ ਵੱਧ ਲੋਕ ਮਾਰੇ ਗਏ ਸਨ।
ਬੇਂਜਾਮਿਨ ਨੇਤਨਯਾਹੂ ਜਾਨ ਬੁੱਝ ਕੇ ਜੰਗ ਦੀ ਅੱਗ ਨੂੰ ਭੜਕਾਉਣ ਲੱਗਿਆ ਹੋਇਆ ਹੈ। ਉਹ ਹਮਾਸ ਨੂੰ ਖ਼ਤਮ ਕਰਨ ’ਚ ਨਾਕਾਮਯਾਬ ਰਿਹਾ ਹੈ, ਜੋ ਕਿ ਫਲਸਤੀਨੀਆਂ ਦੇ ਇਸ ਸਮੇਂ ਜਾਰੀ ਕਤਲਾਮ ਦਾ ਟੀਚਾ ਹੈ। ਹੁਣ ਤੱਕ ਤਾਂ ਉਹ ਬੰਦੀਆਂ ਨੂੰ ਆਜ਼ਾਦ ਕਰਵਾਉਣ ’ਚ ਵੀ ਅਸਫਲ ਹੀ ਹੈ। ਲੱਖਾਂ ਲੋਕ ਆਏ ਦਿਨ ਪ੍ਰਦਰਸ਼ਨ ਕਰ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਉਸ ਨੂੰ ਪਤਾ ਹੈ ਕਿ ਜੇ ਯੁੱਧ ਰੁਕ ਗਿਆ ਤਾਂ, ਉਹ ਸੱਤਾ ’ਚ ਬਣਿਆ ਨਹੀਂ ਰਹਿ ਸਕੇਗਾ। ਅਮਰੀਕਾ, ਪੱਛਮੀ ਏਸ਼ੀਆ ’ਚ ਦੋਗਲੀ ਨੀਤੀ ਚਲਾ ਰਿਹਾ ਹੈ। ਉਹ ਖ਼ੁਦ ਨੂੰ ਪੇਸ਼ ਤਾਂ ਲੜਾਈ ਦੀ ਅੱਗ ਨੂੰ ਬੁਝਾਉਣ ਵਾਲੇ ਦੇ ਤੌਰ ’ਤੇ ਕਰਨਾ ਚਾਹੁੰਦਾ ਹੈ, ਪਰ ਭੂਮਿਕਾ ਅੱਗ ਭੜਕਾਉਣ ਵਾਲੇ ਦੀ ਨਿਭਾਅ ਰਿਹਾ ਹੈ। ਅਮਰੀਕਾ ਅਤੇ ਯੂਕੇ ਵਰਗੇ ਉਸਦੇ ਸਹਿਯੋਗੀਆਂ ਨੂੰ ਆਪੋ ਆਪਣੇ ਮੁਲਕ ’ਚ ਲੋਕਾਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਦੂਜੇ ਪਾਸੇ, ਉਹ ਆਪਣੇ ਦੇਸ਼ ’ਚ ਵੱਧ ਰਹੀ ਲੋਕਾਂ ਦੇ ਪ੍ਰਤੀਰੋਧ ਦੀ ਭਾਵਨਾ ਨੂੰ ਅਣਗੌਲਿਆ ਵੀ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਸਾਰੇ ਦੇਸ਼ਾਂ ਵਿੱਚ ਵੀ ਨੇੜੇ ਭਵਿੱਖ ’ਚ ਚੋਣਾਂ ਹੋਣੀਆਂ ਹਨ। ਇਸ ਲਈ ਉਹ ‘ਇਜ਼ਰਾਈਲ ’ਤੇ ਰੋਕ ਲਗਾਉਣ’ ਦੀ ਕੋਸ਼ਿਸ਼ ਦਾ ਡਰਾਮਾ ਕਰ ਰਹੇ ਹਨ। ਪਰ ਇਜ਼ਰਾਈਲ ’ਤੇ ਸਿਰਫ਼ ਬਿਆਨਾਂ ਅਤੇ ਧਮਕੀਆਂ ਨਾਲ ਅੰਕੁਸ਼ ਨਹੀਂ ਲਾਇਆ ਜਾ ਸਕਦਾ ਹੈ।
ਪੱਛਮੀ ਏਸ਼ੀਆ ’ਚ ਲੱਖਾਂ ਭਾਰਤੀ ਰਹਿੰਦੇ ਹਨ। ਜੇ ਜੰਗ ਤੇਜ਼ ਹੁੰਦੀ ਹੈ ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਲਈ ਖ਼ਤਰਾ ਪੈਦਾ ਹੋ ਜਾਵੇਗਾ। ਭਾਰਤ ਸਰਕਾਰ ਨੂੰ ਸਰਗਰਮ ਤੌਰ ’ਤੇ ਦਖ਼ਲ ਕਰਨਾ ਹੋਵੇਗਾ ਅਤੇ ਉਨ੍ਹਾਂ ਦੀ ਸਲਾਮਤੀ ਯਕੀਨੀ ਬਣਾਉਣੀ ਹੋਵੇਗੀ। ਇਸ ਲਈ, ਇਜ਼ਰਾਈਲ ਦੀ ਦੋਸਤੀ ਲਈ, ਫਲਸਤੀਨ ਲਈ ਸਾਡੇ ਸਮਰਥਨ ਦੀ ਬਲੀ ਚੜ੍ਹਾਉਣ ਦੀ ਮੌਜੂਦਾ ਨੀਤੀ ਨੂੰ ਉਲਟਾਉਣਾ ਹੋਵੇਗਾ।
ਸਥਿਤੀ ਦੀ ਨਜ਼ਾਕਤ ਨੂੰ ਦੇਖਦਿਆਂ ਸਮੁੱਚੇ ਕੌਮਾਂਤਰੀ ਭਾਈਚਾਰੇ ਨੇ ਦੋਨਾਂ ਧਿਰਾਂ ਨੂੰ ਸੰਜਮ ਵਰਤਣ ਅਤੇ ਹਾਲਾਤ ਨੂੰ ਹੋਰ ਵਿਗਾੜਣ ਤੋਂ ਬਚਣ ਦੀ ਅਪੀਲ ਕੀਤੀ ਹੈ। ਬਹਰਹਾਲ, ਜ਼ਿਆਦਾ ਤਾਂ ਇਜ਼ਰਾਈਲ ਅਤੇ ਉਸਦੇ ਸਭ ਤੋਂ ਵੱਡੇ ਹਮਾਇਤੀ, ਅਮਰੀਕਾ, ਦੇ ਰਵੱਈਏ ’ਤੇ ਹੀ ਨਿਰਭਰ ਕਰੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ