Thursday, May 02, 2024  

ਸੰਪਾਦਕੀ

ਨੇਤਨਯਾਹੂ ਦੀ ਦੁਬਿਧਾ

April 19, 2024

ਬੇਹਤਰ ਰਹੇ ਜੇ ਮੱਧ ਪੂਰਬ ਵੱਡੀ ਜੰਗ ਤੋਂ ਬਚਿਆ ਰਹੇ

ਪੱਛਮੀ-ਏਸ਼ੀਆ ਜੰਗ ਦੀ ਕਗਾਰ ’ਤੇ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਬਿਧਾ ’ਚ ਹਨ ਅਤੇ ਉਨ੍ਹਾਂ ਦੀ ਦੁਬਿਧਾ ਕੁੱਲ ਸਥਿਤੀ ਪ੍ਰਤੀਬਿੰਬਤ ਕਰਦੀ ਹੈ। ਇਜ਼ਰਾਈਲ ਦੁਆਰਾ ਸੀਰੀਆ ਦੀ ਰਾਜਧਾਨੀ ਦਮਿਸ਼ਕ ’ਚ ਈਰਾਨ ਦੇ ਕੌਂਸਲਖਾਨੇ ’ਤੇ 1 ਅਪ੍ਰੈਲ ਨੂੰ ਹਮਲਾ ਕੀਤਾ ਗਿਆ, ਜਿਸ ਵਿੱਚ ਈਰਾਨ ਦੀ ਰੈਵੋਲਯੂਸ਼ਨਰੀ ਗਾਰਡ ਦੇ ਕਈ ਅਫ਼ਸਰ ਮਾਰੇ ਗਏ ਸਨ, ਜਿਨ੍ਹਾਂ ਵਿੱਚ ਮੁਹੰਮਦ ਰੇਜ਼ਾ ਜ਼ਾਹਦੀ ਵੀ ਸ਼ਾਮਲ ਸੀ। ਇਜ਼ਰਾਈਲ ਦੇ ਇਸ ਹਮਲੇ ਨੇ ਗਜ਼ਾ ’ਚ 7 ਅਕਤੂਬਰ ਤੋਂ ਹਮਾਸ ਵਿਰੁੱਧ ਚੱਲ ਰਹੀ ਇਜ਼ਰਾਈਲ ਦੀ ਜੰਗ ’ਚ ਇਕ ਅਹਿਮ ਮੋੜ ਲਿਆਂਦਾ ਹੈ। ਸਾਲਾਂ ਤੋਂ ਈਰਾਨ ਅਤੇ ਇਜ਼ਰਾਈਲ ਦਰਮਿਆਨ ਇਕ ਤਰ੍ਹਾਂ ਦੀ ਜੰਗ ਚਲਦੀ ਰਹੀ ਹੈ। ਇਜ਼ਰਾਈਲ ਨੇ ਈਰਾਨ ਦੇ ਕਈ ਪ੍ਰਮਾਣੂ ਵਿਗਿਆਨੀ ਅਤੇ ਫੌਜੀ ਅਫ਼ਸਰ ਮਾਰ ਮੁਕਾਏ ਹਨ। ਅਕਸਰ ਈਰਾਨ ਖਾਮੋਸ਼ ਹੀ ਰਿਹਾ ਹੈ। ਇਸ ਨਾਲ ਇਜ਼ਰਾਈਲ ਦੇ ਹੌਂਸਲੇ ਹੋਰ ਖੁਲ੍ਹੇ ਹਨ ਅਤੇ ਉਹ ਈਰਾਨ ਦੇ ਸਮਰਥਨ ਵਾਲੇ ਵਿਦੇਸ਼ੀ ਗਰੁੱਪਾਂ ’ਤੇ ਗਾਹੇ-ਬਗਾਹੇ ਹਮਲੇ ਕਰਦਾ ਰਿਹਾ ਹੈ ਪਰ 1 ਅਪ੍ਰੈਲ ਦੇ ਇਜ਼ਰਾਈਲੀ ਹਮਲੇ ਬਾਅਦ ਲਗਦਾ ਹੈ ਕਿ ਈਰਾਨ ਨੇ ਆਪਣੀ ਯੁੱਧ ਨੀਤੀ ਬਦਲ ਲਈ ਹੈ ਅਤੇ ਉਹ ਇਜ਼ਰਾਈਲ ਦੇ ਹਮਲਿਆਂ ਦਾ ਜਵਾਬ ਦੇਣ ਦੀ ਰਣਨੀਤੀ ’ਤੇ ਚੱਲ ਪਿਆ ਹੈ।
1 ਅਪ੍ਰੈਲ ਦੇ ਹਮਲੇ ਦੇ ਬਦਲੇ ’ਚ ਈਰਾਨ ਨੇ ਪਹਿਲੀ ਵਾਰੀ ਇਜ਼ਰਾਈਲ ’ਤੇ ਸਿੱਧਾ ਹਮਲਾ ਕੀਤਾ ਹੈ। ਇਸ ਦੁਆਰਾ ਇਜ਼ਰਾਈਲ ’ਤੇ 300 ਤੋਂ ਜ਼ਿਆਦਾ ਮਿਸਾਇਲਾਂ ਤੇ ਡਰੋਨ ਦਾਗੇ ਗਏ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਹਮਲੇ ਤੋਂ ਪਹਿਲਾਂ ਈਰਾਨ ਨੇ ਆਪਣੀ ਹਮਲੇ ਦੀ ਕਾਰਵਾਈ ਬਾਰੇ ਅਮਰੀਕਾ ਅਤੇ ਇਜ਼ਰਾਈਲ ਨੂੰ ਵੀ ਜਾਣਕਾਰੀ ਦੇ ਦਿੱਤੀ ਸੀ। ਇਸੇ ਕਰਕੇ ਹਮਲੇ ਤੋਂ ਪਹਿਲਾਂ ਅਮਰੀਕਾ ਨੇ ਨਸ਼ਰ ਕਰ ਦਿੱਤਾ ਸੀ ਕਿ 2 ਦਿਨਾਂ ਅੰਦਰ ਈਰਾਨ, ਇਜ਼ਰਾਈਲ ’ਤੇ ਹਮਲਾ ਕਰੇਗਾ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਈਰਾਨ ਦੇ ਹਮਲੇ ਨੂੰ ਨਾਕਾਰਾ ਕਰ ਦਿੱਤਾ ਸੀ ਅਤੇ ਇਸ ਦੁਆਰਾ ਦਾਗੇ ਗਏ 99 ਪ੍ਰਤੀਸ਼ਤ ਡਰੋਨਾਂ ਅਤੇ ਮਿਸਾਈਲਾਂ ਨੂੰ ਆਸਮਾਨ ’ਚ ਹੀ ਨਸ਼ਟ ਕਰ ਦਿੱਤਾ ਸੀ ਪਰ ਇਸ ਦਾਅਵੇ ਵਿੱਚ ਇਹ ਸੱਚਾਈ ਬਿਆਨ ਨਹੀਂ ਕੀਤੀ ਗਈ ਹੈ ਕਿ ਈਰਾਨ ਦੇ ਹਮਲੇ ਨੂੰ ਰੋਕਣ ਲਈ ਅਮਰੀਕਾ, ਬਰਤਾਨੀਆ ਅਤੇ ਜਾਰਡਨ ਨੇ ਮਿਲ ਕੇ ਕਾਰਵਾਈ ਕੀਤੀ ਸੀ। ਇਜ਼ਰਾਈਲ ਨੂੰ ਬਚਾਉਣ ਲਈ ਇਨ੍ਹਾਂ ਮੁਲਕਾਂ ਨੇ ਠੋਸ ਕਾਰਵਾਈ ਕੀਤੀ ਹੈ ਪਰ ਨੇਤਨਯਾਹੂ ਲਈ ਦੁਬਿਧਾ ਪੈਦਾ ਕਰਨ ਵਾਲਾ ਬਿਆਨ ਵੀ ਨਸ਼ਰ ਕੀਤਾ ਗਿਆ ਹੈ।
ਅਮਰੀਕਾ ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਉਹ ਤੇ ਉਸਦੇ ਸਹਿਯੋਗੀ ਨਾਟੋ ਦੇਸ਼ ਇਜ਼ਰਾਈਲ ਦੀ ਰੱਖਿਆ ਤਾਂ ਕਰਨਗੇ ਪਰ ਜੇਕਰ ਇਜ਼ਰਾਈਲ 14 ਅਪ੍ਰੈਲ ਦੇ ਈਰਾਨੀ ਹਮਲਿਆਂ ਦੇ ਬਦਲੇ ’ਚ ਈਰਾਨ ’ਤੇ ਹਮਲਾ ਕਰਦਾ ਹੈ ਤਾਂ ਹਮਲੇ ਦੀ ਕਾਰਵਾਈ ’ਚ ਉਹ ਸ਼ਾਮਲ ਨਹੀਂ ਹੋਣਗੇ। ਇਹ ਸਮਝਿਆ ਜਾ ਰਿਹਾ ਹੈ ਕਿ ਇਜ਼ਰਾਈਲ, ਈਰਾਨ ਵਿਰੁੱਧ ਹਮਲਾ ਜ਼ਰੂਰ ਕਰੇਗਾ। ਇਸ ਦੀ ਪੁਸ਼ਟੀ ਈਰਾਨੀ ਹਮਲਿਆਂ ਬਾਅਦ ਇਜ਼ਰਾਈਲ ਦੇ ਦੌਰੇ ’ਤੇ ਗਏ ਬਰਤਾਨਵੀ ਤੇ ਜਰਮਨੀ ਦੇ ਵਿਦੇਸ਼ ਮੰਤਰੀਆਂ ਨੇ ਵੀ ਕੀਤੀ ਹੈ। ਮੁਕਾਬਲੇ ’ਤੇ ਈਰਾਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਇਜ਼ਰਾਈਲ ਦੇ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਹੈ ਅਤੇ ਜੇਕਰ ਉਸ ’ਤੇ ਹਮਲਾ ਹੁੰਦਾ ਹੈ ਤਾਂ ਉਹ ਉਸਦਾ ਢੁਕਵਾਂ ਜਵਾਬ ਦੇਵੇਗਾ। ਹੁਣ ਫੈਸਲਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲੈਣਾ ਹੈ। ਉਹ ਖ਼ੁਦ ਨੂੰ ਅਤੇ ਇਜ਼ਰਾਈਲ ਨੂੰ ਕਮਜ਼ੋਰ ਪਿਆ ਨਹੀਂ ਦਰਸਾਉਣਾ ਚਾਹੁੰਦੇ ਪਰ ਉਸ ’ਤੇ ਭਾਈਵਾਲਾਂ ਦਾ ਵੀ ਦਬਾਅ ਹੈ, ਜਿਸ ਨੂੰ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅਮਰੀਕਾ ਅਤੇ ਦੂਸਰੇ ਨਾਟੋ ਦੇਸ਼ਾਂ ਦੁਆਰਾ ਨੇਤਨਯਾਹੂ ਨੂੰ ਸੰਯਮ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਗਈ ਹੈ। ਜਿਸ ਤਰ੍ਹਾਂ ਦੇ ਮੱਧ ਪੂਰਬ ’ਚ ਹਾਲਾਤ ਬਣੇ ਹੋਏ ਹਨ, ਉਸ ਵਿੱਚ ਵੱਡੀ ਖੇਤਰੀ ਜੰਗ ਛਿੜਣ ਦੀ ਸੰਭਾਵਨਾ ਬਣੀ ਹੋਈ ਹੈ। ਆਪਣੇ ਭਾਈਵਾਲਾਂ ਦੀ ਮਦਦ ਬਿਨਾਂ ਇਜ਼ਰਾਈਲ ਲਈ ਇਹ ਜੰਗ ਲੜਨੀ ਔਖੀ ਹੋਵੇਗੀ। ਜੰਗ ’ਚ ਸ਼ਾਮਲ ਦੋਵਾਂ ਧਿਰਾਂ ਦੀ ਵੱਡੀ ਤਬਾਹੀ ਨਿਸ਼ਚਿਤ ਹੈ। ਨੇਤਨਯਾਹੂ ਦੀ ਦੁਬਿਧਾ ਤੋਂ ਸਮਝ ਆਉਂਦਾ ਹੈ ਕਿ ਅਮਰੀਕਾ ਦੀ ਪੂਰੀ ਹਮਾਇਤ ਨਾਲ ਹੀ ਉਹ ਹਾਲੇ ਤੱਕ ਧੱਕੜਸ਼ਾਹੀ ਦੀਆਂ ਜੰਗੀ ਕਾਰਵਾਈਆਂ ਕਰਦਾ ਰਿਹਾ ਹੈ। ਖਿੱਤੇ ਲਈ ਬੇਹਤਰ ਰਹੇਗਾ ਜੇਕਰ ਜੰਗ ਨਾ ਛਿੜੇ ਅਤੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਵੇ। ਪਰ ਇਹ ਜ਼ਰੂਰ ਹੈ ਕਿ ਫ਼ਲਸਤੀਨ ਦੇ ਮਸਲੇ ਦੇ ਹੱਲ ਬਗ਼ੈਰ ਮੱਧ ਪੂਰਬ ’ਚ ਸਥਾਈ ਸ਼ਾਂਤੀ ਸੰਭਵ ਨਹੀਂ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ