Sunday, May 25, 2025  

ਲੇਖ

ਮਹਾਨ ਨਾਇਕ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ...

May 24, 2025

24,ਮਈ

ਪੰਜਾਬ ਦੀ ਧਰਤੀ ਬਹੁਤ ਭਾਗਾਂ ਵਾਲੀ ਹੈ, ਜਿੱਥੇ ਗੁਰੂਆਂ, ਪੀਰਾਂ, ਰਿਸ਼ੀਆਂ, ਮੁੰਨੀਆਂ, ਫਕੀਰਾਂ, ਦੇਵੀ, ਦੇਵਤਿਆਂ ਤੇ ਮਹਾਨ ਸ਼ਹੀਦਾਂ ਨੇ ਜਨਮ ਲਿਆ। ਆਪਣੇ ਪਿਆਰੇ ਦੇਸ਼ ਵਾਸਤੇ ਹੱਸ-ਹੱਸ ਜਾਨਾਂ ਵਾਰ ਗਏ। ਇੱਕ ਐਸਾ ਹੀ ਮਹਾਨ ਨਾਇਕ ਕਰਤਾਰ ਸਿੰਘ ਸਰਾਭਾ, ਜਿਸ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਛੋਟੀ ਉਮਰੇ ਹੀ ਦੇਸ਼ ਵਾਸੀਆਂ ਦੀ ਭਲਾਈ ਲਈ ਫਾਂਸੀ ਦਾ ਰੱਸਾ ਆਪਣੇ ਗਲ ਵਿੱਚ ਪਾਇਆ ਸੀ।
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ, 1896 ਈ: ਦਿਨ ਐਤਵਾਰ ਨੂੰ ਪਿਤਾ ਮੰਗਲ ਸਿੰਘ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਕਰਤਾਰ ਸਿੰਘ ਸਰਾਭੇ ਦੀ ਭੈਣ ਧੰਨ ਕੌਰ ਸਨ । ਕਰਤਾਰ ਸਿੰਘ ਸਰਾਭੇ ਦੇ ਪਿਤਾ ਸਰਾਭੇ ਦੇ ਬਚਪਨ ਵਿੱਚ ਹੀ ਚਲਾਣਾ ਕਰ ਗਏ ਸਨ। ਪਰਿਵਾਰ ਦਾ ਪਾਲਣ ਪੋਸ਼ਣ ਸਰਾਭੇ ਦੇ ਦਾਦਾ ਬਦਨ ਸਿੰਘ ਨੇ ਕੀਤਾ। ਬਿਸ਼ਨ ਸਿੰਘ, ਵੀਰ ਸਿੰਘ ਤੇ ਬਖਸ਼ੀਸ਼ ਸਿੰਘ ਸਰਾਭੇ ਦੇ ਤਿੰਨ ਚਾਚੇ ਸਨ, ਜੋ ਚੰਗੇ ਪੜ੍ਹੇ ਲਿਖੇ ਹੋਣ ਕਾਰਨ ਉੱਚੇ ਅਹੁਦਿਆਂ ’ਤੇ ਸਨ। ਕਰਤਾਰ ਸਿੰਘ ਸਰਾਭੇ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ।
ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਗੁੱਜਰਵਾਲ ਸਕੂਲ ਤੋਂ ਕੀਤੀ। ਫਿਰ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਵੀ ਪੜਿ੍ਹਆ। ਫਿਰ ਗਿਆਰਵੀਂ ਆਪਣੇ ਚਾਚੇ ਕੋਲ ਜੋ ਪੁਲਿਸ ਵਿੱਚ ਸੀ, ਕੋਲ ਰੇਵਨਸ਼ਾਅ ਕਾਲਜ ਉੜੀਸਾ ਵਿੱਚ ਪਾਸ ਕੀਤੀ। ਕਰਤਾਰ ਸਿੰਘ ਸਰਾਭਾ ਪੜਾ੍ਹਈ ਵਿੱਚ ਬਹੁਤ ਹੀ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀ ਸੀ। ਆਪਣੇ ਸਾਥੀਆਂ ਵਿੱਚ ਉਹ ‘ਉੁਡਣਾ ਸੱਪ’ ਤੇ ‘ਅਫਲਾਤੂਨ’ ਦੇ ਨਾਂ ਨਾਲ ਪ੍ਰਸਿੱਧ ਸੀ। ਪੜਾ੍ਹਈ ਦੇ ਨਾਲ-ਨਾਲ ਉਸ ਦੀ ਖੇਡਾਂ ਪ੍ਰਤੀ ਵੀ ਬਹੁਤ ਰੁਚੀ ਸੀ।
ਉਹ ਫੁੱਟਬਾਲ ਤੇ ਕ੍ਰਿਕਟ ਟੀਮਾਂ ਦਾ ਕਪਤਾਨ ਵੀ ਰਿਹਾ। ਖੇਡਾਂ ਵਿੱਚ ਰੁਚੀ ਹੋਣ ਕਾਰਨ ਹੀ ਕਰਤਾਰ ਸਿੰਘ ਸਰਾਭਾ ਚੰਗਾ ਕੱਦ ਕਾਠ ਕੱਢ ਗਿਆ ਸੀ। ਉਹ ਉੱਚਾ ਲੰਬਾ ਤੇ ਸੋਹਣਾ ਸੀ। ਉਸ ਦਾ ਕੱਦ ਪੰਜ ਫੁੱਟ ਅੱਠ ਇੰਚ ਸੀ। ਉਸ ਤੋਂ ਬਾਅਦ ਕਰਤਾਰ ਸਿੰਘ ਦੇ ਦਾਦਾ ਬਦਨ ਸਿੰਘ ਨੇ ਉਚੇਰੀ ਵਿੱਦਿਆ ਲਈ ਵਿਦੇਸ਼ ਭੇਜਿਆ। ਪੜ੍ਹਾਈ ਕਰਨ ਲਈ ਉਹ 1 ਜਨਵਰੀ 1912 ਨੂੰ ਸਨਫਰਾਂਸਿਸਕੋ ਬੰਦਰਗਾਹ ’ਤੇ ਉੱਤਰਿਆ, ਜਿੱਥੇ ਅੰਗਰੇਜ਼ੀ ਅਫ਼ਸਰਾਂ ਨੇ ਉਸ ਨਾਲ ਮਾੜਾ ਸਲੂਕ ਕੀਤਾ। ਪਰ ਆਪਣੀ ਲਿਆਕਤ ਨਾਲ ਸਰਾਭੇ ਨੇ ਉਹਨਾਂ ਅਫ਼ਸਰਾਂ ਨੂੰ ਖਰੀਆਂ-ਖਰੀਆਂ ਸੁਣਾ ਕੇ ਚੁੱਪ ਕਰਵਾ ਦਿੱਤਾ।
1912 ਦੇ ਸ਼ੁਰੂ ਵਿੱਚ ਹੀ ਪੋਰਟਲੈਂਡ ਵਿੱਚ ਭਾਰਤੀ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਇੱਕਠ ਹੋਇਆ। ਇਸ ਇੱਕਠ ਵਿੱਚ ਹਰਨਾਮ ਸਿੰਘ ਟੁੰਡੀਲਾਟ, ਪੰਡਿਤ ਕਾਸ਼ੀ ਰਾਮ , ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਵੀ ਬਹੁਤ ਸਾਰੇ ਇਨਕਲਾਬੀ ਸ਼ਾਮਲ ਹੋਏ। ਇੱਥੇ ਹੀ ਉਸ ਦੀ ਮੁਲਾਕਾਤ ਭਾਈ ਜੁਆਲਾ ਸਿੰਘ ਠੱਠੀਆ ਨਾਲ ਹੋਈ। ਇੱਥੇ ਹੀ ਉਸ ਦੇ ਪਿੰਡ ਦਾ ਰੁਲੀਆ ਰਾਮ ਵੀ ਮਿਲਿਆ। ਕਿਸੇ ਕਾਰਨ ਵੱਸ ਸਰਾਭੇ ਨੂੰ ਬਰਕਲੇ ਯੂਨੀਵਰਸਿਟੀ ਜਾਣਾ ਪਿਆ।
21 ਅਪ੍ਰੈਲ, 1913 ਨੂੰ ਜਥੇਬੰਦੀ ਦਾ ਨਾਂ ‘ਹਿੰਦੀ ਐਸੋਸੀਏਸ਼ਨ ਆਫ ਪੈਸਿਟਿਕ ਕੋਸਟ’ ਰੱਖੇ ਜਾਣ ’ਤੇ ਭਾਰਤੀ ਭਸ਼ਾਵਾਂ ਵਿੱਚ ਅਖ਼ਬਾਰ ‘ਗਦਰ ਅਖ਼ਬਾਰ’ ਨਾਲ ਬਹੁਤ ਗੂੜ੍ਹਾ ਸਬੰਧ ਸੀ। ਇਸ ਅਖਬਾਰ ਦੇ ਜ਼ਰੀਏ ਹੀ ਲੋਕਾਂ ਨੂੰ ਆਪਣੇ ਨਾਲ ਗੰਢਿਆ ਜਾ ਸਕਦਾ ਸੀ।
28 ਜੁਲਾਈ, 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ। ਇਸੇ ਕਾਰਨ ਬਾਬਾ ਗੁਰਦਿੱਤ ਸਿੰਘ ਦੇ ‘ਕਾਮਾਗਾਟਾਮਾਰੂ’ ਜਹਾਜ਼ ਨੂੰ ਕੈਨੇਡਾ ਦੀ ਬੰਦਰਗਾਹ ਵਿੱਚ ਦਾਖ਼ਲ ਨਹੀ ਸੀ ਹੋਣ ਦਿੱਤਾ ਗਿਆ।
ਪਾਰਟੀ ਦੇ ਕਈ ਸਿਰਕੱਢ ਨੇਤਾ ਜਿਵੇਂ ਬਾਬਾ ਸੋਹਣ ਸਿੰਘ ਸਿੰਘ ਭਕਨਾ, ਪੰਡਿਤ ਕਾਸ਼ੀ ਰਾਮ ਤੇ ਕਰਤਾਰ ਸਿੰਘ ਸਰਾਭਾ ਉਦੋਂ ਹੀ ਭਾਰਤ ਵੱਲ ਚੱਲ ਪਏ। ਕੈਨੇਡਾ ਤੋਂ ਭਾਰਤ ਆਉਣ ਸਾਰ ਹੀ ਸਰਾਭੇ ਨੇ ਆਪਣੀਆਂ ਗਤੀਵਿਧੀਆਂ ਨੂੰ ਪੂਰੇ ਜੋਸ਼ ਨਾਲ ਹੋਰ ਤੇਜ਼ ਕਰ ਦਿੱਤਾ। ਨਵੰਬਰ 1914, ਵਿੱਚ ਕਰਤਾਰ ਸਿੰਘ ਸਰਾਭਾ ਦੋ ਹਜ਼ਾਰ ਰੁਪਿਆ ਲੈ ਕੇ ਕਲਕੱਤੇ ਦੇ ਕਿਸੇ ਇਨਕਲਾਬੀ ਕੋਲੋਂ ਹਥਿਆਰ ਲੈਣ ਲਈ ਗਿਆ, ਜਿਸ ਦੀ ਉਸ ਨੂੰ ਕਾਮਯਾਬੀ ਨਾ ਨਸੀਬ ਹੋਈ ਪਰ ਇੱਕ ਗੱਲ ਦਾ ਫਾਇਦਾ ਜ਼ਰੂਰ ਹੋ ਗਿਆ ਕਿ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਨੂੰ ਮਿਲਣ ਵਿੱਚ ਜ਼ਰੂਰ ਕਾਮਯਾਬ ਹੋ ਗਿਆ ਤੇ ਸੁਭਾਸ਼ ਚੰਦਰ ਬੋਸ ਨੂੰ ਪੰਜਾਬ ਲੈ ਕੇ ਆਉਣ ਦੀ ਵਿਉਂਤ ਨੂੰ ਅਮਲੀਜਾਮਾ ਪਹਿਨਾਇਆ ਜਾਣ ਲੱਗਾ।
ਗ਼ਦਰੀਆਂ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਣ ਲਈ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ ਨੂੰ ਸਿਰੇ ਚਾੜਨ ਲਈ ਪਾਰਟੀ ਨੂੰ ਪੈਸੇ ਦੀ ਬੜੀ ਸਖ਼ਤ ਜ਼ਰੂਰਤ ਸੀ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਪਾਰਟੀ ਨੇ ਡਾਕੇ ਮਾਰਨ ਦਾ ਪ੍ਰੋਗਰਾਮ ਬਣਾਇਆ ਕਿ ਸ਼ਾਹੂਕਾਰਾਂ ਨੂੰ ਲੁੱਟਿਆ ਜਾਵੇ। ਇਸ ਮਕਸਦ ਨਾਲ ਕਿ ਅਜ਼ਾਦੀ ਤੋਂ ਬਾਅਦ ਹਰ ਇੱਕ ਨੂੰ ਵਿਆਜ ਸਮੇਤ ਪੈਸੇ ਮੋੜ ਦਿੱਤੇ ਜਾਣਗੇ। ਇਸੇ ਲਈ ਲੁਧਿਆਣਾ ਵਿੱਚ ਚਾਰ ਡਾਕੇ ਮਾਰੇ ਗਏ। ਜਲੰਧਰ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਮਿੰਟਗੁਮਰੀ, ਸ੍ਰੀ ਹਰਿਗੋਬਿੰਦਪੁਰ, ਕਪੂਰਥਲਾ ਤੇ ਅੰਮ੍ਰਿਤਸਰ ਜ਼ਿਲੇ੍ਹ ਦੇ ਚੱਬੇ ਪਿੰਡ ਵਿੱਚ ਵੀ ਡਾਕਾ ਮਾਰਿਆ ਗਿਆ। 2-3 ਫਰਵਰੀ, 1915 ਦੀ ਦਰਿਮਿਆਨੀ ਰਾਤ ਨੂੰ ਲਗਭਗ ਵੀਹ ਦੇ ਕਰੀਬ ਇਨਕਲਾਬੀਆਂ ਨੇ ਤਰਨ ਤਾਰਨ ਰੋਡ ਤੇ ਪਿੰਡ ਚੱਬਾ, ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਾਹੂਕਾਰ ਬੇਲੀ ਰਾਮ ਦੇ ਘਰ ’ਤੇ ਹੱਲਾ ਬੋਲ ਦਿੱਤਾ।
ਕਰਤਾਰ ਸਿੰਘ ਸਰਾਭਾ ਵੀ ਇਸ ਡਾਕੇ ਵਿੱਚ ਨਾਲ ਸੀ। ਗਦਰੀਆਂ ਦੇ ਹੱਥ 18000 ਦਾ ਮਾਲ ਲੱਗਾ। ਇਸ ਡਾਕੇ ਵਿੱਚ ਘਰ ਦਾ ਮਾਲਕ ਮਾਰਿਆ ਗਿਆ। ਇਸ ਡਾਕੇ ਵਿੱਚ ਹਰਨਾਮ ਸਿੰਘ ਸਿਆਲਕੋਟੀ, ਰਾਮ ਰੱਖਾ, ਜਵੰਦ ਸਿੰਘ, ਬੀਰ ਸਿੰਘ, ਵਰਿਆਮ ਸਿੰਘ ਅਮਲੀ, ਅਰਜਨ ਸਿੰਘ, ਜਗਤ ਸਿੰਘ, ਪ੍ਰੇਮ ਸਿੰਘ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਤੇ ਕਾਲਾ ਸਿੰਘ ਲੁਹਾਰ ਸ਼ਾਮਿਲ ਸਨ। ਇਸ ਡਾਕੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਰਾਮ ਰੱਖਾ ਬੰਬ ਚਲਾਉਣ ਕਰਕੇ ਆਪ ਹੀ ਜ਼ਖਮੀ ਹੋ ਗਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਚੁੱਕ ਕੇ ਲਿਜਾਣਾ ਪਿਆ, ਬਾਅਦ ਵਿੱਚ ਉਸ ਦੀ ਮੌਤ ਹੋ ਗਈ । ਵਰਿਆਮ ਸਿੰਘ ਅਮਲੀ ਵੀ ਮਾਰਿਆ ਗਿਆ। ਕਾਲਾ ਸਿੰਘ ਲੁਹਾਰ ਫੜਿਆ ਗਿਆ। ਉਹ ਤਿਜ਼ੋਰੀ ਤੋੜਨ ਲਈ ਨਾਲ ਖੜਿ੍ਹਆ ਸੀ। ਉਸ ਨੇ ਪੁਲਿਸ ਕੋਲ ਸਾਰਾ ਸੱਚ ਉੱਗਲ ਦਿੱਤਾ। ਜਿਸ ਕਾਰਨ ਪਾਰਟੀ ਨੂੰ ਆਪਣਾ ਦਫ਼ਤਰ 6 ਫਰਵਰੀ ਨੂੰ ਬਦਲ ਕੇ ਦੂਸਰੀ ਜਗ੍ਹਾ ਸ਼ਿਫਟ ਕਰਨਾ ਪਿਆ। ਕਈ ਇਨਕਲਾਬੀ ਪੁਲਿਸ ਦੇ ਅੜਿੱਕੇ ਆ ਚੁੱਕੇ ਸਨ।
ਕਰਤਾਰ ਸਿੰਘ ਸਰਾਭਾ ਤੇ ਬਾਕੀ ਬਚੇ ਸਾਥੀਆਂ ਨੇ ਮੀਟਿੰਗ ਕਰਕੇ ਮਤਾ ਪਾਸ ਕੀਤਾ ਕਿ ਹਥਿਆਰ ਇੱਕਠੇ ਕਰਕੇ ਆਪਣੇ ਸਾਥੀਆਂ ਨੂੰ ਛੁਡਾਇਆ ਜਾਵੇ ਤੇ ਨਵੇਂ ਸਿਰੇ ਤੋਂ ਆਜ਼ਾਦੀ ਵਾਸਤੇ ਜੰਗ ਲੜੀ ਜਾਵੇ। ਇਸੇ ਲਈ ਉਹਨਾਂ ਨੇ ਸਰਗੋਧੇ ਜਗਤ ਸਿੰਘ ਦੇ ਮਿੱਤਰ ਕੋਲ ਜਾਣ ਦਾ ਪ੍ਰੋਗਰਾਮ ਬਣਾਇਆ, ਜਿਸ ਨੇ ਕੁਝ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ। ਉਹ 2 ਮਾਰਚ, 1915 ਨੂੰ ਰਜਿੰਦਰ ਸਿੰਘ ਪੈਨਸ਼ਨਰ ਨਾਂ ਦੇ ਆਦਮੀ ਕੋਲ ਪਹੁੰਚ ਗਏ। ਅੱਗੋਂ ਰਜਿੰਦਰ ਸਿੰਘ ਨੇ ਆਪਣੇ ਮਾਲਕ ਗੰਡਾ ਸਿੰਘ ਰਸਾਲਦਾਰ ਨੂੰ ਦੱਸ ਦਿੱਤਾ ਤੇ ਉਸ ਨੇ ਝੱਟ ਪੁਲਿਸ ਸੱਦ ਲਈ ਤੇ ਆਪਣੇ ਸਾਥੀਆ ਨੂੰ ਦੇਸ਼ ਭਗਤੀ ਦੀਆਂ ਨਜ਼ਮਾਂ ਸੁਣਾ ਰਹੇ ਕਰਤਾਰ ਸਿੰਘ ਸਰਾਭੇ ਸਮੇਤ ਤਿੰਨਾਂ ਜਣਿਆ ਨੂੰ ਗਿ੍ਰਫ਼ਤਾਰ ਕਰ ਲਿਆ। ਸਰਾਭਾ ਤੇ ਸਾਥੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ’ਚ ਲਿਆਂਦਾ ਗਿਆ ਤੇ 14 ਨੰਬਰ ਅਹਾਤੇ ਦੀਆਂ ਕੋਠੜੀਆਂ ਵਿੱਚ ਬੰਦ ਰੱਖਿਆ ਗਿਆ। ਉਹਨਾਂ ’ਤੇ 26 ਅਪ੍ਰੈਲ, 1915 ਨੂੰ ਲਾਹੌਰ ਸਾਜ਼ਿਸ਼ ਕੇਸ ਤਹਿਤ ਮੁੱਕਦਮਾ ਚਲਾਇਆ ਗਿਆ ਤੇ ਅੰਤ ਹੰਕਾਰ ਵਿੱਚ ਅੰਨੀ੍ਹ ਬੋਲੀ ਹੋ ਚੁੱਕੀ ਅੰਗਰੇਜ਼ ਸਰਕਾਰ ਨੇ ਛੇ ਸਾਥੀਆਂ ਸਮੇਤ 17 ਨਵੰਬਰ ਨੂੰ ਦਿੱਤੀ ਜਾਣ ਵਾਲੀ ਫਾਂਸੀ ਜਨਤਾ ਤੋਂ ਡਰਦਿਆਂ 16 ਨਵੰਬਰ, 1915 ਈ: ਮੰਗਲਵਾਰ ਦੀ ਰਾਤ ਨੂੰ ਹੀ ਦੇ ਦਿੱਤੀ। ਇਹ ਮਹਾਨ ਯੋਧਾ ਛੋਟੀ ਉਮਰ ਯਾਨੀ 19 ਸਾਲ 5 ਮਹੀਨੇ ਤੇ 23 ਦਿਨ ਵਿੱਚ ਹੀ ਮਹਾਨ ਕਾਰਨਾਮੇ ਕਰ ਗਿਆ। ਭਾਰਤ ਵਾਸੀਆਂ ਦਾ ਮਾਣ ਨਾਲ ਸਿਰ ਉੱਚਾ ਕਰ ਗਿਆ। ਭਾਰਤ ਮਾਤਾ ਦੇ ਇਸ ਮਹਾਨ ਸਪੂਤ ਨੂੰ ਕੋਟਿ-ਕੋਟਿ ਪ੍ਰਣਾਮ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ