16,ਮਈ -ਧਰਮਿੰਦਰ ਸਿੰਘ ਚੱਬਾ
ਇਸ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਕਿਹਾ ਜਾਂਦਾ ਹੈ। ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਲੱਗਦਾ ਹੈ ਕਿ 1726 ਈ: ਨੂੰ ਅਬਦੁਸ-ਸੱਮਦ ਖਾਂ ਦੀ ਥਾਂ ’ਤੇ ਉਸ ਦੇ ਪੁੱਤਰ ਜਕਰੀਆਂ ਖਾਂ (ਖ਼ਾਨ ਬਹਾਦਰ) ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਅੱਗੇ ਜਕਰੀਆਂ ਖਾਂ ਦਾ ਪੁੱਤਰ ਯਹੀਆਂ ਖਾਂ ਸੀ। ਜੋ ਆਪਣੇ ਪਿਤਾ ਜਕਰੀਆਂ ਖਾਂ ਦੀ ਤਰ੍ਹਾਂ ਹੀ ਜਾਲਮ ’ਤੇ ਬਹੁਤ ਨਿਰਦਈ ਸੀ। ਯਹੀਆਂ ਖਾਂ ਨੇ ਲੱਖਪਤ ਰਾਏ ਤੇ ਉਸ ਦੇ ਭਰਾ ਜਸਪਤ ਰਾਏ ਨੂੰ ਜੋ ਏਮਨਾਬਾਦ ਦਾ ਫ਼ੌਜਦਾਰ ਨਿਯੁਕਤ ਕੀਤਾ ਸੀ। ਉਸ ਨੇ ਇੰਨ੍ਹਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਰੱਖੇ ਸਨ।
ਸੰਨ 1746 ਈ: ਵਿੱਚ ਜਸਪਤ ਰਾਏ ਨੇ ਆਮ ਜਨਤਾ ਤੇ ਹੱਦੋਂ ਵੱਧ ਸਖ਼ਤੀ ਕਰਕੇ ਜ਼ਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਲੋਕ ਤੰਗ ਆ ਕੇ ਖ਼ਾਲਸਾ ਫ਼ੌਜ ਵਿੱਚ ਭਰਤੀ ਹੋ ਗਏ। ਸਿੱਖਾਂ ਦਾ ਇਹ ਜਥਾ ਘੁੰਮਦਾ ਘੁੰਮਾਉਂਦਾ ਏਮਨਾਬਾਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਰੋੜੀ ਸਾਹਿਬ ਪਹੁੰਚ ਗਿਆ। ਫ਼ੌਜਦਾਰ ਜਸਪਤ ਰਾਏ ਨੂੰ ਇਤਲਾਹ ਮਿਲੀ ਕਿ ਸਿੱਖਾਂ ਦਾ ਇੱਕ ਜਥਾ ਗੁ: ਰੋੜੀ ਸਾਹਿਬ ਆ ਕੇ ਠਹਿਰਿਆ ਹੋਇਆ ਹੈ। ਜਸਪਤ ਰਾਏ ਫ਼ੌਜ ਲੈ ਕੇ ਉੱਥੇ ਪਹੁੰਚ ਗਿਆ ਤੇ ਸਿੱਖਾਂ ਨੂੰ ਕਹਿਣ ਲੱਗਾ ਕਿ ‘ਤੁਸੀ ਇੱਥੋ ਚਲੇ ਜਾਉ’ ਤਾਂ ਅੱਗੋਂ ਸਿੱਖਾਂ ਨੇ ਕਿਹਾ ਕਿ ‘ਸਾਡੇ ਪਾਸ ਰਸਦ ਪਾਣੀ ਖ਼ਤਮ ਹੋ ਚੁੱਕਾ ਹੈ। ਅਸੀ ਇੱਕ ਰਾਤ ਇੱਥੇ ਠਹਿਰ ਕੇ ਰਸਦ ਪਾਣੀ ਇੱਕਠਾ ਕਰਕੇ ਸੁਭਾ ਹੁੰਦਿਆਂ ਹੀ ਇੱਥੋਂ ਚਲੇ ਜਾਵਾਂਗੇ।’ ਪਰ ਜਸਪਤ ਰਾਏ ਕਿੱਥੇ ਮੰਨਣ ਵਾਲਾ ਸੀ। ਉਹ ਤਾਂ ਮੌਕੇ ਦੀ ਭਾਲ ਵਿੱਚ ਸੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਲੜਾਈ ਲੜਨੀ ਪਈ। ਦੋਹਾਂ ਪਾਸਿਉਂ ਗਹਿਗੱਚ ਲੜਾਈ ਹੋਈ। ਇਸੇ ਲੜਾਈ ਦੌਰਾਨ ਹੀ ਨਿਰਭੈ ਸਿੰਘ ਨਾਂ ਦੇ ਇੱਕ ਸਿੱਖ ਨੇ ਬਿਜਲੀ ਦੀ ਤਰ੍ਹਾਂ ਫੁਰਤੀ ਦਿਖਾਉਂਦਿਆ ਫ਼ੌਜਦਾਰ ਜਸਪਤ ਰਾਏ ਦੇ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ੍ਹ ਕੇ ਬੈਠੇ ਜਸਪਤ ਰਾਏ ਦੀ ਗਰਦਨ ਉਡਾ ਦਿੱਤੀ। ਜਸਪਤ ਰਾਏ ਦੀ ਮੌਤ ਨਾਲ ਮੁਗਲ ਫ਼ੌਜ ਵਿੱਚ ਭਗਦੜ ਮੱਚ ਗਈ ਤੇ ਫ਼ੌਜ ਉੱਥੋਂ ਭੱਜ ਗਈ।
ਸਿੱਖਾਂ ਮੌਕਾ ਸੰਭਾਲਦਿਆਂ ਜਿੰਨ੍ਹਾ ਹੋ ਸਕਦਾ ਸੀ ਏਮਨਾਬਾਦ ਸ਼ਹਿਰ ਵਿੱਚੋਂ ਰਸਦ ਪਾਣੀ ਇੱਕਠਾ ਕਰ ਲਿਆ। ਜਸਪਤ ਰਾਏ ਦੀ ਮੌਤ ਦੀ ਖ਼ਬਰ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਲੱਗੀ ਤਾਂ ਉਹ ਲਾਹੌਰ ਪਹੁੰਚ ਗਿਆ ਤੇ ਲਾਹੌਰ ਦਰਬਾਰ ਮਿੰਨਤਾਂ ਤਰਲੇ ਕਰਨ ਲੱਗਾ। ਆਪਣੇ ਸਿਰ ਤੋਂ ਪੱਗੜੀ ਉਤਾਰ ਕੇ ਕਸਮ ਖਾਧੀ ਕਿ ਜਿੰਨ੍ਹਾਂ ਚਿਰ ਸਿੱਖਾਂ ਦਾ ਖੁਰਾ ਖੋਜ ਨਹੀ ਮਿਟਾ ਲੈਂਦਾ, ਮੈਂ ਆਪਣੇ ਸਿਰ ’ਤੇ ਪੱਗ ਨਹੀ ਬੰਨ੍ਹਾਂਗਾ। ਇਸ ਜਾਲਮਾਨਾ ਕਾਰਵਾਈ ਦੀ ਆਰੰਭਤਾ ਉਸ ਨੇ ਲਾਹੌਰ ਸ਼ਹਿਰ ਤੋਂ ਹੀ ਕਰ ਦਿੱਤੀ। ਜਿੱਥੇ ਵੀ ਸਿੱਖ ਦਿਖਾਈ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲਖਪਤ ਰਾਏ ਨੇ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਸਿੱਖਾਂ ਨਾਲ ਵਾਹ ਵਾਸਤਾ ਨਾ ਰੱਖੇ। ਇਹਨਾਂ ਦੀ ਬਾਣੀ ਨਾ ਪੜੇ੍ਹ। ਉਸ ਨੇ ‘ਗੁੜ’ ਸ਼ਬਦ ’ਤੇ ਵੀ ਪਾਬੰਦੀ ਲਗਾ ਦਿੱਤੀ ਕਿਉਂ ਜੋ ‘ਗੁੜ’ ਸ਼ਬਦ ਦਾ ਉਚਾਰਨ ਕਰਨ ਲੱਗਿਆ ‘ਗੁਰੂ’ ਸ਼ਬਦ ਦਾ ਭੁਲੇਖਾ ਲੱਗਦਾ ਸੀ। ਉਸ ਨੇ ‘ਗੁੜ’ ਸ਼ਬਦ ਦੀ ਥਾਂ ‘ਰੋੜੀ’ ਸ਼ਬਦ ਬੋਲਣ ਲਈ ਕਿਹਾ। ਗੁਰੂ ਗ੍ਰੰਥ ਸ਼ਬਦ ਦੀ ਥਾਂ ‘ਪੋਥੀ’ ਸ਼ਬਦ ਵਰਤਣ ਲਈ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਬੀੜਾਂ ਦੀ ਰੱਜ ਕੇ ਬੇਅਦਬੀ ਕੀਤੀ।
ਲਖਪਤ ਰਾਏ ਦੀ ਇਸ ਦਰਿੰਦਗੀ ਦੀ ਖਖ਼ਰ ਜਦ ਕਪੂਰ ਸਿੰਘ ਨੂੰ ਲੱਗੀ ਤਾਂ ਉਸ ਨੇ ਸਿਰਕੱਢ ਸਿੱਖ ਆਗੂਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸਪੁਰ ਜਿਲੇ੍ਹ ਦੀ ਕਾਹਨੂੰਵਾਨ ਛੰਭ ਜੋ ਮੁਕੇਰੀਆਂ ਨੂੰ ਜਾਂਦੀ ਸੜਕ ’ਤੇ 8 ਕਿ: ਦੂਰ ਫ਼ੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿ: ’ਤੇ ਸਥਿਤ ਹੈ, ਵਿਖੇ ਇੱਕਠੇ ਹੋਣ ਦੇ ਸੰਦੇਸ਼ੇ ਭੇਜੇ। ਜੱਸਾ ਸਿੰਘ ਆਹਲੂਵਾਲੀਆਂ ਵੀ ਇਸ ਲੜਾਈ ਵਿੱਚ ਅੱਗੇ ਹੋ ਕੇ ਲੜੇ। ਇਸ ਗੱਲ ਦੇ ਪ੍ਰਮਾਣ ਰਤਨ ਸਿੰਘ ਭੰਗੂ ਰਚਿਤ ‘ਪੰਥ ਪ੍ਰਕਾਸ਼’ ਵਿੱਚ ਮਿਲਦੇ ਹਨ। ਇਸ ਛੰਭ ਵਿੱਚ ਕੋਈ 15000 ਸਿੱਖ ਇੱਕਠੇ ਹੋ ਗਏ। ਕਈ ਇਤਹਾਸਕਾਰਾਂ ਨੇ ਇਹ ਗਿਣਤੀ 25000 ਹਜ਼ਾਰ ਵੀ ਲਿਖੀ ਹੈ। ਸੂਹ ਮਿਲਣ ’ਤੇ ਜਕਰੀਆਂ ਖਾਂ ਦਾ ਪੁੱਤਰ ਯਹੀਆਂ ਖਾਂ ਤੇ ਲਖਪਤ ਰਾਏ ਆਪਣੀ ਭਾਰੀ ਭਰਕਮ ਗੋਲੇ ਬਾਰੂਦ ਨਾਲ ਲੈਸ ਫ਼ੌਜ ਲੈ ਕੇ ਹਮਲਾ ਕਰਨ ਲਈ ਆਣ ਪਹੁੰਚੇ। ਤੋਪਾਂ ਬੀੜ ਕੇ ਅੱਗ ਦੇ ਗੋਲੇ ਸਿੱਖਾਂ ਉੱਪਰ ਬਰਸਾਏ ਗਏ। ਸਿੰਘ ਰਾਤ ਸਮੇਂ ਹਨੇਰੇ ਦਾ ਫਾਇਦਾ ਉਠਾ ਕੇ ਲੱਖਪਤ ਰਾਏ ਦੀਆਂ ਫ਼ੌਜਾਂ ਦਾ ਰਾਸ਼ਨ ਪਾਣੀ ਲੁੱਟ ਕੇ ਫਿਰ ਛੰਭ ਵਿੱਚ ਵੜ ਜਾਂਦੇ ਤੇ ਅਗਲੇ ਦਿਨ ਦੇ ਹਮਲੇ ਲਈ ਤਿਆਰ ਹੋ ਜਾਂਦੇ। ਭੁੱਖਣ ਭਾਣੇ ਸਿੰਘ ਕਈ ਮਹੀਨਿਆਂ ਤੱਕ ਇਸੇ ਤਰ੍ਹਾਂ ਲੜਦੇ ਰਹੇ।
ਜਦੋਂ ਇਸ ਗੱਲ ਦਾ ਪਤਾ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗਿਆ ਤਾਂ ਉਸ ਨੇ ਘੋੜਿਆਂ, ਖੱਚਰਾਂ ਤੇ ਰਾਸ਼ਨ ਲੱਦ ਕੇ ਜੰਮੂ ਕਸ਼ਮੀਰ ਭੇਜਣ ਦੇ ਬਹਾਨੇ ਨਾਲ ਉਸੇ ਰਸਤੇ ਭੇਜ ਦਿੱਤਾ ਤੇ ਉਧਰ ਆਪਣੇ ਗੁਪਤਚਰ ਰਾਹੀਂ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਇਸ ਰਸਤਿਉਂ ਲੰਘੇ ਤਾਂ ਲੁੱਟ ਲਿਆ ਜਾਵੇ। ਸਿੰਘਾਂ ਨੇ ਇਸੇ ਤਰਾਂ ਕੀਤਾ। ਕੌੜਾ ਮੱਲ ਦੀ ਇਸ ਹਮਦਰਦੀ ਕਰਕੇ ਇਤਿਹਾਸ ਕੌੜਾ ਮੱਲ ਨੂੰ ਮਿੱਠਾ ਮੱਲ ਕਹਿ ਕੇ ਯਾਦ ਕਰਦਾ ਹੈ। ਇਹ ਲੜਾਈ ਕਾਫ਼ੀ ਲੰਬੀ ਲਗਭਗ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੀ। ਐਨੀ ਲੰਬੀ ਲੜਾਈ ਚੱਲਣ ਕਰਕੇ ਸਿੰਘਾਂ ਦਾ ਕੌੜਾ ਮੱਲ ਵੱਲੋਂ ਭੇਜਿਆ ਹੋਇਆ ਰਾਸ਼ਨ ਪਾਣੀ ਵੀ ਖ਼ਤਮ ਹੋ ਗਿਆ। ਗੋਲੀ ਸਿੱਕਾ ਖ਼ਤਮ ਹੋ ਗਿਆ, ਲੜਦੇ-ਲੜਦੇ ਹਥਿਆਰ ਵੀ ਖੁੰਡੇ ਹੋ ਗਏ। ਲਖਪਤ ਰਾਏ ਦਾ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ। ਲਖਪਤ ਰਾਏ ਨੇ ਗੁੱਸੇ ਵਿੱਚ ਅੰਨੇ ਹੋਏ ਨੇ ਛੰਭ ਨੂੰ ਅੱਗ ਲਗਵਾ ਦਿੱਤੀ ਤੇ ਮਜਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਵਿੱਚੋਂ ਨਿਕਲਣਾ ਪਿਆ।
ਸਿੱਖ ਛੰਭ ਵਿੱਚੋਂ ਨਿਕਲ ਕੇ ਮੁਗਲ ਫ਼ੌਜਾਂ ਨਾਲ ਲੜਦੇ-ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ, ਪਰ ਅੱਗੇ ਬਿਆਸ ਦਰਿਆ ਵੀ ਚੜ੍ਹਿਆ ਹੋਇਆ, ਠਾਠਾਂ ਮਾਰ ਰਿਹਾ ਸੀ। ਘੋੜੇ ਵੀ ਬੜੇ ਕਮਜ਼ੋਰ ਹੋ ਚੁੱਕੇ ਸਨ। ਅੱਗੇ ਟੋਇਆ ਤੇ ਪਿੱਛੇ ਖਾਈ ਵਾਲੀ ਗੱਲ ਹੋ ਗਈ। ਲੜਾਈ ਸ਼ੁਰੂ ਹੋ ਗਈ, ਕਈ ਸਿੱਖ ਮੁਗਲਾਂ ਨਾਲ ਲੜਦੇ ਸ਼ਹੀਦ ਹੋ ਗਏ। ਇਹਨਾਂ ਵਿੱਚੋਂ ਇੱਕ ਜਥੇ ਦੇ ਮੋਢੀ ਸੁੱਖਾ ਸਿੰਘ ਵਰਗਿਆਂ ਨੇ ਮੁਗਲ ਫ਼ੌਜ ਦੇ ਚੰਗੇ ਆਹੂ ਲਾਹੇ ਤੇ ਆਪ ਵੀ ਜ਼ਖਮੀ ਹੋ ਗਿਆ। ਕਾਫੀ ਜਦੋ-ਜਹਿਦ ਕਰਦਿਆਂ ਸਿੱਖ ਦਰਿਆ ਵਿੱਚ ਠਿੱਲ ਪਏ। ਕਈ ਰੁੜ੍ਹ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕਈ ਕੀਰਤਪੁਰ ਸਾਹਿਬ ਵੱਲ ਚਲੇ ਗਏ। ਕਈ ਮੁਗਲਾਂ ਨੇ ਕੈਦ ਕਰ ਲਏ।
ਇਸ ਲੜਾਈ ਵਿੱਚ ਲਗਭਗ 7000 ਹਜ਼ਾਰ (ਕਈ ਇਤਹਾਸਕਾਰਾਂ ਮੁਤਾਬਿਕ ਗਿਣਤੀ 11000 ਹਜ਼ਾਰ) ਦੇ ਕਰੀਬ ਸ਼ਹੀਦੀਆਂ ਹੋਈਆਂ ਤੇ 3000 ਹਜ਼ਾਰ (ਕਈਆਂ ਨੇ ਇੱਥੇ ਗਿਣਤੀ 2000 ਲਿਖੀ ਹੈ) ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ। ਲਾਹੌਰ ਦੇ ਨਾਖਾਸ ਚੌਂਕ ਵਿੱਚ ਬੜੇ ਹੀ ਜਾਲਮਾਨਾ ਤਰੀਕੇ ਨਾਲ ਤਸੀਹੇ ਦੇ ਕੇ ਸਿਰਾਂ ਦੇ ਢੇਰ ਲਗਾ ਦਿੱਤੇ। ਸਰੀਰਾਂ ਨੂੰ ਮਸੀਤਾਂ ਦੀਆਂ ਦੀਵਾਰਾਂ ਵਿੱਚ ਦੱਬ ਦਿੱਤਾ ਗਿਆ। ਖ਼ੂਨ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਇਸ ਮੰਦਭਾਗੀ ਘਟਨਾ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰਣਾਮ ਸ਼ਹੀਦਾਂ ਨੂੰ।