30 ,ਮਈ -ਪਿਰਥੀਪਾਲ ਸਿੰਘ ਮਾੜੀਮੇਘਾ
ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਅਮਰੀਕਾ ਦੇ ਰਾਈਟ ਭਰਾਵਾਂ ਚੋਂ ‘ਵਿਲਬਰ ਰਾਈਟ’ ਦਾ ਜਨਮ 16 ਅਪ੍ਰੈਲ 1867 ਅਤੇ ‘ਓਰਵਿਲ ਰਾਈਟ’ ਦਾ 19 ਅਗਸਤ 1871 ਨੂੰ ‘ਹੋਇਓ ਦੇ ਨਗਰ ਡੇਟਨ’ ਵਿੱਚ ਹੋਇਆ ਸੀ। ਆਪ 7 ਭੈਣ ਭਰਾ ਸਨ। ਉਨ੍ਹਾਂ ਦੇ ਬਾਪ ‘ਮਿਲਟਨ ਰਾਈਟ’ ਅਤੇ ਮਾਤਾ ‘ਸੂਜ਼ਨ ਰਾਈਟ’ ਸਨ। ਉਨ੍ਹਾਂ ਦਾ ਬਾਪ ਪਾਦਰੀ ਹੋਣ ਕਰਕੇ ਰਹਾਇਸ਼ ਟਿਕਾਣੇ ਬਦਲਦੇ ਰਹਿੰਦੇ ਸਨ। ਰਾਈਟ ਭਰਾਵਾਂ ਦਾ ਪਰਿਵਾਰ ਪੱਕੇ ਤੌਰ ’ਤੇ ਇੱਕ ਥਾਂ 1884 ਵਿੱਚ ਟਿੱਕਿਆ ਸੀ। ਇੰਨ੍ਹਾਂ ਮਹਾਨ ਖੋਜਕਾਰਾਂ ਦੀ ਵਿਦਿਆ ਸਿਰਫ ਹਾਈ ਸਕੂਲ ਤੱਕ ਦੀ ਸੀ। ਇੰਨ੍ਹਾਂ ਕੋਈ ਸਰਕਾਰੀ ਤੌਰ ’ਤੇ ਤਕਨੀਕੀ ਵਿਦਿਆ ਵੀ ਨਹੀਂ ਸੀ ਲਈ। ਹਕੀਕਤ ਵਿੱਚ ਰਾਈਟ ਭਰਾਵਾਂ ਦੇ ਮਾਂ-ਬਾਪ ਕੋਲ ਉਚੇਰੀ ਵਿੱਦਿਆ ਦਿਵਾਉਣ ਵਾਸਤੇ ਪੈਸਾ ਹੀ ਨਹੀਂ ਸੀ ।
ਆਪ ਦੇ ਪਿਤਾ ਨੇ 1878 ਵਿੱਚ ਓਰਵਿਲ ਤੇ ਵਿਲਬਰ ਨੂੰ ਇੱਕ ਹੈਲੀਕਾਪਟਰ ਦਾ ਖਿਡੌਣਾ ਲਿਆ ਕੇ ਦਿੱਤਾ। ਰਾਈਟ ਭਰਾ ਜਦੋਂ ਹੈਲੀਕਾਪਟਰ ਟੁੱਟ ਜਾਂਦਾ ਤੇ ਉਸ ਦੀ ਮੁਰੰਮਤ ਕਰਕੇ ਠੀਕ ਕਰ ਲੈਂਦੇ ਸਨ। ਇਸ ਖਿਡੌਣੇ ਦੀ ਮੁਰੰਮਤ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਸਾਧਾਰਨ ਮਨੁੱਖ ਤੋਂ ਵਿਗਿਆਨੀ ਬਨਾ ਦਿੱਤਾ । ਰਾਈਟ ਭਰਾਵਾਂ ਨੇ ਵੱਡੀ ਉਮਰ ਵਿੱਚ ਆਪ ਮੰਨਿਆ ਕਿ ਖਿਡੌਣੇ ਹੈਲੀਕਾਪਟਰ ਨੇ ਹੀ ਉਨ੍ਹਾਂ ਨੂੰ ਹਵਾਈ ਜਹਾਜ਼ ਦੀ ਖ਼ੋਜ ਲਈ ਉਤਸ਼ਾਹਿਤ ਕੀਤਾ ਸੀ।
ਓਰਵਿਲ ਨੇ 1889 ਵਿੱਚ ਛਾਪੇਖਾਨੇ ਦਾ ਵਪਾਰ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਭਰਾ ਦੀ ਮਦਦ ਨਾਲ ਆਪ ਹੀ ਛਾਪਖਾਨੇ ਵਾਲੀ ਮਸ਼ੀਨ ਤਿਆਰ ਕੀਤੀ ਸੀ। ਰਾਈਟ ਭਰਾਵਾਂ ਨੇ ਹਫਤਾਵਾਰੀ ਅਖ਼ਬਾਰ ‘ਵੈਸਟ ਸਾਈਡ ਨਿਊਜ਼’ ਛਾਪਣੀ ਸ਼ੁਰੂ ਕਰ ਦਿੱਤੀ। ਵਿਲਬਰ ਅਖ਼ਬਾਰ ਦਾ ਸੰਪਾਦਕ ਸੀ। ਅਖ਼ਬਾਰ ਚਾਰ ਮਹੀਨੇ ਚੱਲੀ। ਇਸ ਤੋਂ ਬਾਅਦ ਉਨ੍ਹਾਂ ਨੇ ਹਫਤਾਵਾਰੀ ਅਖਬਾਰ ਡੇਅਟਨ ਟੇਲਰ ਵੀ ਕੱਢਿਆ।
ਦੁਨੀਆਂ ਵਿੱਚ ਬਾਈ ਸਾਈਕਲ ਚੱਲਣੇ ਤੇ ਵਿਕਣੇ ਵੱਡੇ ਪੱਧਰ ਤੇ ਸ਼ੁਰੂ ਹੋ ਗਏ। ਰਾਈਟ ਭਰਾਵਾਂ ਨੇ ਦਿਸੰਬਰ 1892 ਵਿੱਚ ਸਾਈਕਲ ਵੇਚਣ ਤੇ ਮੁਰੰਮਤ ਕਰਨ ਦੀ ਦੁਕਾਨ ਖੋਹਲ ਲਈ। ਦੁਕਾਨ ਦਾ ਪਹਿਲਾਂ ਨਾਮ ‘ਰਾਈਟ ਸਾਈਕਲ ਐਕਸਚੇਂਜ’ ਅਤੇ ਬਾਅਦ ਵਿੱਚ ‘ਰਾਈਟ ਸਾਈਕਲ ਕੰਪਨੀ’ ਰੱਖਿਆ ਗਿਆ।
ਸਾਈਕਲਾਂ ਦੀ ਦੁਕਾਨ ਦੀ ਆਮਦਨ ਤੋਂ ਰਾਈਟ ਭਰਾਵਾਂ ਨੇ ਉੱਡਣ ਦੇ ਪ੍ਰਯੋਗ ਅਤੇ ਪੰਛੀਆਂ ਦੇ ਉੱਡਣ ਵਾਲੀਆਂ ਕਿਤਾਬਾਂ ਖਰੀਦ ਕੇ ਪੜ੍ਹੀਆਂ। ਜਿਹੜੀਆਂ ਮਸ਼ੀਨਾਂ ਨੂੰ ਵਿਗਿਆਨੀਆਂ ਨੇ ਉਦੋਂ ਤੱਕ ਉਡਾਉਣ ਦਾ ਯਤਨ ਕੀਤਾ ਸੀ ਉਨ੍ਹਾਂ ਦਾ ਡੂੰਘਿਆਈ ਨਾਲ ਅਧਿਐਨ ਕੀਤਾ। ਉੱਢਣ ਬਾਰੇ ਇੰਨ੍ਹਾਂ ਕੁਝ ਪੜ੍ਹਨ ਤੇ ਜਾਂਚਣ ਤੋਂ ਬਾਅਦ ਰਾਈਟ ਭਰਾਵਾਂ ਨੇ ਇਰਾਦਾ ਧਾਰ ਲਿਆ ਕਿ ਉਹ ਹਰ ਹਾਲਤ ਵਿੱਚ ਹਵਾਈ ਜਹਾਜ਼ ਬਣਾ ਕੇ ਉਡਾਉਣਗੇ।
ਹਵਾ ਵਿੱਚ ਚੱਲਣ ਵਾਲੇ ਗਲਾਈਡਰ ਤੋਂ ਉਨ੍ਹਾਂ ਨੂੰ ਹੋਰ ਜਾਣਕਾਰੀ ਮਿਲ ਗਈ ਕਿ ਕਿਸ ਤਰ੍ਹਾਂ ਹਵਾ ਵਿੱਚ ਮਸ਼ੀਨ ਨੂੰ ਚਲਦਾ ਰੱਖਿਆ ਜਾ ਸਕਦਾ ਹੈ। ਰਾਈਟ ਭਰਾਵਾਂ ਨੇ 1903 ਵਿੱਚ ਇੱਕ ਮਸ਼ੀਨ ਬਨਾ ਕੇ ਤਜਰਬੇ ਦੇ ਤੌਰ ’ਤੇ 12 ਸੈਕਿੰਡ ਦੀ ਉਡਾਨ ਭਰ ਕੇ ਦੁਨੀਆਂ ਵਿੱਚ ਇਤਿਹਾਸ ਰਚ ਦਿੱਤਾ। ਇਹ ਮਸ਼ੀਨ ਬਿਨਾਂ ਕਿਸੇ ਨੁਕਸਾਨ ਦੇ ਆਰਾਮ ਨਾਲ ਧਰਤੀ ਤੇ ਉੱਤਰ ਆਈ। ਇਸੇ ਦਿਨ ਵਧੇਰੇ ਸਮਾਂ ਉਡਾਨ ਭਰਨ ਵਾਲੇ ਦੋ ਹੋਰ ਤਜਰਬੇ ਕੀਤੇ। ਰਾਈਟ ਭਰਾਵਾਂ ਦੀ ਹਵਾਈ ਜਹਾਜ਼ ਦੀ ਚੌਥੀ ਉਡਾਨ ਜੋ 59 ਸੈਕਿੰਡ 12 ਮੀਲ ਪ੍ਰਤੀ ਘੰਟਾ ਦੀ ਸੀ ਜਿਸ ਨੇ 835 ਫੁੱਟ ਦੂਰ ਤੱਕ ਦਾ ਸਫ਼ਰ ਕੀਤਾ ਸੀ।
ਰਾਈਟ ਭਰਾਵਾਂ ਨੇ 1905 ਤੱਕ ਇਹੋ ਜਿਹਾ ਜਹਾਜ਼ ਤਿਆਰ ਕਰ ਲਿਆ ਜੋ 35 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 24 ਮੀਲ ਤੱਕ ਉੱਡਿਆ ਸੀ। ਰਾਈਟ ਭਰਾ 1908 ਵਿੱਚ ਜਦੋਂ ਉੱਡਣ ਵਾਲੀ ਮਸ਼ੀਨ ਫ਼ਰਾਂਸ ਵਿੱਚ ਲੈ ਕੇ ਗਏ ਤੇ ਅਖਬਾਰਾਂ ਤੇ ਲੋਕਾਂ ਨੇ ਉਨ੍ਹਾਂ ਦਾ ਮਖੌਲ ਉਡਾਇਆ। ਵਿਲਬਰ ਰਾਈਟ ਨੇ ਉਸ ਮਸ਼ੀਨ ਨਾਲ 52 ਮੀਲ ਦੀ ਰਫ਼ਤਾਰ ਨਾਲ 91 ਮਿੰਟ ਉਡਾਨ ਭਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਖੋਜ ਤੇ ਵਿਲਬਰ ਰਾਈਟ ਨੂੰ ਫਰਾਂਸ ਦੀ ਸਰਕਾਰ ਨੇ 2 ਲੱਖ ਫਰੈਂਕ ਦਾ ਪੁਰਸਕਾਰ ਦਿੱਤਾ ਅਤੇ 30 ਹਵਾਈ ਜਹਾਜ਼ ਬਨਾਉਣ ਦਾ ਆਰਡਰ ਵੀ ਦੇ ਦਿੱਤਾ।
ਜਹਾਜ਼ ਦੀ ਉਡਾਨ ਭਰਨ ਦੇ ਤਜਰਬੇ ਕਰਦਿਆਂ ਇੱਕ ਵਾਰ ਓਰਵਿਲ ਰਾਈਟ ਦਾ ਐਕਸੀਡੈਂਟ ਹੋ ਗਿਆ। ਉਸ ਦੀ ਖੱਬੀ ਲੱਤ ਟੁੱਟ ਗਈ। ਕਮਰ ਦੀਆਂ ਹੱਡੀਆਂ ਵੀ ਟੁੱਟ ਕੇ ਅਗਾਂਹ ਪਿਛਾਂਹ ਹੋ ਗਈਆਂ। ਉਸ ਦੀ ਭੈਣ ਕੈਥਰੀਨ ਨੇ ਉਸ ਦੀ ਦੇਖਭਾਲ ਕੀਤੀ। ਅਮਰੀਕਾ ਨੇ ਰਾਈਟ ਭਰਾਵਾਂ ਨੂੰ ਸੱਦ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਰਾਈਟ ਭਰਾਵਾਂ ਨੇ ਅਮਰੀਕਾ ਤੋਂ ਬਾਅਦ ਜਰਮਨੀ ਤੇ ਨਿਉਯਾਰਕ ਵਿੱਚ ਜਹਾਜ਼ ਉਡਾਨ ਦੀਆਂ ਪ੍ਰਦਰਸ਼ਨੀਆਂ ਕੀਤੀਆਂ ਤੇ ਉਨ੍ਹਾਂ ਨੂੰ ਢੇਰ ਸਾਰੇ ਮਾਨ ਸਨਮਾਨ ਮਿਲੇ।
ਰਾਈਟ ਭਰਾਵਾਂ ਦਾ ਆਪਣੇ ਬਾਪ ਨਾਲ ਵਾਅਦਾ ਸੀ ਕਿ ਉਹ ਦੋਵੇਂ ਇਕੱਠੇ ਜਹਾਜ਼ ਵਿੱਚ ਤਜਰਬਾ ਨਹੀਂ ਕਰਨਗੇ ਕਿ ਕਿਤੇ ਦੋਵਾਂ ਦੀ ਐਕਸੀਡੈਂਟ ਵਿੱਚ ਮੌਤ ਨਾ ਹੋ ਜਾਵੇ। ਆਪਣੇ 82 ਸਾਲਾ ਬਾਪ ਮਿਲਟਨ ਰਾਈਟ ਨੂੰ ਜਦੋਂ ਓਰਵਿਲ ਨੇ ਹਵਾਈ ਜਹਾਜ਼ ਵਿੱਚ ਬਿਠਾ ਕੇ 350 ਫੁੱਟ ਉੱਚਾ ਅਸਮਾਨ ਵਿੱਚ ਖੜਿਆਂ ਤੇ ਬਾਪ ਬਹੁਤ ਖੁਸ਼ ਹੋਇਆ। ਰਾਈਟ ਭਰਾਵਾਂ ਨੂੰ ਉਨ੍ਹਾਂ ਬਣਾਉਟੀ ਵਿਗਿਆਨੀਆਂ ਵਿਰੁੱਧ ਮੁਕੱਦਮੇ ਵੀ ਲੜਨੇ ਪਏ ਜਿਹੜੇ ਉਨ੍ਹਾਂ ਦੀ ਖੋਜ ਨੂੰ ਆਪਣੀ ਖ਼ੋਜ ਕੇ ਵਰਤਨ ਦਾ ਕੰਮ ਕਰਦੇ ਸਨ।
ਹਵਾਈ ਜਹਾਜ਼ ਦੀ ਤਕਨੀਕ ਵਿੱਚ 1909 ਤੱਕ ਬਹੁਤ ਜ਼ਿਆਦਾ ਤਰੱਕੀ ਹੋ ਗਈ। ਇੱਕ ਫਰਾਂਸ ਦੇ ਜਹਾਜ਼ ਨੇ 220 ਮੀਲ ਦੀ ਉਡਾਨ ਭਰੀ। ਓਰਵਿਲ ਰਾਈਟ ਨੇ ਵਰਜੀਨੀਆਂ ਤੋਂ ਨੌਰਥ ਕੈਰੋਲਾਈਨਾ ਤੱਕ ਹਵਾਈ ਜਹਾਜ਼ ਦੀ ਉਡਾਨ ਭਰੀ। ਐਨ ਸੀ -4 ਨਾਮ ਦੇ ਇੱਕ ਅਮਰੀਕਣ ਜਹਾਜ਼ ਨੇ 1919 ਵਿੱਚ ਐਟਲਾਂਟਿਕ ਸਾਗਰ ਪਾਰ ਕੀਤਾ। ਇਸੇ ਤਰ੍ਹਾਂ ਬਰਤਾਨਵੀ ਜਹਾਜ਼ ਨੇ ਕ੍ਰਿਸ਼ਮਾ ਕੀਤਾ। ਰਾਈਟ ਭਰਾਵਾਂ ਦੇ ਦਿਮਾਗ ਦੀ ਦੇਣ ਹੈ ਕਿ ਅੱਜ ਅਸਮਾਨ ਵਿੱਚ ਹਵਾਈ ਜਹਾਜ਼ਾਂ ਦੀਆਂ ਸੜਕਾਂ ਬਣ ਗਈਆਂ ਹਨ। ਇਸ ਕਾਰਜ ਵਿੱਚ ਮਨੁੱਖ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਪਾਇਲਟ ਤੋਂ ਬਗੈਰ ਹੀ ਰਿਮੋਟ ਨਾਲ ਇਹ ਮਸ਼ੀਨ ਚੱਲ ਰਹੀ ਹੈ ਤੇ ਜੰਗਾਂ ਵਿੱਚ ਵਰਤੀ ਜਾ ਰਹੀ ਹੈ।
ਵਿਲਬਰ ਤੇ ਓਰਵਿਲ ਰਾਈਟ ਭਰਾਵਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਾਇਆ। ਉਨ੍ਹਾਂ ਦੀ ਸੋਚ ਇਹ ਸੀ ਕਿ ਉਹ ਦੋ ਚੀਜ਼ਾਂ ਲਈ ਵਕਤ ਨਹੀਂ ਸੀ ਕੱਢ ਸਕਦੇ। ਪਤਨੀ ਤੇ ਹਵਾਈ ਜਹਾਜ਼ ਲਈ। ਵਿਲਬਰ ਰਾਈਟ 45 ਸਾਲ ਦੀ ਉਮਰ ਵਿੱਚ 30 ਮਈ 1912 ਸੰਸਾਰ ਤੋਂ ਚਲੇ ਗਿਆ ਸੀ। ਉਸਦੇ ਬਾਪ ਨੇ ਉਸਦੀ ਮੌਤ ਤੇ ਲਿਖਿਆ ਸੀ ਕਿ, ‘ਇੱਕ ਛੋਟੀ ਜਿਹੀ ਜ਼ਿੰਦਗੀ, ਮਾਅਰਕੇ ਦੀ ਸੂਝਬੂਝ, ਠੰਡੇ ਸੁਭਾਅ ਦਾ ਮਾਲਕ, ਆਪਣੇ ਤੇ ਪੂਰਾ ਯਕੀਨ ਵਾਲਾ੍ਹ੍ਹ ਠੀਕ ਗੱਲ ਨੂੰ ਸਪੱਸ਼ਟ ਵੇਖਣ ਵਾਲਾ ਅਤੇ ਉਹ ਨੂੰ ਪ੍ਰਾਪਤ ਕਰਨ ਲਈ ਪੂਰਾ ਜ਼ੋਰ ਲਗਾਉਣ ਵਾਲਾ,ਉਹ ਜ਼ਿੰਦਗੀ ਜੀਵਿਆ ਅਤੇ ਚੱਲ ਵੱਸਿਆ।’ ਓਰਵਿਲ ਰਾਈਟ ਦੀ ਆਪਣੇ ਭਰਾ ਵਿਲਬਰ ਦੀ ਮੌਤ ਤੋਂ 35 ਸਾਲ ਬਾਅਦ 30 ਜਨਵਰੀ 1948 ਨੂੰ ਹੋਈ ਸੀ।