2,ਜੂਨ -ਨਰਿੰਦਰ ਸਿੰਘ
ਪ੍ਰਦੂਸ਼ਣ ਦੀ ਸਮੱਸਿਆ ਪੂਰੇ ਵਿਸ਼ਵ ਦੀ ਸਮੱਸਿਆ ਹੈ । ਭਾਰਤ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੈ । ਭਾਰਤ ਨੂੰ ਬੇਹੱਦ ਪ੍ਰਦੂਸ਼ਿਤ ਹਵਾ ਵਾਲਾ ਦੇਸ਼ ਮੰਨਿਆ ਜਾਂਦਾ ਹੈ । ਵਧਦਾ ਪ੍ਰਦੂਸ਼ਣ ਦੇਸ਼ ਲਈ ਵੱਡੀ ਚੁਣੌਤੀ ਹੈ । ਸਵਿਸ ਸੰਗਠਨ ਆਈ.ਕਿਯੂ.ਏਅਰ ਵੱਲੋਂ ਜਾਰੀ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2024 ਅਨੁਸਾਰ ਸੰਸਾਰ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ ’ਚ 13 ਭਾਰਤ ਦੇ ਸ਼ਹਿਰ ਹਨ । ਇਸ ਰਿਪੋਰਟ ਮੁਤਾਬਿਕ ਦਿੱਲੀ ਪ੍ਰਦੂਸ਼ਿਤ ਰਾਜਧਾਨੀ ਦੇ ਮਾਮਲੇ ’ਚ ਸੰਸਾਰ ਭਰ ਵਿੱਚ ਪਹਿਲੇ ਨੰਬਰ ’ਤੇ ਬਰਕਰਾਰ ਹੈ। ਹਾਲਾਂਕਿ ਸ਼ਹਿਰਾਂ ਦੇ ਮਾਮਲੇ ਵਿੱਚ ਅਸਾਮ ਦਾ ਬਰਨੀਹਾਟ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ । ਪੰਜਾਬ ਦੇ ਮੁੱਲਾਪੁਰ ਸ਼ਹਿਰ ਦਾ ਨਾਂਅ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ।
ਇਸ ਤੋਂ ਇਲਾਵਾ ਫਰੀਦਾਬਾਦ, ਲੋਨੀ, ਗੁਰੂਗ੍ਰਾਮ, ਨਵੀਂ ਦਿੱਲੀ, ਗੰਗਾਨਗਰ, ਗ੍ਰੇਟਰ ਨੋਇਡਾ, ਭਿਵਾੜੀ, ਮੁਜ਼ੱਫਰਨਗਰ, ਹਨੂੰਮਾਨਗੜ ਅਤੇ ਨੋਇਡਾ ਸ਼ਾਮਿਲ ਹਨ। ਪਾਕਿਸਤਾਨ ਦੇ ਚਾਰ ਸ਼ਹਿਰ ਅਤੇ ਚੀਨ ਦਾ ਇਕ ਸ਼ਹਿਰ ਵੀ ਇਸ ਰਿਪੋਰਟ ’ਚ ਸ਼ਾਮਿਲ ਹੈ। ਰਿਪੋਰਟ ’ਚ ਭਾਰਤ ਨੂੰ ਸੰਸਾਰ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ’ਚ ਪੰਜਵਾਂ ਸਥਾਨ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦੇਸ਼ ਵਿੱਚ ਹਵਾ ਪ੍ਰਦੂਸ਼ਣ ਇਕ ਗੰਭੀਰ ਸਿਹਤ ਖ਼ਤਰਾ ਬਣਿਆ ਹੋਇਆ ਹੈ । ਜਿਸ ਨਾਲ ਉਮਰ ਲਗਭਗ ਪੰਜ ਸਾਲ ਘੱਟ ਜਾਂਦੀ ਹੈ। ਸਾਲ 2009 ਤੋਂ ਸਾਲ 2019 ਤੱਕ ਭਾਰਤ ਵਿੱਚ ਹਰ ਸਾਲ ਪ੍ਰਦੂਸ਼ਣ ਕਾਰਨ ਲਗਭਗ 15 ਲੱਖ ਮੌਤਾਂ ਦਰਜ ਕੀਤੀਆਂ ਗਈਆਂ । ਦਿੱਲੀ ਵਿੱਚ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਹਾਈ ਦਰਜ ਕੀਤਾ ਗਿਆ । ਇੱਥੇ ਪੀ ਐਮ 2.5 ਦਾ ਸਾਲਾਨਾ ਔਸਤ 91.6 ਮਾਈਕਰੋਗ੍ਰਾਮ ਪ੍ਰਤੀ ਕਿਬੂਬਿਕ ਮੀਟਰ ਰਹੀ ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਦਸ ਵਿੱਚੋਂ ਅੱਠ ਲੋਕ ਪ੍ਰਦੂਸ਼ਣ ਵਾਲੀ ਹਵਾ ਵਿੱਚ ਸਾਹ ਲੈਂਦੇ ਹਨ। ਸਿਹਤ ਸੰਗਠਨ ਵੱਲੋਂ ਨਿਰਧਾਰਤ ਹਵਾ ਦੀ ਗੁਣਵੱਤਾ ਦੇ ਪੱਧਰ ’ਤੇ ਸਾਡੇ ਦੇਸ਼ ਦੀ ਹਵਾ ਦਸ ਗੁਣਾਂ ਵੱਧ ਪਲੀਤ ਹੋ ਚੁੱਕੀ ਹੈ । ਵਧਦੇ ਹਵਾ ਪ੍ਰਦੂਸ਼ਣ ਨਾਲ ਸਾਹ ਨਾਲ ਜੁੜੀਆਂ ਬਿਮਾਰੀਆਂ ਜਿਵੇ ਦਮਾ, ਖੰਘ ਅਤੇ ਜ਼ੁਕਾਮ ਆਦਿ ਦਾ ਕਹਿਰ ਵਧਿਆ ਹੈ । ਪ੍ਰਦੂਸ਼ਣ ਦੀ ਇਸ ਗੰਭੀਰ ਸਮੱਸਿਆ ਦਾ ਅਸਰ ਗਰਭਵਤੀ ਔਰਤਾਂ ਅਤੇ ਨਵ-ਜਨਮੇ ਬੱਚਿਆਂ ਦੀ ਸਿਹਤ ’ਤੇ ਵੀ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ।
ਵਧਦੇ ਹਵਾ ਪ੍ਰਦੂਸ਼ਣ ਕਾਰਨ ਸਿਹਤਮੰਦ ਲੋਕਾਂ ਨੂੰ ਵੀ ਸਾਹ ਲੈਣ ਵਿੱਚ ਮੁਸ਼ਕਿਲ ਆ ਸਕਦੀ ਹੈ । ਹਵਾ, ਪਾਣੀ, ਧਰਤੀ ਪ੍ਰਦੂਸ਼ਿਤ ਹੋਣ ਕਰਕੇ ਹੀ ਅੱਜ ਕੈਂਸਰ, ਦਿਲ, ਚਮੜੀ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਵਿਕਰਾਲ ਰੂਪ ਧਾਰਨ ਕਰੀ ਬੈਠੀਆਂ ਹਨ। ਆਲਮੀ ਤਪਸ਼ ਧਰਤੀ, ਵਾਯੂਮੰਡਲ, ਮਨੁੱਖ, ਪਸ਼ੂਆਂ ਅਤੇ ਪੰਛੀਆਂ ਸਭ ਲਈ ਬਹੁਤ ਘਾਤਕ ਹੈ। ਸ਼ੁਧ ਹਵਾ, ਪਾਣੀ ਅਤੇ ਸਾਫ਼ ਵਾਤਾਵਰਣ ਨੂੰ ਯਕੀਨੀ ਨਾ ਬਣਾ ਸਕਣਾ ਸਿਹਤ ਵਾਤਾਵਰਣ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ।
ਸੜਕਾਂ-ਚੌਕਾਂ ’ਤੇ ਥਾਂ-ਥਾਂ ਸੜਦੇ ਕੂੜੇ-ਕਚਰੇ ਦੇ ਵਰਤਾਰੇ ਨੇ ਇਸ ਸਮੱਸਿਆ ਦੀ ਗੰਭੀਰਤਾ ਨੰ ਹੋਰ ਵਧਾ ਦਿੱਤਾ ਹੈ । ਦੀਵਾਲੀ ਨੂੰ ਲਚਾਈ ਜਾਣ ਵਾਲੀ ਆਤਿਸ਼ਬਾਜ਼ੀ ਅਤੇ ਪਟਾਕੇ ਵੀ ਹਵਾ ਪ੍ਰਦੂਸ਼ਣ ਵਧਾਉਣ ਦਾ ਵੱਡਾ ਕਾਰਨ ਬਣਦੇ ਹਨ ।
ਹਵਾ ਪ੍ਰਦੂਸ਼ਣ ’ਚ ਵਿਗਾੜ ਲਈ ਬਹੁਤ ਜ਼ਿਆਦਾ ਵਿਗਾੜ ਲਈ ਹੋਰ ਕਈ ਕਾਰਨਾਂ ਤੋਂ ਇਲਾਵਾ ਪਰਾਲੀ ਸਾੜੇ ਜਾਣ ਨੂੰ ਵੀ ਇਕ ਵੱਡਾ ਕਾਰਨ ਮੰਨਿਆ ਜਾਂਦਾ ਹੈ । ਪਰਾਲੀ ਸਾੜੇ ਜਾਣ ਕਾਰਨ ਇਸ ਤੋਂ ਪੈਦਾ ਹੋਏ ਧੂੰਏ ਅਤੇ ਅੱਗ ਦੀਆਂ ਲਪਟਾਂ ’ਚ ਘਿਰ ਕੇ ਸਮੇਂ-ਸਮੇਂ ਕਈ ਮਨੁੱਖੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਇਸ ਅੱਗ ’ਚ ਕਈ ਪਸ਼ੂ-ਪੰਛੀਆਂ ਦੇ ਝੁਲਸਣ ਤੋਂ ਇਲਾਵਾਂ ਰੁੱਖਾਂ ਨੂੰ ਅੱਗ ਲੱਗਣ ਨਾਲ ਵੀ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ। ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਣ ਵਾਲਾ ਧੂੰਆਂ, ਵਾਹਨਾਂ ਵਿੱਚੋਂ ਧੂੰਏ ਦਾ ਨਿਕਾਸ, ਢੋਆ-ਢੁਆਈ ਵਾਲੀਆਂ ਥਾਵਾਂ ਤੋਂ ਧੂੜ-ਮਿੱਟੀ ਦਾ ਉੱਡਣਾ ਆਦਿ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ । ਹਵਾ ਪ੍ਰਦੂਸ਼ਣ ਨਾਲ ਫ਼ਸਲਾਂ ਤੇ ਜਾਨਵਰਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ।
ਹਾਲੇ ਵੀ ਦੇਸ਼ ਭਰ ਵਿੱਚ ਲੱਖਾਂ ਹੀ ਪਿੰਡਾਂ ’ਚ ਚੁੱਲ੍ਹੇ ਬਾਲੇ ਜਾਂਦੇ ਹਨ ਅਤੇ ਖਾਣਾ ਬਣਾਉਣ ਅਤੇ ਹੋਰ ਕੰਮਾਂ ਲਈ ਪਾਥੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਇਕ ਅੰਦਾਜ਼ੇ ਅਨੁਸਾਰ ਹੁਣ ਵੀ ਦੇਸ਼ ’ਚ 10 ਕਰੋੜ ਘਰਾਂ ’ਚ ਚੁੱਲ੍ਹਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਬਿਜਲੀ ਅਤੇ ਰਸੋਈ ਗੈਸ ਦੀ ਵਰਤੋਂ ਦੀ ਘਾਟ ਹੈ । ਘਰਾਂ ਵਿੱਚ ਚੁੱਲ੍ਹਿਆਂ ’ਚ ਅੱਗ ਜਲਾਉਣ ਲਈ ਬਾਲਣ ਵਜੋਂ ਲੱਕੜ ਦੀ ਹੀ ਹੋ ਰਹੀ ਵਰਤੋਂ ਕਾਰਨ ਤਿੰਨ ਤੋਂ ਚਾਰ ਲੱਖ ਮੌਤਾਂ ਇਸ ਪ੍ਰਦੂਸ਼ਿਤ ਧੂੰਏ ਨਾਲ ਹੁੰਦੀਆਂ ਹਨ । ਸਨਅਤੀ ਧੂੰਏ ਦੇ ਨਾਲ-ਨਾਲ ਕਰੋੜਾਂ ਹੀ ਵਾਹਨਾਂ ਦਾ ਧੂੰਆਂ ਕੱਚਿਆਂ ਰਸਤਿਆ ਤੋਂ ਉਠਦੀ ਧੂੜ, ਨਿਰਮਾਣ ਕਾਰਜ ਅਤੇ ਪਰਾਲੀ ਨੂੰ ਅੱਗ ਆਦਿ ਨਾਲ ਪ੍ਰਦੂਸ਼ਣ ਵਿਚ ਭਾਰੀ ਵਾਧਾ ਹੋਇਆ ਹੈ ।
ਇਕ ਅਧਿਐਨ ਅਨੁਸਾਰ ਪ੍ਰਦੂਸ਼ਣ ਵਿੱਚ 51 ਫ਼ੀਸਦੀ ਸਨਅਤਾਂ, 27 ਫ਼ੀਸਦੀ ਵਾਹਨਾਂ ਅਤੇ 17 ਫ਼ੀਸਦੀ ਪਰਾਲੀ ਸਾੜੇ ਜਾਣ ਨਾਲ ਪੈਦਾ ਹੁੰਦੇ ਧੂੰਏ ਦਾ ਹੈ । ਦੇਸ਼ ਵਿੱਚ ਬਹੁਤੀ ਬਿਜਲੀ ਵੀ ਕੋਲੇ ਨਾਲ ਚੱਲਣ ਵਾਲੇ ਤਾਪ ਤਾਪ ਬਿਜਲੀ ਘਰਾਂ ਤੋਂ ਪ੍ਰਾਪਤ ਹੁੰਦੀ ਹੈ। ਪ੍ਰਦੂਸ਼ਿਤ ਹਵਾ ਕਾਰਨ ਹੀ ਇੱਥੇ ਹਰ ਸਾਲ ਵੀਹ ਲੱਖ ਮੌਤਾਂ ਹੁੰਦੀਆਂ ਹਨ । ਬਿਨਾ ਸ਼ੱਕ ਫ਼ਸਲਾਂ ਦੀ ਰਹਿੰਦ-ਖੂਹਦ ਨੂੰ ਅੱਗ ਲਾ ਕੇ ਨਿਪਟਾਉਣ ਨਾਲ ਧੁਆਂਖੀ ਧੁੰਦ ਦੀ ਚਾਦਰ ਹੋਰ ਵੀ ਗਾੜ੍ਹੀ ਹੋ ਜਾਂਦੀ ਹੈ । ਸੜਕਾਂ ’ਤੇ ਦੌੜਦੀਆਂ ਟੈਕਸੀਆਂ ਅਤੇ ਤਿੰਨ ਪਹੀਆਂ ਵਾਹਨ ਵੀ ਲਗਾਤਾਰ ਬੇਹੱਦ ਖ਼ਤਰਨਾਕ ਧੂੰਆਂ ਛੱਡਦੇ ਨਜ਼ਰ ਆਉਂਦੇ ਹਨ । ਵੱਡੇ-ਛੋਟੇ ਸ਼ਹਿਰਾਂ ਵਿੱਚ ਲਗਾਤਾਰ ਹਰ ਤਰ੍ਹਾਂ ਦੇ ਵਾਹਨਾਂ ਦੀ ਗਿਣਤੀ ਵਧਦੇ ਜਾਣ ਕਾਰਨ ਟ੍ਰੈਫ਼ਿਕ ਰੁਕ-ਰੁਕ ਕੇ ਬੇਹੱਦ ਹੌਲੀ ਚੱਲਦਾ ਹੈ । ਅਜ਼ਿਹੀ ਸਥਿਤੀ ਵਿੱਚ ਤੇਜ਼ ਗਤੀ ਵਾਲੇ ਵਾਹਨਾਂ ਤੋਂ ਹੌਲੀ ਚਲਦੇ ਵਾਹਨ ਕਈ ਗੁਣਾਂ ਜ਼ਿਆਦਾ ਧੂੰਆਂ ਛੱਡਦੇ ਹਨ ।
ਪਿਛਲੇ ਸਾਲਾਂ ਵਿੱਚ ਹੋਏ ਅਧਿਐਨਾਂ ਮੁਤਾਬਿਕ ਦੇਸ਼ ਦੇ ਚੌਦਾਂ ਕਰੋੜ ਤੋਂ ਵਧੇਰੇ ਲੋਕ ਕੌਮਾਂਤਰੀ ਸਿਹਤ ਆਰਗੇਨਾਈਜੇਸ਼ਨ ਵੱਲੋਂ ਮਿੱਥੀ ਸਾਫ਼ ਹਵਾ ਦੀ ਸ਼੍ਰੇਣੀ ਤੋਂ ਦਸ ਗੁਣਾਂ ਵਧੇਰੇ ਪ੍ਰਦੂਸ਼ਿਤ ਹੋਈ ਹਵਾ ਵਿਚ ਸਾਹ ਲੈਣ ਲਈ ਇਕ ਕਾਨੂੰਨ ਬਣਾਇਆ ਗਿਆ ਸੀ । ਪਰ ਸਖ਼ਤੀ ਅਤੇ ਇਮਾਨਦਾਰੀ ਨਾਲ ਇਸ ’ਤੇ ਕਦੇ ਵੀ ਅਮਲ ਨਹੀਂ ਕੀਤਾ ਗਿਆ । ਅੱਜ ਧਰਤੀ ਦੇ ਵਾਤਾਵਰਣ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ । ਸ਼ਹਿਰੀਕਰਨ ਦੇ ਵਧਦੇ ਜਾਣ ਕਾਰਨ ਦਰੱਖ਼ਤਾਂ ਅਤੇ ਜੰਗਲਾਂ ਦੀ ਗਿਣਤੀ ਘਟਦੀ ਜਾ ਰਹੀ ਹੈ । ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ । ਗੁਰੂ ਨਾਨਕ ਦੇਵ ਜੀ ਨੇ ਹਵਾ, ਪਾਣੀ ਤੇ ਮਿੱਟੀ ਨੂੰ ਸਾਫ਼ ਰੱਖਣ ਦਾ ਉਪਦੇਸ਼ ਦਿੱਤਾ ਸੀ । ਉਨ੍ਹਾਂ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”’ ਕਹਿ ਕੇ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀ । ਪਰ ਅੱਜ ਪਿਤਾ ਰੂਪੀ ਪਾਣੀ ਅਤੇ ਮਾਤਾ ਰੂਪੀ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਬਾਬੇ ਨਾਨਕ ਦੀ ਸੋਚ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ ।
ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅੱਜ ਇੱਕ ਲਹਿਰ ਚਲਾਉਣ ਦੀ ਲੋੜ ਹੈ । ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਾਤਾਵਰਣ ਦੀ ਸ਼ੁੱਧਤਾ ਲਈ ਸੈਮੀਨਾਰ ਲਗਾਉਣੇ ਚਾਹੀਦੇ ਹਨ । ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬੇਹੱਦ ਲੋੜ ਹੈ । ਹਵਾ ਪ੍ਰਦੂਸ਼ਣ ਰੋਕਣ ਲਈ ਕੇਂਦਰ ਨੂੰ ਸੂਬਾ ਸਰਕਾਰਾ ਨਾਲ ਮਿਲਕੇ ਠੋਸ ਨੀਤੀ ਉਲੀਕਣੀ ਚਾਹੀਦੀ ਹੈ । ਪ੍ਰਦੂਸ਼ਣ ਘੱਟ ਜਾਂ ਜ਼ਿਆਦਾ ਹੁੰਦਾ ਰਹਿੰਦਾ ਹੈ ਪਰ ਇਹ ਪੂਰਾ ਸਾਲ ਮੌਜੂਦ ਰਹਿਣ ਵਾਲਾ ਮਸਲਾ ਹੈ । ਪ੍ਰਦੂਸ਼ਣ ’ਤੇ ਲਗਾਮ ਕੱਸਣ ਦੀ ਚਿੰਤਾ ਹਰ ਸਮੇਂ ਕੀਤੀ ਜਾਣੀ ਚਾਹੀਦੀ ਹੈ ਕਿਉਂਕ ਹਵਾ ਪ੍ਰਦੂਸ਼ਣ ਕਿਸੇ ਸੂਬੇ ਵਿਸ਼ੇਸ਼ ਦਾ ਮਸਲਾ ਨਹੀਂ ਹੈ । ਇਸ ਲਈ ਸਾਰੀਆਂ ਸਰਕਾਰਾਂ ਨੂੰ ਇਕ ਜੁੱਟ ਹੋ ਕੇ ਸਿੱਝਣਾ ਹੋਵੇਗਾ ।
ਪ੍ਰਦੂਸ਼ਣ ਦੀ ਸਮੱਸਿਆਂ ਦੇ ਹੱਲ ਲਈ ਸੁਚੱਜੀ ਯੋਜਨਾਬੰਦੀ ਦੇ ਨਾਲ-ਨਾਲ ਦਿ੍ਰੜ੍ਹਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ । ਦੀਵਾਲੀ ਮਨਾਉਣ ਲਈ ਵੀ ਹੁਣ ਪਟਾਕੇ ਤੇ ਆਤਿਸ਼ਬਾਜੀ ਨਹੀਂ ਚਲਾਈ ਜਾਣੀ ਚਾਹੀਦੀ । ਵੱਖ-ਵੱਖ ਧਰਮਾਂ ਦੇ ਮੁੱਖੀਆਂ ਨੂੰ ਇਸ ਸੰਬੰਧੀ ਅਪੀਲ ਕਰਨੀ ਚਾਹੀਦੀ ਹੈ । ਕਿਸਾਨਾਂ ਦੀ ਤਕਨੀਕੀ ਤੇ ਹੋਰ ਢੰਗਾਂ ਨਾਲ ਸਰਕਾਰਾਂ ਵੱਲੋਂ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ । ਖ਼ੁਦ ਕਿਸਾਨਾਂ ਨੂੰ ਵੀ ਅੱਗੇ ਆ ਕੇ ਇਸ ਮਸਲੇ ਨੂੰ ਬੰਦ ਕਰਨਾ ਚਾਹੀਦਾ ਹੈ । ਇਸ ਵਿਚ ਹੀ ਸਭ ਦੀ ਭਲਾਈ ਹੈ । ਅਜਿਹੇ ਸਮੇਂ ਵਿੱਚ ਭਾਰਤ ਵਰਗੇ ਬੇਹੱਦ ਆਬਾਦੀ ਵਾਲੇ ਦੇਸ਼ ਨੂੰ ਹਵਾ ਪ੍ਰਦੂਸ਼ਣ ਦੇ ਪੱਖੋ ਬੇਹੱਦ ਸੁਚੇਤ ਹੋ ਕੇ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੋਵੇਗੀ । ਇਸ ਪੱਖੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਵਿੱਚ ਪਾਰਦਰਸ਼ਤਾ ਦੇ ਨਾਲ-ਨਾਲ ਵੱਡਾ ਜ਼ਾਬਤਾ ਅਤੇ ਇਮਾਨਦਾਰੀ ਦਾ ਹੋਣਾ ਬੇਹੱਦ ਜ਼ਰੂਰੀ ਹੈ । ਅਜਿਹੀ ਭਾਵਨਾ ਅਤੇ ਅਮਲਾਂ ਨਾਲ ਹੀ ਦੇਸ਼ ਦੇ ਲੋਕ ਸਾਹ ਲੈਣ ਜੋਗੇ ਰਹਿ ਸਕਣਗੇ ਅਤੇ ਆਪਣੀ ਉਮਰ ਦੇ ਸਫ਼ਰ ਵਿੱਚ ਚਾਰ ਕਦਮ ਹੋਰ ਵੀ ਵਧੇਰੇ ਤੁਰ ਸਕਣਗੇ।