Monday, June 16, 2025  

ਲੇਖ

“ਤੰਬਾਕੂ ਦੀ ਆਦਤ ਮੌਤ ਨੂੰ ਸੱਦਾ

June 03, 2025

31ਮਈ -ਡਾ. ਪ੍ਰਭਦੀਪ ਸਿੰਘ ਚਾਵਲਾ

ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਨੌਜਵਾਨ ਅਤੇ ਛੋਟੀ ਉਮਰ ਦੇ ਬੱਚੇ ਹਨ, ਤੰਬਾਕੂ ਕੰਪਨੀਆਂ ਬੱਚਿਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਬਜ਼ਾਰਾਂ ਵਿੱਚ ਅਨੇਕਾਂ ਤਰ੍ਹਾਂ ਦੇ ਰੰਗ-ਬਰੰਗੇ ਅਤੇ ਖੁਸ਼ਬੂਦਾਰ ਉਤਪਾਦ ਭੇਜ ਰਹੀਆਂ ਹਨ, ਇਹਨਾਂ ਕੰਪਨੀਆਂ ਦੀਆਂ ਚਾਲਾਂ ਨੂੰ ਬੇਨਕਾਬ ਕਰਕੇ, ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਉਤਪਾਦਾਂ ਤੋਂ ਦੂਰ ਰੱਖਣਾ ਇੱਕ ਬਹੁਤ ਵੱਡੀ ਚਣੌਤੀ ਹੈ। ਤੰਬਾਕੂ ਨੂੰ ਹੌਲੀ ਰਫ਼ਤਾਰ ਵਾਲਾ ਜ਼ਹਿਰ ਕਿਹਾ ਜਾਂਦਾ ਹੈ ਕਿਉਂਕਿ ਇਹ ਸਮੇਂ ਤੋਂ ਪਹਿਲਾਂ ਮੌਤ ਵੱਲ ਧੱਕਦਾ ਹੈ।
ਵਿਸ਼ਵ ਪੱਧਰ ’ਤੇ 13-15 ਸਾਲ ਦੀ ਉਮਰ ਦੇ ਕਰੀਬ 37 ਮਿਲੀਅਨ ਬੱਚੇ ਤੰਬਾਕੂ ਦੀ ਵਰਤੋਂ ਕਰਦੇ ਹਨ। ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਨਾਲ 1.3 ਮਿਲੀਅਨ ਮੌਤਾਂ ਹੁੰਦੀਆਂ ਹਨ ਜੋ ਕਿ ਪ੍ਰਤੀ ਦਿਨ 3500 ਮੌਤਾਂ ਹਨ, ਜਿਸ ਨਾਲ ਬਹੁਤ ਸਾਰੇ ਸਮਾਜਿਕ-ਆਰਥਿਕ ਬੋਝ ਪੈਂਦੇ ਹਨ। ਮੌਤ ਅਤੇ ਬਿਮਾਰੀਆਂ ਦੇ ਇਲਾਵਾ, ਤੰਬਾਕੂ ਦੇਸ਼ ਦੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਦੇ ਅਨੁਸਾਰ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਆਰਥਿਕ ਬੋਝ 1.77 ਲੱਖ ਕਰੋੜ ਰੁਪਏ ਹੈ, ਜੋ ਜੀਡੀਪੀ ਦਾ ਲਗਭਗ 1 ਪ੍ਰਤੀਸ਼ਤ ਹੈ। 2003 ਵਿੱਚ ਤੰਬਾਕੂ ਨਿਯੰਤਰਣ ਸੰਬੰਧੀ ਵਿਆਪਕ ਕਾਨੂੰਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-ਕੋਪਟਾ-2003 ਲਿਆਂਦਾ ਗਿਆ, ਜਿਸ ਦਾ ਉਦੇਸ਼ ਜਨਤਕ ਥਾਵਾਂ ਅਤੇ ਸਥਾਨਾਂ ਨੂੰ ਤੰਬਾਕੂਨੋਸ਼ੀ ਰਹਿਤ ਕਰਨਾ ਹੈ ਅਤੇ ਤੰਬਾਕੂ ਦੇ ਇਸ਼ਤਿਹਾਰਾਂ ’ਤੇ ਪਾਬੰਦੀ ਹੈ। ਪਰ ਇਸ ਦੇ ਬਾਵਜੂਦ ਵੀ ਭਾਰੀ ਗਿਣਤੀ ਵਿੱਚ ਨੌਜਵਾਨਾਂ ਦਾ ਤੰਬਾਕੂ ਦੀ ਵਰਤੋਂ ਵੱਲ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ।

ਸਾਡੇ ਸ਼ਹਿਰ ਦਾ ਸ਼ਾਇਦ ਹੀ ਕੋਈ ਮੁੱਖ ਚੌਕ, ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਕਚਿਹਰੀ ਰੋਡ ਹੋਵੇ ਜਿਸ ਦੇ ਨੇੜੇ ਕੋਈ ਤੰਬਾਕੂ ਉਤਪਾਦਾਂ ਦੀ ਧੜੱਲੇ ਨਾਲ ਵਿਕਰੀ ਕਰਦਾ ਖੋਖਾ ਜਾਂ ਫੜੀ ਵਗੈਰਾ ਨਾ ਹੋਵੇ, ਇਨ੍ਹਾਂ ਰਸਤਿਆਂ ਤੋਂ ਹੀ ਰੋਜ਼ਾਨਾ ਸਾਡੇ ਸਕੂਲ-ਕਾਲਜ, ਬਜ਼ਾਰ ਜਾਂਦੇ ਛੋਟੀ ਉਮਰ ਦੇ ਬੱਚੇ ਸੁਗੰਧ ਬਿਖੇਰਦੀਆਂ ਰੰਗ-ਬਰੰਗੀਆਂ ਤੰਬਾਕੂ ਦੀਆਂ ਪੁੜੀਆਂ ਅਤੇ ਸਿਗਰਟ ਪੀਦੇਂ-ਮੂੰਹ ਵਿੱਚੋਂ ਧੂਆਂ ਕੱਢਦੇ ਲੋਕਾਂ ਨੂੰ ਬੜੇ ਗੌਰ ਨਾਲ ਤੱਕਦੇ ਹਨ, ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਵੀ ਇਹੀ ਨਵੀਂ ਪੀੜ੍ਹੀ ਹੈ, ਜਿਸ ਨੂੰ ਗ੍ਰਾਹਕ ਬਣਾਉਣ ਲਈ ਹਰ ਢੰਗ-ਤਰੀਕਾ ਅਖਤਿਆਰ ਕੀਤਾ ਜਾ ਰਿਹਾ ਹੈ। ਹਰੇਕ ਫ਼ਿਲਮ-ਸੀਰਜ਼ ਵਿੱਚ ਹਰ ਦੱਸ ਮਿੰਟਾਂ ਬਾਅਦ ਸਿਗਰਟ ਦਾ ਧੂਆਂ ਉਡਾਉਣ ਅਤੇ ਸ਼ਰਾਬ ਪੀਣ ਦਾ ਦਿ੍ਰਸ਼ ਸ਼ਾਮਲ ਕਰਨ ਪਿੱਛੇ ਵੀ ਕੋਈ ਵੱਡਾ ਹੱਥ ਹੀ ਲੱਗਦਾ ਜਾਪਦੈ, ਹੋਰ ਤਾਂ ਹੋਰ ਸਿਗਰਟ ਨੂੰ ਬਾਲ-ਪੈਨ ਵਿੱਚ ਸਿੱਕੇ ਦੀ ਜਗਾ ਬੰਦ ਕਰਕੇ ਛੋਟੀਆਂ ਦੁਕਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਕਈ ਤੰਬਾਕੂ ਉਤਪਾਦ ਤਾਂ ਗ੍ਰਾਹਕਾਂ ਨੂੰ ਇਸ ਤਰ੍ਹਾਂ ਪਰੋਸੇ ਜਾ ਰਹੇ ਹਨ ਕਿ ਛਾਪੇਮਾਰੀ ਟੀਮ ਨੂੰ ਵੀ ਉਹਨਾਂ ਉਤਪਾਦਾਂ ਨੂੰ ਪਹਿਚਾਨਣਾ ਮੁਸ਼ਕਲ ਹੋ ਜਾਂਦਾ ਹੈ, ਪਰ ਆਮ ਲੋਕਾਂ ਦੀ ਜ਼ੁਬਾਨ ’ਤੇ ਤਾਂ ਇੱਕੋ ਸਵਾਲ ਹੈ ਕਿ ਸਰਕਾਰਾਂ ਤੰਬਾਕੂ ਕੰਪਨੀਆਂ ਕਿਉਂ ਨਹੀਂ ਬੰਦ ਕਰਦੀਆਂ?

ਕਿਹਾ ਜਾਂਦਾ ਹੈ ਕਿ ਨਸ਼ਿਆਂ ਦੀ ਦੁਨੀਆਂ ਦੀ ਐਂਟਰੀ ਦੀ ਪਹਿਲੀ ਪੌੜੀ ਤੰਬਾਕੂ ਹੈ। ਪੰਜਾਬ ਨੂੰ ਤੰਬਾਕੂ ਰਹਿਤ ਸੂੂਬਾ ਬਣਾਉਣ ਲਈ ਸਰਕਾਰ, ਸਿਹਤ ਵਿਭਾਗ ਅਤੇ ਕਈ ਸਮਾਜਸੇਵੀ ਸੰਸਥਾਵਾਂ ਯਤਨਸ਼ੀਲ ਹਨ। ਪਰ ਪੰਜਾਬ ਵਿੱਚ ਤੰਬਾਕੂ ਦਾ ਪ੍ਰਯੋਗ ਕਰਨ ਦਾ ਰੁਝਾਨ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ।
ਤੰਬਾਕੂ ਦੇ ਹਾਨੀਕਾਰਕ ਪ੍ਰਭਾਵ ਅਤੇ ਤੰਬਾਕੂ ਤੋਂ ਬਚੇ ਰਹਿਣ ਲਈ ਜ਼ਰੂਰਤ ਉੱਤੇ ਜਿੰਨੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ, ਉਨਾਂ ਨਹੀਂ ਦਿੱਤਾ ਜਾ ਰਿਹਾ। ਸੂਬੇ ਵਿੱਚ ਤੰਬਾਕੂ ਦੇ ਇਸਤੇਮਾਲ ਕਰਨ ਵਿਚ ਭਾਵੇਂ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ ਪਰ ਹੁਣ ਛੋਟੀ ਉਮਰ ਵਰਗ ਦੇ ਨੌਜਵਾਨਾਂ ਤੇ ਬੱਚਿਆਂ ਦਾ ਤੰਬਾਕੂ ਪ੍ਰਯੋਗ ਕਰਨਾ ਪੰਜਾਬ ਲਈ ਖ਼ਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ, ਹੁਣ ਤਾਂ ਕਈ ਜਗਾ ਤੰਬਾਕੂ ਉਤਪਾਦਾਂ ਦੀ ਵਿਕਰੀ ਖੁੱਲ੍ਹੇਆਮ ਹੋ ਰਹੀ ਹੈ, ਦੋ-ਪਹੀਆ ਵਾਹਨਾਂ ਤੇ ਤੰਬਾਕੂ ਉਤਪਾਦਾਂ ਦੇ ਥੈਲੇ ਭਰ-ਭਰ ਕਿ ਛੋਟੇ-ਛੋਟੇ ਪਿੰਡਾਂ ਤੇ ਮੁਹੱਲਿਆਂ ਤੱਕ ਸਪਲਾਈ ਕਰਨਾ ਹੁਣ ਆਮ ਜਿਹੀ ਗੱਲ ਨਜ਼ਰ ਆ ਰਹੀ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਪਲਾਈ ਵਿੱਚ ਗ਼ੈਰ-ਕਾਨੂੰਨੀ ਤੰਬਾਕੂ ਉਤਪਾਦ ਸ਼ਾਮਲ ਹਨ ਜਿਨ੍ਹਾਂ ’ਤੇ ਕੋਈ ਚੇਤਾਵਨੀ ਵੀ ਪ੍ਰਦਰਸ਼ਿਤ ਨਹੀਂ ਕੀਤੀ ਗਈ, ਪਰ ਅਜਿਹੇ ਸਪਲਾਇਰਾਂ ਦੇ ਵਿਰੁੱਧ ਕਾਰਵਾਈ ਨਹੀਂ ਹੋ ਰਹੀ ਤਾਂ ਉਹ ਪੁਲਿਸ, ਟਰਾਂਸਪੋਰਟ ਵਿਭਾਗ, ਸਿਹਤ ਵਿਭਾਗ ਜਾਂ ਫੂਡ ਸੇਫਟੀ, ਸਥਾਨਕ ਸਰਕਾਰਾਂ ਅਤੇ ਨਾਪ-ਤੋਲ ਵਰਗੇ ਹੋਰ ਸਬੰਧਿਤ ਵਿਭਾਗਾਂ ਦੀ ਆਪਸੀ ਤਾਲਮੇਲ ਵਿੱਚ ਵੱਡੀ ਕਮੀ ਦਾ ਹੋਣਾ ਹੀ ਜਾਪਦਾ ਹੈ। ਵਧਾਈ ਦੇ ਪਾਤਰ ਹਨ ਉਹ ਪਿੰਡ-ਸ਼ਹਿਰ ਜਿਨ੍ਹਾਂ ਨੇ “ਪੰਜਾਬ ਤੰਬਾਕੂ ਮੁਕਤ ਮੁਹਿੰਮ” ’ਤੇ ਪਹਿਰਾ ਦਿੱਤਾ ਹੈ ਤੇ ਤੰਬਾਕੂ ਰਹਿਤ ਪਿੰਡ ਘੋਸ਼ਿਤ ਹੋ ਕੇ ਇੱਕ ਮਿਸਾਲ ਕਾਇਮ ਕੀਤੀ ਹੈ।

ਲੋੜ ਹੈ ਸਰਕਾਰੀ ਵਿਭਾਗਾਂ ’ਚ ਆਪਸੀ ਤਾਲਮੇਲ ਬਠਾਉਣ ਦੀ, ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦੇਣ ਦੀ, ਤੰਬਾਕੂ ਸਟੋਰ ਕਰਨ, ਵੇਚਣ ਅਤੇ ਸਪਲਾਈ ਕਰਨ ਸਬੰਧੀ ਕਾਨੂੰਨ-ਨਿਯਮਾਂ ਵਿੱਚ ਸੋਧ ਕਰਨ ਦੀ। ਤੰਬਾਕੂ ਨਿਯੰਤਰਣ ਨੂੰ ਇੱਕ ਮਿਸ਼ਨ ’ਤੇ ਸਮਾਜਿਕ ਲਹਿਰ ਬਣਾਇਆ ਜਾਵੇ, ਸਮਰਪਿਤ ਯਤਨਾਂ ਅਤੇ ਲੋਕ ਜਾਗਰੂਕਤਾ ਮੁਹਿੰਮ ਤਹਿਤ ਸਾਡੇ ਬੱਚਿਆਂ ਨੂੰ ਅਜਿਹੀ ਤਾਲੀਮ ਦਿੱਤੀ ਜਾਵੇ ਕਿ ਉਹ ਤੰਬਾਕੂ ਉਦਪਾਦਾਂ ਦੀ ਵਰਤੋ ਨਾਲ ਹੋਣ ਵਾਲੇ ਨੁਕਸਾਨ ਨੂੰ ਭਲੀ-ਭਾਂਤ ਸਮਝ ਜਾਣ, ਚੰਗੇ-ਬੁਰੇ ਦੀ ਪਹਿਚਾਣ ਕਰ ਸਕਣ ਅਤੇ ਉਨਾਂ ਨੂੰ ਵਰਗਲਾਉਣ ਵਾਲੀਆਂ ਦੁਸ਼ਟ ਚਾਲਾਂ ਨੂੰ ਉਹ ਬੇਨਕਾਬ ਕਰ ਸਕਣ। ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ, ਚੰਗੇ ਰਾਹ ਪਾਉਣ ਲਈ ਬੱਸ ਚਾਹੀਦਾ ਹੈ ਤੁਹਾਡਾ ਸਾਥ, ਆਓ ਵੱਧ ਤੋਂ ਵੱਧ ਲੋਕਾਂ ਨੂੰ ਤੰਬਾਕੂ ਦੇ ਦੁਸ਼ ਪ੍ਰਭਾਵਾਂ ਪ੍ਰਤੀ ਜਾਗਰੂਕ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਮੁਕਤ ਬਣਾਈਏੇ।

ਤੰਬਾਕੂ ਵਿੱਚ ਪਾਏ ਜਾਣ ਵਾਲੇ ਤੱਤ ਨਿਕੋਟੀਨ ਦੀ, ਨਸ਼ੇ ਦੀ ਲਤ ਲਗਾਣ ਦੀ ਸਮਰੱਥਾ ਅਫ਼ੀਮ ਜਾ ਕੋਕੀਨ ਤੋਂ ਜ਼ਿਆਦਾ ਹੈ ਜਿਸ ਕਾਰਨ ਲੋਕ ਇਸ ਦੇੇ ਆਦੀ ਹੋ ਜਾਂਦੇ ਹਨ ਅਤੇ ਫਿਰ ਉਹ ਹੋਰ ਤਰ੍ਹਾਂ-ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਨਿਕੋਟੀਨ ਦੀ ਵਰਤੋਂ ਤੰਬਾਕੂ ਵਿੱਚ ਕਈ ਤਰ੍ਹਾਂ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਬੀੜੀ, ਸਿਗਰਟ, ਸਿਗਾਰ, ਚਿਲਮ, ਪਾਨ, ਜਰਦਾ-ਖੈਨੀ, ਗੁਟਖਾ ਤੰਬਾਕੂ ਉਤਪਾਦ ਆਮ ਪ੍ਰਯੋਗ ਦੇ ਤਰੀਕੇ ਹਨ। ਪਰ ਯਾਦ ਰੱਖੋ ਤੰਬਾਕੂ ਕੈਂਸਰ ਦਾ ਘਰ ਹੈ।
ਤੰਬਾਕੂ ਦਾ ਇਸਤੇਮਾਲ ਸਿਰਫ਼ ਇੱਕ ਬੁਰੀ ਆਦਤ ਹੈ। ਤੰਬਾਕੂ ਛੱਡਣਾ ਸਿਰਫ ਇੱਛਾ ਸ਼ਕਤੀ ਦੀ ਗੱਲ ਹੈ, ਤੰਬਾਕੂ ਛੱਡਣਾ ਮੁਸ਼ਕਿਲ ਜ਼ਰੂਰ ਹੈ ਪਰ ਅਕਸਰ ਲੋਕ ਦੋ ਜਾਂ ਉਸ ਤੋਂ ਜ਼ਿਆਦਾ ਕੋਸ਼ਿਸ਼ ਕਰਨ ਤੇ ਛੱਡਣ ਵਿੱਚ ਸਫ਼ਲ ਹੋ ਜਾਂਦੇ ਹਨ। ਇਕ ਝਟਕੇ ਨਾਲ ਛੱਡਣਾ ਜ਼ਿਆਦਾ ਪ੍ਰਭਾਵੀ ਤਰੀਕਾ ਹੈ। ਪ੍ਰਭਾਵੀ ਤਰੀਕਿਆਂ ਵਿੱਚ ਕਾਉਂਸਲਿੰਗ ਅਤੇ ਨਿਕੋਟਿਨ ਰਿਪਲੇਸਮਂੈਟ ਥਰੈਪੀ ਜਿਵੇਂ ਨਿਕੋਟੀਨ ਪੈਚ ਆਦਿ ਵੀ ਹਨ। ਤੰਬਾਕੂ ਛੱਡਣ ਦਾ ਅੱਜ ਹੀ ਕਰੋ ਤਹੱਈਆ ਅਤੇ ਆਪਣੇ ਨੇੜੇ ਦੇ ਸਿਹਤ ਕੇਂਦਰ ਤੇ ਨਸ਼ਾ ਛੁਡਾਊ ਕੇਂਦਰ ਜਾਂ ਤੰਬਾਕੂ ਕੰਟਰੋਲ ਸੈੱਲ ਨਾਲ ਸਪੰਰਕ ਕਰੋ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ